[1] ਹੇ ਯਹੋਵਾਹ, ਦਾਊਦ ਨੂੰ ਚੇਤੇ ਰੱਖ, ਉਹ ਦੇ ਸਾਰੇ ਦੁੱਖ,
[2] ਜਿਸ ਨੇ ਯਹੋਵਾਹ ਦੀ ਸਹੁੰ ਖਾਧੀ, ਅਤੇ ਯਾਕੂਬ ਦੇ ਸ਼ਕਤੀਮਾਨ ਲਈ ਸੁੱਖਣਾ ਸੁੱਖੀ,
[3] ਕਿ ਮੈਂ ਜ਼ਰੂਰ ਆਪਣੇ ਘਰੇਲੂ ਤੰਬੂ ਵਿੱਚ ਨਾ ਜਾਂਵਾਂਗਾ, ਨਾ ਆਪਣੇ ਪਲੰਘ ਦੇ ਵਿਛਾਉਣੇ ਉੱਤੇ ਚੜ੍ਹਾਂਗਾ,
[4] ਨਾ ਆਪਣੀਆਂ ਅੱਖਾਂ ਨੂੰ ਨੀਂਦ, ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,
[5] ਜਦ ਤੱਕ ਮੈਂ ਯਹੋਵਾਹ ਲਈ ਕੋਈ ਥਾਂ ਨਾ ਲੱਭਾਂ, ਅਤੇ ਯਾਕੂਬ ਦੇ ਸ਼ਕਤੀਮਾਨ ਲਈ ਕੋਈ ਡੇਰਾ!
[6] ਵੇਖ, ਅਸੀਂ ਅਫਰਾਥਾਹ ਵਿੱਚ ਉਹ ਦੀ ਖ਼ਬਰ ਸੁਣੀ, ਉਹ ਸਾਨੂੰ ਯਾਅਰ ਦੀ ਮੈਦਾਨ ਵਿੱਚ ਲੱਭ ਪਿਆ।
[7] ਅਸੀਂ ਯਹੋਵਾਹ ਦੇ ਡੇਰੇ ਨੂੰ ਜਾਈਏ, ਅਸੀਂ ਉਹ ਦੇ ਪੈਰਾਂ ਦੀ ਚੌਂਕੀ ਅੱਗੇ ਮੱਥਾ ਟੇਕੀਏ।
[8] ਹੇ ਯਹੋਵਾਹ, ਉੱਠ, ਆਪਣੇ ਵਿਸ਼ਰਾਮ ਸਥਾਨ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ!
[9] ਤੇਰੇ ਜਾਜਕ ਧਰਮ ਦਾ ਲਿਬਾਸ ਪਾਉਣ, ਅਤੇ ਤੇਰੇ ਸੰਤ ਜੈਕਾਰੇ ਗਜਾਉਣ,
[10] ਆਪਣੇ ਦਾਸ ਦਾਊਦ ਦੇ ਕਾਰਨ, ਆਪਣੇ ਮਸਹ ਕੀਤੇ ਹੋਏ ਦਾ ਮੂੰਹ ਨਾ ਮੋੜ!
[11] ਯਹੋਵਾਹ ਨੇ ਦਾਊਦ ਨਾਲ ਸੱਚੀ ਸਹੁੰ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, ਕਿ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ,
[12] ਜੇ ਤੇਰੀ ਅੰਸ ਮੇਰੇ ਨੇਮ ਤੇ ਮੇਰੀ ਸਾਖੀ ਦੀ, ਜੋ ਮੈਂ ਉਨ੍ਹਾਂ ਨੂੰ ਸਿਖਾਵਾਂਗਾ ਪਾਲਣਾ ਕਰੇ, ਤਾਂ ਉਨ੍ਹਾਂ ਦੀ ਅੰਸ ਵੀ ਜੁੱਗੋ-ਜੁੱਗ ਤੇਰੀ ਰਾਜ ਗੱਦੀ ਉੱਤੇ ਬੈਠੇਗੀ।
[13] ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹ ਨੇ ਆਪਣੇ ਵਸੇਬੇ ਲਈ ਉਹ ਨੂੰ ਪਸੰਦ ਕੀਤਾ।
[14] ਇਹ ਸਦਾ ਲਈ ਵਿਸ਼ਰਾਮ ਹੋਵੇਗਾ, ਮੈਂ ਏਥੇ ਵੱਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ।
[15] ਮੈਂ ਉਹ ਦੇ ਰਿਜ਼ਕ ਵਿੱਚ ਕਾਫ਼ੀ ਬਰਕਤ ਦਿਆਂਗਾ, ਅਤੇ ਉਹ ਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ।
[16] ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪੁਆਵਾਂਗਾ, ਤੇ ਉਹ ਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ!
[17] ਉੱਥੇ ਮੈਂ ਦਾਊਦ ਲਈ ਇੱਕ ਸਿੰਗ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ।
[18] ਉਹ ਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪੁਆਵਾਂਗਾ, ਪਰ ਉਸ ਦਾ ਰਾਜ ਚਮਕੇਗਾ।