[1] ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਕਿਉਂ ਜੋ ਉਹ ਨੇ ਅਚਰਜ਼ ਕੰਮ ਕੀਤੇ ਹਨ, ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫ਼ਤਹ ਪਾਈ ਹੈ।
[2] ਯਹੋਵਾਹ ਨੇ ਆਪਣੀ ਫ਼ਤਹ ਪਰਗਟ ਕੀਤੀ ਹੈ, ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ।
[3] ਉਹ ਨੇ ਆਪਣੀ ਦਯਾ ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫ਼ਤਹ ਨੂੰ ਡਿੱਠਾ ਹੈ।
[4] ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ,
[5] ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ, ਰਸੀਲੇ ਸੁਰ ਨਾਲ ਬਰਬਤ ਵਜਾ ਕੇ
[6] ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ।
[7] ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ, ਜਗਤ ਅਤੇ ਉਹ ਦੇ ਵਾਸੀ ਵੀ।
[8] ਨਦੀਆਂ ਤਾਲ ਦੇਣ, ਪਰਬਤ ਰਲ ਕੇ ਜੈ ਜੈ ਕਾਰ ਕਰਨ,
[9] ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ।