Skip to content
Opens in a new window
Listen to this chapter • 18:14

[1] ਧੰਨ ਓਹ ਹਨ ਜਿਹੜੇ ਨਿਰਦੋਸ਼ ਮਾਰਗ ਤੇ ਚਲਦੇ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਅਨੁਸਾਰ ਚੱਲਦੇ ਹਨ!

[2] ਧੰਨ ਓਹ ਹਨ ਜਿਹੜੇ ਇਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਤਨੋ ਮਨੋ ਉਹ ਨੂੰ ਭਾਲਦੇ ਹਨ!

[3] ਓਹ ਤਾਂ ਬਦੀ ਨਹੀਂ ਕਰਦੇ, ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ।

[4] ਤੂੰ ਸਾਨੂੰ ਆਪਣੇ ਫ਼ਰਮਾਨਾਂ ਦਾ ਹੁਕਮ ਦਿੱਤਾ, ਕਿ ਅਸੀਂ ਮਨ ਲਾ ਕੇ ਉਨ੍ਹਾਂ ਦੀ ਪਾਲਣਾ ਕਰੀਏ।

[5] ਕਾਸ਼ ਕਿ ਮੇਰੀ ਚਾਲ ਤੇਰੀਆਂ ਬਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ!

[6] ਜਦ ਮੈਂ ਤੇਰੇ ਹੁਕਮਾਂ ਉੱਤੇ ਗੌਰ ਕਰਾਂਗਾ, ਤਦ ਮੈਂ ਲੱਜਿਆਵਾਨ ਨਾ ਹੋਵਾਂਗਾ।

[7] ਜਦ ਮੈਂ ਤੇਰਿਆਂ ਸੱਚਿਆਂ ਨਿਆਂਵਾਂ ਨੂੰ ਸਿੱਖ ਲਵਾਂਗਾ, ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ।

[8] ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਾਂਗਾ, ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇ!

[9] ਜੁਆਨ ਕਿੱਦਾਂ ਆਪਣੀ ਚਾਲ ਨੂੰ ਸੁੱਧ ਰੱਖੇ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।

[10] ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ, ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ!

[11] ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ।

[12] ਹੇ ਯਹੋਵਾਹ, ਤੂੰ ਮੁਬਾਰਕ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ!

[13] ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਮੂੰਹ ਦੇ ਸਾਰੇ ਨਿਆਂਵਾਂ ਦਾ ਨਿਰਣਾ ਕੀਤਾ।

[14] ਮੈਂ ਤੇਰੀਆਂ ਸਾਖੀਆਂ ਦੇ ਰਾਹ ਵਿੱਚ ਖੁਸ਼ ਰਿਹਾ, ਜਿਵੇਂ ਸਾਰੀ ਦੌਲਤ ਉੱਤੇ।

[15] ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਹੋਵਾਂਗਾ, ਅਤੇ ਤੇਰੇ ਮਾਰਗਾਂ ਉੱਤੇ ਗੌਰ ਕਰਾਂਗਾ।

[16] ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ, ਮੈਂ ਤੇਰੇ ਬਚਨ ਨੂੰ ਨਹੀਂ ਵਿਸਰਾਂਗਾ।

[17] ਆਪਣੇ ਸੇਵਕ ਉੱਤੇ ਉਪਕਾਰ ਕਰ ਕਿ ਮੈਂ ਜਿਉਂਦਾ ਰਹਾਂ, ਤੇ ਤੇਰੇ ਬਚਨ ਦੀ ਪਾਲਣਾ ਕਰਾਂ।

[18] ਮੇਰੀਆਂ ਅੱਖਾਂ ਖੋਲ੍ਹ, ਕਿ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ ਨੂੰ ਵੇਖਾਂ!

[19] ਮੈਂ ਧਰਤੀ ਉੱਤੇ ਪਰਦੇਸੀ ਹਾਂ, ਆਪਣੇ ਹੁਕਮ ਮੈਥੋਂ ਗੁਪਤ ਨਾ ਰੱਖ।

[20] ਮੇਰੀ ਜਾਨ ਹਰ ਵੇਲੇ ਤੇਰਿਆਂ ਨਿਆਂਵਾਂ ਦੀ ਤਾਂਘ ਵਿੱਚ ਟੁੱਟਦੀ ਹੈ।

[21] ਮੈਂ ਸਰਾਪੀ ਹੰਕਾਰੀਆਂ ਨੂੰ ਵਰਜਿਆ ਹੈ, ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ।

[22] ਮੇਰੇ ਉੱਤੋਂ ਨਿੰਦਿਆ ਤੇ ਨਫ਼ਰਤ ਦੂਰ ਕਰ, ਕਿਉਂ ਜੋ ਮੈਂ ਤੇਰੀਆਂ ਸਾਖੀਆਂ ਨੂੰ ਸੰਭਾਲਿਆ ਹੈ!

[23] ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ, ਪਰ ਤੇਰਾ ਸੇਵਕ ਤੇਰੀਆਂ ਬਿਧੀਆਂ ਵਿੱਚ ਲੀਨ ਰਹੇਗਾ।

[24] ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ, ਅਤੇ ਮੇਰੇ ਲਈ ਸਲਾਹਕਾਰ ਹਨ।

[25] ਮੇਰੀ ਜਾਨ ਖਾਕ ਵਿੱਚ ਰਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਜਿਵਾਲ!

[26] ਮੈਂ ਆਪਣੀ ਚਾਲ ਨੂੰ ਪਰਗਟ ਕੀਤਾ ਅਤੇ ਤੂੰ ਮੈਨੂੰ ਉੱਤਰ ਦਿੱਤਾ, ਆਪਣੀਆਂ ਬਿਧੀਆਂ ਮੈਨੂੰ ਸਿਖਲਾ!

[27] ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ, ਤਾਂ ਮੈਂ ਤੇਰੇ ਅਚਰਜ਼ ਸਿਖਿਆਵਾਂ ਉੱਤੇ ਧਿਆਨ ਲਾਵਾਂਗਾ।

[28] ਮੇਰੀ ਜਾਨ ਉਦਾਸੀ ਦੇ ਕਾਰਨ ਢੱਲ਼ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ੍ਹ ਕਰ!

[29] ਝੂਠ ਦਾ ਰਾਹ ਮੈਥੋਂ ਦੂਰ ਕਰ, ਅਤੇ ਆਪਣੀ ਬਿਵਸਥਾ ਦਯਾ ਨਾਲ ਮੈਨੂੰ ਬਖਸ਼ ਦੇ!

[30] ਮੈਂ ਵਫ਼ਾਦਾਰੀ ਦਾ ਰਾਹ ਚੁਣ ਲਿਆ ਹੈ, ਮੈਂ ਤੇਰਿਆਂ ਨਿਆਂਵਾਂ ਨੂੰ ਆਪਣੇ ਸਨਮੁਖ ਰੱਖਿਆ।

[31] ਮੈਂ ਤੇਰੀਆਂ ਸਾਖੀਆਂ ਨੂੰ ਫੜ ਛੱਡਿਆ ਹੈ, ਹੇ ਯਹੋਵਾਹ, ਮੈਨੂੰ ਲੱਜਿਆਵਾਨ ਨਾ ਕਰ!

[32] ਜਦ ਤੂੰ ਮੇਰੇ ਮਨ ਨੂੰ ਵਧਾਵੇਂਗਾ, ਤਦ ਮੈ ਤੇਰੇ ਹੁਕਮਾਂ ਦੇ ਮਾਰਗ ਉੱਤੇ ਦੌੜਿਆ ਜਾਂਵਾਂਗਾ!

[33] ਹੇ ਯਹੋਵਾਹ, ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ, ਤਾਂ ਮੈਂ ਅੰਤ ਤੱਕ ਉਹ ਨੂੰ ਸੰਭਾਲੀ ਰੱਖਾਂਗਾ।

[34] ਮੈਨੂੰ ਸਮਝ ਦੇ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਣਾ ਕਰਾਂਗਾ।

[35] ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ!

[36] ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, ਨਾ ਕਿ ਲੋਭ ਵੱਲ,

[37] ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ!

[38] ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ, ਜਿਹੜਾ ਤੇਰੇ ਭੈਅ ਮੰਨਣ ਵਾਲਿਆਂ ਦੇ ਲਈ ਹੈ।

[39] ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੈਥੋਂ ਲੰਘਾ ਦੇ, ਤੇਰੇ ਨਿਆਂ ਭਲੇ ਹਨ!

[40] ਵੇਖ, ਤੇਰੇ ਫ਼ਰਮਾਨਾਂ ਲਈ ਲੋਚਿਆ ਹੈ, ਆਪਣੇ ਧਰਮ ਵਿੱਚ ਮੈਨੂੰ ਜਿਵਾਲ!

[41] ਹੇ ਯਹੋਵਾਹ, ਤੇਰੀ ਦਯਾ ਮੇਰੇ ਉੱਤੇ ਆਵੇ, ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ!

[42] ਤਾਂ ਮੈ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦਿਆਂਗਾ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ,

[43] ਅਤੇ ਮੇਰੇ ਮੂੰਹੋਂ ਸਚਿਆਈ ਦਾ ਬਚਨ ਮੂਲੋਂ ਹੀ ਖੋਹ ਨਾ ਲੈ, ਕਿਉਂ ਜੋ ਤੇਰੇ ਨਿਆਂਵਾਂ ਉੱਤੇ ਮੇਰੀ ਆਸ ਹੈ,

[44] ਤਾਂ ਮੈ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੱਕ ਪਾਲਣਾ ਕਰਾਂਗਾ,

[45] ਅਤੇ ਮੈਂ ਖੁੱਲਮਖੁੱਲਾ ਚੱਲਦਾ ਫਿਰਾਂਗਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ।

[46] ਮੈਂ ਪਾਤਸ਼ਾਹਾਂ ਦੇ ਸਨਮੁਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ, ਅਤੇ ਲੱਜਿਆਵਾਨ ਨਾ ਹੋਵਾਂਗਾ।

[47] ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ।

[48] ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ।

[49] ਆਪਣੇ ਸੇਵਕ ਲਈ ਉਹ ਬਚਨ ਚੇਤੇ ਕਰ, ਜਿਹ ਦੇ ਉੱਤੇ ਤੂੰ ਮੈਨੂੰ ਆਸ ਦੁਆਈ ਹੈ!

[50] ਇਹ ਹੀ ਮੇਰੇ ਦੁੱਖ ਵਿੱਚ ਮੇਰੀ ਤਸੱਲੀ ਹੈ, ਕਿ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ।

[51] ਹੰਕਾਰੀਆਂ ਨੇ ਮੈਨੂੰ ਠੱਠੇ ਵਿੱਚ ਬਹੁਤ ਉਡਾਇਆ ਹੈ, ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਾ ਹੋਇਆ।

[52] ਹੇ ਯਹੋਵਾਹ, ਮੈਂ ਤੇਰੇ ਪ੍ਰਾਚੀਨ ਨਿਆਂਵਾਂ ਨੂੰ ਚੇਤੇ ਰੱਖਿਆ ਹੈ, ਅਤੇ ਮੈਨੂੰ ਦਿਲਾਸਾ ਮਿਲਿਆ।

[53] ਮੇਰਾ ਗੁੱਸਾ ਭੱਖ ਉੱਠਿਆ ਹੈ, ਕਿ ਦੁਸ਼ਟ ਤੇਰੀ ਬਿਵਸਥਾ ਨੂੰ ਤਿਆਗ ਦਿੰਦੇ ਹਨ।

[54] ਤੇਰੀਆਂ ਬਿਧੀਆਂ ਮੇਰੇ ਮੁਸਾਫ਼ਰੀ ਦੇ ਘਰ ਵਿੱਚ ਮੇਰੇ ਭਜਨ ਸਨ।

[55] ਹੇ ਯਹੋਵਾਹ, ਮੈਂ ਰਾਤੀਂ ਤੇਰੇ ਨਾਮ ਨੂੰ ਚੇਤੇ ਕੀਤਾ ਹੈ, ਅਤੇ ਤੇਰੀ ਬਿਵਸਥਾ ਦੀ ਪਾਲਣਾ ਕੀਤੀ

[56] ਇਹ ਮੈਨੂੰ ਇਸ ਲਈ ਹੋਇਆ, ਕਿ ਮੈਂ ਤੇਰੇ ਫ਼ਰਮਾਨਾਂ ਨੂੰ ਸੰਭਾਲਿਆ ਹੈ।

[57] ਯਹੋਵਾਹ ਮੇਰਾ ਭਾਗ ਹੈ, ਮੈਂ ਆਖਿਆ, ਮੈਂ ਤੇਰਿਆਂ ਬਚਨਾਂ ਦੀ ਪਾਲਣਾ ਕਰਾਂਗਾ।

[58] ਮੈਂ ਆਪਣੇ ਸਾਰੇ ਦਿਲ ਨਾਲ ਤੇਰੇ ਦਰਸ਼ਣ ਲਈ ਬੇਨਤੀ ਕੀਤੀ ਹੈ, ਆਪਣੇ ਬਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ।

[59] ਮੈਂ ਆਪਣੇ ਚਾਲ-ਚਲਣ ਨੂੰ ਸੋਚਿਆ, ਅਤੇ ਆਪਣੇ ਪੈਰ ਤੇਰੀਆਂ ਸਾਖੀਆਂ ਵੱਲ ਫੇਰੇ ਹਨ।

[60] ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, ਕਿ ਤੇਰੇ ਹੁਕਮਾਂ ਦੀ ਪਾਲਣਾ ਕਰਾਂ।

[61] ਦੁਸ਼ਟਾਂ ਦੇ ਬੰਨਾਂ ਨੇ ਮੈਨੂੰ ਵਲ ਲਿਆ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ।

[62] ਤੇਰੇ ਧਰਮ ਦਿਆਂ ਨਿਆਂਵਾਂ ਦੇ ਕਾਰਨ, ਅੱਧੀ ਰਾਤ ਨੂੰ ਮੈਂ ਉੱਠ ਕੇ ਤੇਰਾ ਧੰਨਵਾਦ ਕਰਾਂਗਾ।

[63] ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈਅ ਰੱਖਦੇ ਹਨ, ਅਤੇ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਦੇ ਹਨ।

[64] ਹੇ ਯਹੋਵਾਹ, ਧਰਤੀ ਤੇਰੀ ਦਯਾ ਨਾਲ ਭਰੀ ਹੋਈ ਹੈ, ਆਪਣੀਆਂ ਬਿਧੀਆਂ ਮੈਨੂੰ ਸਿਖਲਾ!

[65] ਆਪਣੇ ਸੇਵਕ ਨਾਲ ਤੂੰ ਭਲਿਆਈ ਕੀਤੀ ਹੈ, ਹੇ ਯਹੋਵਾਹ, ਆਪਣੇ ਬਚਨ ਅਨੁਸਾਰ

[66] ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ।

[67] ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸੀ, ਪਰ ਹੁਣ ਮੈਂ ਤੇਰੇ ਬਚਨ ਦੀ ਪਾਲਣਾ ਕਰਦਾ ਹਾਂ।

[68] ਤੂੰ ਭਲਾ ਹੈਂ ਅਤੇ ਭਲਿਆਈ ਕਰਦਾ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ।

[69] ਹੰਕਾਰੀਆਂ ਨੇ ਮੇਰੇ ਉੱਤੇ ਝੂਠ ਥੱਪ ਛੱਡਿਆ ਹੈ, ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫ਼ਰਮਾਨਾਂ ਨੂੰ ਮੰਨਾਂਗਾ।

[70] ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ, ਪਰ ਮੈਂ ਤੇਰੀ ਬਿਵਸਥਾ ਵਿੱਚ ਖੁਸ਼ ਹਾਂ।

[71] ਮੇਰੇ ਲਈ ਭਲਾ ਕਿ ਮੈਂ ਦੁਖੀ ਹੋਇਆ, ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ।

[72] ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ!

[73] ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਹੈ, ਮੈਨੂੰ ਗਿਆਨ ਦੇ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ।

[74] ਜਿਹੜੇ ਤੇਰਾ ਭੈਅ ਮੰਨਦੇ ਹਨ ਉਹ ਮੈਨੂੰ ਵੇਖ ਕੇ ਅਨੰਦ ਹੋਣਗੇ, ਕਿਉਂਕਿ ਮੈਂ ਤੇਰੇ ਬਚਨ ਉੱਤੇ ਆਸਾ ਰੱਖੀ ਹੈ।

[75] ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੇਰੇ ਨਿਆਂ ਧਰਮ ਦੇ ਹਨ, ਸੋ ਤੂੰ ਵਫ਼ਾਦਾਰੀ ਨਾਲ ਮੈਨੂੰ ਦੁੱਖ ਦਿੱਤਾ।

[76] ਤੇਰੀ ਦਯਾ ਮੈਨੂੰ ਸ਼ਾਂਤ ਦੇਵੇ, ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ।

[77] ਤੇਰੀਆਂ ਦਿਆਲ਼ਗੀਆਂ ਮੈਨੂੰ ਮਿਲ ਜਾਣ ਕਿ ਮੈਂ ਜੀਂਉਦਾ ਰਹਾਂ, ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ!

[78] ਹੰਕਾਰੀ ਸ਼ਰਮਿੰਦੇ ਹੋਣ ਕਿਉਂਕਿ ਉਨ੍ਹਾਂ ਨੇ ਝੂਠ ਨਾਲ ਮੈਨੂੰ ਡੇਗ ਦਿੱਤਾ ਹੈ, ਪਰ ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਰਹਾਂਗਾ।

[79] ਤੇਰੇ ਭੈਅ ਮੰਨਣ ਵਾਲੇ ਮੇਰੀ ਵੱਲ ਫਿਰਨ, ਅਤੇ ਉਹ ਜੋ ਤੇਰੀਆਂ ਸਾਖੀਆਂ ਜਾਣਦੇ ਹਨ।

[80] ਮੇਰਾ ਮਨ ਤੇਰੀਆਂ ਬਿਧੀਆਂ ਵਿੱਚ ਸੰਪੂਰਨ ਹੋਵੇ ਕਿ ਮੈਂ ਲੱਜਿਆਵਾਨ ਨਾ ਹੋਵਾਂ!

[81] ਮੇਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ, ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ।

[82] ਮੇਰੀਆਂ ਅੱਖਾਂ ਤੇਰੇ ਬਚਨ ਲਈ ਪੱਕ ਗਈਆਂ, ਮੈਂ ਆਖਦਾ ਹਾਂ, ਤੂੰ ਮੈਨੂੰ ਕਦ ਸ਼ਾਂਤੀ ਦੇਵੇਂਗਾ?

[83] ਮੈਂ ਤਾਂ ਧੂੰਏਂ ਵਿੱਚ ਦੀ ਮੇਸ਼ੇਕ ਵਾਂਗੂੰ ਹੋਇਆ, ਤਾਂ ਵੀ ਤੇਰੀਆਂ ਬਿਧੀਆਂ ਨੂੰ ਮੈਂ ਨਾ ਭੁੱਲਿਆ।

[84] ਤੇਰਾ ਸੇਵਕ ਕਦੋਂ ਤੱਕ ਤੇਰੀ ਉਡੀਕ ਕਰਦਾ ਰਹੇਗਾ? ਤੂੰ ਕਦੋਂ ਮੇਰਾ ਪਿੱਛਾ ਕਰਨ ਵਾਲਿਆਂ ਦਾ ਨਿਆਂ ਕਰੇਂਗਾ?

[85] ਜਿਹੜੇ ਤੇਰੀ ਬਿਵਸਥਾ ਦੇ ਅਨੁਸਾਰ ਨਹੀਂ ਚੱਲਦੇ, ਉਨ੍ਹਾਂ ਹੰਕਾਰੀਆਂ ਨੇ ਮੇਰੇ ਲਈ ਟੋਏ ਪੁੱਟੇ।

[86] ਤੇਰੇ ਸਾਰੇ ਹੁਕਮ ਸੱਚੇ ਹਨ, ਉਹ ਝੂਠ ਨਾਲ ਮੇਰੇ ਪਿੱਛੇ ਪਏ ਹੋਏ ਹਨ, ਤੂੰ ਮੇਰੀ ਸਹਾਇਤਾ ਕਰ!

[87] ਉਹ ਧਰਤੀ ਉੱਤੋਂ ਮੈਨੂੰ ਮਿਟਾ ਦੇਣ ਨੂੰ ਸਨ, ਪਰ ਮੈਂ ਤੇਰੇ ਫ਼ਰਮਾਨਾਂ ਨੂੰ ਨਾ ਤਿਆਗਿਆ।

[88] ਆਪਣੀ ਦਯਾ ਦੇ ਅਨੁਸਾਰ ਮੇਰੇ ਜੀਵਨ ਨੂੰ ਸੰਭਾਲ ਰੱਖ, ਤਾਂ ਮੈਂ ਤੇਰੇ ਮੂੰਹ ਦੀ ਸਾਖੀ ਦੀ ਪਾਲਣਾ ਕਰਾਂਗਾ।

[89] ਹੇ ਯਹੋਵਾਹ, ਸਦਾ ਤੱਕ ਤੇਰਾ ਬਚਨ ਅਕਾਸ਼ ਉੱਤੇ ਸਥਿਰ ਹੈ!

[90] ਤੇਰੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਹੈ, ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਉਹ ਬਣੀ ਰਹਿੰਦੀ ਹੈ।

[91] ਉਹ ਤੇਰੇ ਨਿਆਂਵਾਂ ਅਨੁਸਾਰ ਅੱਜ ਤੱਕ ਖੜੇ ਹਨ, ਕਿਉਂ ਜੋ ਸੱਭੋ ਤੇਰੇ ਸੇਵਕ ਹਨ।

[92] ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ, ਤਾਂ ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।

[93] ਤੇਰੇ ਫ਼ਰਮਾਨ ਮੈਂ ਕਦੇ ਨਾ ਭੁੱਲਾਂਗਾ, ਕਿਉਂਕਿ ਉਨ੍ਹਾਂ ਨਾਲ ਤੂੰ ਮੈਨੂੰ ਜਿਉਂਦਿਆ ਰੱਖਿਆ ਹੈ।

[94] ਮੈਂ ਤੇਰਾ ਹੀ ਹਾਂ, ਮੈਨੂੰ ਬਚਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ!

[95] ਦੁਸ਼ਟ ਮੇਰੇ ਨਾਸ ਕਰਨ ਲਈ ਘਾਤ ਵਿੱਚ ਬੈਠੇ ਸਨ, ਪਰ ਮੈਂ ਤੇਰੀਆਂ ਸਾਖੀਆਂ ਦਾ ਵਿਚਾਰ ਕਰਾਂਗਾ।

[96] ਸਾਰੇ ਕਮਾਲ ਦਾ ਅੰਤ ਮੈਂ ਵੇਖਿਆ, ਪਰ ਤੇਰੇ ਹੁਕਮ ਬੇਅੰਤ ਹਨ।

[97] ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!

[98] ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ, ਕਿਉਂ ਜੋ ਉਹ ਸਦਾ ਮੇਰੇ ਨਾਲ ਹੈ।

[99] ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ, ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ।

[100] ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਂਚਦਾ ਹਾਂ, ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ।

[101] ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰਾਂ।

[102] ਤੇਰਿਆਂ ਨਿਆਂਵਾਂ ਤੋਂ ਮੈਂ ਨਹੀਂ ਹਟਿਆ, ਕਿਉਂ ਜੋ ਤੂੰ ਮੈਨੂੰ ਸਿੱਖਿਆ ਦਿੱਤੀ ਹੈ।

[103] ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ, ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!

[104] ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ, ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ।

[105] ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।

[106] ਮੈਂ ਸਹੁੰ ਖਾਧੀ ਅਤੇ ਉਹ ਨੂੰ ਪੱਕਾ ਵੀ ਕੀਤਾ, ਕਿ ਮੈਂ ਤੇਰੇ ਧਰਮ ਦੇ ਨਿਆਂਵਾਂ ਦੀ ਪਾਲਣਾ ਕਰਾਂਗਾ।

[107] ਹੇ ਯਹੋਵਾਹ, ਮੈਂ ਬਹੁਤ ਹੀ ਦੁਖੀ ਹੋਇਆ ਹਾਂ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜਿਉਂਦਾ ਰੱਖ!

[108] ਹੇ ਯਹੋਵਾਹ, ਮੇਰੇ ਮੂੰਹ ਦੀਆਂ ਖੁਸ਼ੀ ਦੀਆਂ ਭੇਟਾਂ ਨੂੰ ਕਿਰਪਾ ਕਰਕੇ ਕਬੂਲ ਕਰ, ਅਤੇ ਆਪਣਾ ਨਿਆਂ ਮੈਨੂੰ ਸਿਖਲਾ।

[109] ਮੇਰੀ ਜਾਨ ਹਰ ਵੇਲੇ ਤਲੀ ਉੱਤੇ ਹੈ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਦਾ!

[110] ਦੁਸ਼ਟਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ, ਪਰ ਮੈਂ ਤੇਰੇ ਫ਼ਰਮਾਨਾਂ ਤੋਂ ਬੇਮੁੱਖ ਨਹੀਂ ਹੋਇਆ।

[111] ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ, ਉਹ ਤਾਂ ਮੇਰੇ ਮਨ ਦੀ ਖੁਸ਼ੀ ਹਨ।

[112] ਮੈਂ ਆਪਣੇ ਮਨ ਨੂੰ ਇਸ ਗੱਲ ਵੱਲ ਲਾਇਆ ਹੈ, ਕਿ ਮੈਂ ਤੇਰੀਆਂ ਬਿਧੀਆਂ ਨੂੰ ਅੰਤ ਤੱਕ ਸਦਾ ਹੀ ਪੂਰਾ ਕਰਾ।

[113] ਮੈਂ ਦੁਚਿੱਤਿਆਂ ਨਾਲ ਖੁਣਸ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਪ੍ਰੀਤ ਰੱਖਦਾ ਹਾਂ।

[114] ਤੂੰ ਮੇਰੀ ਪਨਾਹਗਾਰ ਤੇ ਮੇਰੀ ਢਾਲ਼ ਹੈਂ, ਮੈਂ ਤੇਰੇ ਬਚਨ ਦੀ ਆਸਾ ਰੱਖਦਾ ਹਾਂ।

[115] ਹੇ ਬਦਕਾਰੋ, ਮੇਰੇ ਕੋਲੋਂ ਦੂਰ ਹੋਵੋ, ਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾਂ!

[116] ਆਪਣੇ ਬਚਨ ਅਨੁਸਾਰ ਮੈਨੂੰ ਥਮ ਕਿ ਮੈਂ ਜਿਉਂਦਾ ਰਹਾਂ, ਅਤੇ ਆਪਣੀ ਤਾਂਘ ਤੋਂ ਸ਼ਰਮਿੰਦਾ ਨਾ ਹੋਵਾਂ!

[117] ਮੈਨੂੰ ਸਾਂਭ ਤਾਂ ਮੈਂ ਬਚ ਜਾਂਵਾਂਗਾ, ਅਤੇ ਤੇਰੀਆਂ ਬਿਧੀਆਂ ਤੇ ਸਦਾ ਗੌਰ ਕਰਾਂਗਾ।

[118] ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁੱਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ, ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ।

[119] ਧਰਤੀ ਦੇ ਸਾਰੇ ਦੁਸ਼ਟਾਂ ਨੂੰ ਖੋਟ ਵਾਂਗੂੰ ਦੂਰ ਸੁੱਟਦਾ ਹੈਂ, ਤਾਂ ਹੀ ਮੈਂ ਤੇਰੀਆਂ ਸਾਖੀਆਂ ਨਾਲ ਪ੍ਰੀਤ ਰੱਖਦਾ ਹਾਂ।

[120] ਤੇਰੇ ਭੈਅ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ, ਅਤੇ ਮੈਂ ਤੇਰੇ ਨਿਆਂਵਾਂ ਤੋਂ ਡਰਦਾ ਹਾਂ।

[121] ਮੈਂ ਨਿਆਂ ਤੇ ਧਰਮ ਕੀਤਾ ਹੈ, ਤੂੰ ਮੈਨੂੰ ਮੇਰੇ ਦਬਾਉਣ ਵਾਲਿਆਂ ਕੋਲ ਨਾ ਛੱਡ!

[122] ਭਲਿਆਈ ਲਈ ਆਪਣੇ ਸੇਵਕ ਦਾ ਜਾਮਨ ਬਣ, ਹੰਕਾਰੀ ਮੈਨੂੰ ਨਾ ਦਬਾਉਣ!

[123] ਮੇਰੀਆਂ ਅੱਖਾਂ ਤੇਰੇ ਬਚਾਓ ਲਈ ਅਤੇ ਤੇਰੇ ਸੱਚੇ ਬਚਨ ਲਈ ਪੱਕ ਗਈਆਂ।

[124] ਤੂੰ ਆਪਣੇ ਸੇਵਕ ਨਾਲ ਆਪਣੀ ਦਯਾ ਅਨੁਸਾਰ ਵਰਤ, ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ।

[125] ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਬਖਸ਼, ਕਿ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ।

[126] ਇਹ ਯਹੋਵਾਹ ਦੇ ਕੰਮ ਦਾ ਵੇਲਾ ਹੈ, ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ!

[127] ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ, ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ!

[128] ਇਸ ਲਈ ਮੈਂ ਤੇਰੇ ਸਾਰੇ ਦੇ ਸਾਰੇ ਫ਼ਰਮਾਨ ਠੀਕ ਸਮਝਦਾ ਹਾਂ, ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ।

[129] ਤੇਰੀਆਂ ਸਾਖੀਆਂ ਅਚਰਜ਼ ਹਨ, ਇਸ ਲਈ ਮੇਰੀ ਜਾਨ ਉਨ੍ਹਾਂ ਦੀ ਪਾਲਣਾ ਕਰਦੀ ਹੈ!

[130] ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖਸ਼ਦਾ ਹੈ।

[131] ਮੈਂ ਆਪਣਾ ਮੂੰਹ ਖੋਲ੍ਹ ਕੇ ਹੌਂਕਿਆ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਲੋਚਦਾ ਸੀ।

[132] ਮੇਰੀ ਵੱਲ ਮੂੰਹ ਕਰ ਤੇ ਮੇਰੇ ਉੱਤੇ ਕਿਰਪਾ ਕਰ, ਜਿਵੇਂ ਤੂੰ ਆਪਣੇ ਨਾਮ ਦੇ ਪ੍ਰੀਤ ਪਾਲਣ ਵਾਲਿਆਂ ਦੇ ਨਾਲ ਕਰਦਾ ਹੁੰਦਾ ਸੀ।

[133] ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾਂ ਦੇ, ਕਿ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ।

[134] ਆਦਮੀ ਦੇ ਦਬਾਓ ਤੋਂ ਮੈਨੂੰ ਛੁਡਾ, ਕਿ ਮੈਂ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਾਂ।

[135] ਆਪਣੇ ਮੁੱਖੜੇ ਦੀ ਚਮਕ ਆਪਣੇ ਸੇਵਕ ਨੂੰ ਵਿਖਾ, ਅਤੇ ਆਪਣੀਆਂ ਬਿਧੀਆਂ ਸਾਨੂੰ ਸਿਖਲਾ।

[136] ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ।

[137] ਹੇ ਯਹੋਵਾਹ, ਤੂੰ ਧਰਮੀ ਹੈਂ, ਅਤੇ ਤੇਰੇ ਨਿਆਂ ਸਿੱਧੇ ਹਨ।

[138] ਤੂੰ ਆਪਣੀਆਂ ਸਾਖੀਆਂ ਦਾ ਹੁਕਮ ਧਰਮ ਤੇ ਪੂਰੀ ਵਫ਼ਾਦਾਰੀ ਨਾਲ ਦਿੱਤਾ ਹੈ।

[139] ਮੇਰੀ ਗ਼ੈਰਤ ਨੇ ਮੈਨੂੰ ਖ਼ਤਮ ਕੀਤਾ, ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ।

[140] ਤੇਰਾ ਬਚਨ ਅੱਤ ਤਾਇਆ ਹੋਇਆ ਹੈ, ਅਤੇ ਤੇਰਾ ਸੇਵਕ ਉਸ ਨਾਲ ਪ੍ਰੀਤ ਲਾਉਂਦਾ ਹੈ।

[141] ਮੈਂ ਨਿੱਕਾ ਜਿਹਾ ਤੇ ਤੁੱਛ ਹਾਂ, ਤਾਂ ਵੀ ਮੈਂ ਤੇਰੇ ਫ਼ਰਮਾਨ ਨਹੀਂ ਭੁੱਲਿਆ!

[142] ਤੇਰਾ ਧਰਮ ਸਦਾ ਦਾ ਧਰਮ ਹੈ, ਅਤੇ ਤੇਰੀ ਬਿਵਸਥਾ ਸੱਚ ਹੈ।

[143] ਦੁੱਖ ਤੇ ਰੰਜ ਮੈਨੂੰ ਲੱਭਾ, ਪਰ ਤੇਰੇ ਹੁਕਮ ਮੇਰੀ ਖੁਸ਼ੀ ਹਨ।

[144] ਤੇਰੀਆਂ ਸਾਖੀਆਂ ਸਦਾ ਤੱਕ ਧਰਮ ਦੀਆਂ ਹਨ, ਮੈਨੂੰ ਸਮਝ ਦੇ ਤਾਂ ਮੈਂ ਜਿਉਂਦਾ ਰਹਾਂਗਾ।

[145] ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ, ਹੇ ਯਹੋਵਾਹ, ਮੈਨੂੰ ਉੱਤਰ ਦੇ, ਮੈਂ ਤੇਰੀਆਂ ਬਿਧੀਆਂ ਨੂੰ ਸਾਂਭ ਰੱਖਾਂਗਾ!

[146] ਮੈਂ ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ, ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਣਾ ਕਰਾਂਗਾ!

[147] ਮੈਂ ਪਹੁ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ, ਮੈਂ ਤੇਰੇ ਬਚਨ ਲਈ ਆਸਾ ਰੱਖੀ।

[148] ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁੱਲ੍ਹੀਆਂ ਰਹੀਆਂ, ਕਿ ਤੇਰੇ ਬਚਨ ਵਿੱਚ ਲੀਨ ਹੋਵਾਂ।

[149] ਆਪਣੀ ਕਿਰਪਾ ਅਨੁਸਾਰ ਮੇਰੀ ਅਵਾਜ਼ ਸੁਣ ਲੈ, ਹੇ ਯਹੋਵਾਹ, ਆਪਣੇ ਨਿਆਂ ਅਨੁਸਾਰ ਮੈਨੂੰ ਜਿਉਂਦਾ ਰੱਖ!

[150] ਖੋਟ ਦਾ ਪਿੱਛਾ ਕਰਨ ਵਾਲੇ ਨੇੜੇ ਆ ਗਏ ਹਨ, ਓਹ ਤੇਰੀ ਬਿਵਸਥਾ ਤੋਂ ਦੂਰ ਹਨ।

[151] ਤੂੰ ਵੀ, ਹੇ ਯਹੋਵਾਹ, ਨੇੜੇ ਹੈਂ, ਅਤੇ ਤੇਰੇ ਸਾਰੇ ਹੁਕਮ ਸੱਚੇ ਹਨ!

[152] ਤੇਰੀਆਂ ਸਾਖੀਆਂ ਤੋਂ ਮੈਂ ਚਿਰੋਕਣਾ ਹੀ ਜਾਣਿਆ, ਕਿ ਤੂੰ ਉਨ੍ਹਾਂ ਨੂੰ ਸਦਾ ਦੇ ਲਈ ਕਾਇਮ ਕੀਤਾ ਹੈ!।

[153] ਮੇਰੇ ਦੁੱਖ ਦੇ ਵੇਲੇ ਵੇਖ ਤੇ ਮੈਨੂੰ ਛੁਡਾ, ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ!

[154] ਮੇਰਾ ਮੁਦੱਪਾ ਲੜ ਤੇ ਮੈਨੂੰ ਛੁਟਕਾਰਾ ਦੇ, ਆਪਣੇ ਬਚਨ ਨਾਲ ਮੈਨੂੰ ਜਿਉਂਦਾ ਰੱਖ!

[155] ਮੁਕਤੀ ਦੁਸ਼ਟਾਂ ਤੋਂ ਦੂਰ ਹੈ, ਇਸ ਲਈ ਕਿ ਓਹ ਤੇਰੀਆਂ ਬਿਧੀਆਂ ਨੂੰ ਨਹੀਂ ਭਾਲਦੇ।

[156] ਹੇ ਯਹੋਵਾਹ, ਤੇਰੇ ਰਹਮ ਬਹੁਤ ਸਾਰੇ ਹਨ, ਆਪਣੇ ਨਿਆਂਵਾਂ ਅਨੁਸਾਰ ਮੈਨੂੰ ਜਿਉਂਦਾ ਰੱਖ!

[157] ਮੇਰੇ ਪਿੱਛਾ ਕਰਨ ਵਾਲੇ ਤੇ ਮੇਰੇ ਵਿਰੋਧੀ ਬਹੁਤ ਹਨ, ਪਰ ਮੈਂ ਤੇਰੀਆਂ ਸਾਖੀਆਂ ਤੋਂ ਨਹੀਂ ਮੁੜਿਆ।

[158] ਮੈਂ ਚਾਲਬਾਜ਼ਾਂ ਨੂੰ ਵੇਖਿਆ ਤੇ ਘਿਣ ਕੀਤੀ, ਜਿਹੜੇ ਤੇਰੇ ਬਚਨ ਦੀ ਪਾਲਣਾ ਨਹੀਂ ਕਰਦੇ।

[159] ਵੇਖ, ਕਿ ਮੈਂ ਤੇਰੇ ਫ਼ਰਮਾਨਾਂ ਨਾਲ ਪ੍ਰੀਤ ਰੱਖਦਾ ਹਾਂ, ਹੇ ਯਹੋਵਾਹ, ਆਪਣੀ ਦਯਾ ਅਨੁਸਾਰ ਮੈਨੂੰ ਜਿਉਂਦਾ ਰੱਖ!

[160] ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ, ਅਤੇ ਤੇਰੇ ਧਰਮ ਦਾ ਸਾਰਾ ਨਿਆਂ ਸਦਾ ਤੱਕ ਹੈ।

[161] ਸਰਦਾਰਾਂ ਨੇ ਧਿਗਾਣੇ ਮੇਰਾ ਪਿੱਛਾ ਕੀਤਾ, ਪਰ ਮੇਰਾ ਮਨ ਤੇਰੇ ਬਚਨ ਤੋਂ ਭੈਅ ਰੱਖਦਾ ਹੈ।

[162] ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ, ਜਿਵੇਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ!

[163] ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ।

[164] ਤੇਰੇ ਧਰਮ ਦੇ ਨਿਆਂਵਾਂ ਦੇ ਕਾਰਨ, ਮੈਂ ਦਿਨ ਵਿੱਚ ਸੱਚ ਵਾਰ ਤੇਰੀ ਉਸਤਤ ਕਰਦਾ ਹਾਂ।

[165] ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।

[166] ਹੇ ਯਹੋਵਾਹ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ, ਅਤੇ ਤੇਰੇ ਹੁਕਮਾਂ ਨੂੰ ਪੂਰਾ ਕੀਤਾ।

[167] ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ!

[168] ਮੈਂ ਤੇਰੇ ਫ਼ਰਮਾਨਾਂ ਤੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, ਇਸ ਲਈ ਕਿ ਮੇਰੀਆਂ ਸਾਰੀਆਂ ਚਾਲਾਂ ਤੇਰੇ ਸਾਹਮਣੇ ਹਨ।

[169] ਮੇਰੀ ਪੁਕਾਰ, ਹੇ ਯਹੋਵਾਹ, ਤੇਰੇ ਹਜ਼ੂਰ ਪਹੁੰਚੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਸਮਝ ਦੇ!

[170] ਮੇਰੀ ਅਰਜੋਈ ਤੇਰੇ ਹਜ਼ੂਰ ਆਵੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਛੁਡਾ!

[171] ਮੇਰੇ ਬੁੱਲ੍ਹ ਤੇਰੀ ਉਸਤਤ ਉਚਰਨ, ਕਿਉਂ ਜੋ ਤੂੰ ਆਪਣੀਆਂ ਬਿਧੀਆਂ ਮੈਨੂੰ ਸਿਖਾਉਂਦਾ ਹੈਂ।

[172] ਮੇਰੀ ਜੀਭ ਤੇਰੇ ਬਚਨ ਦਾ ਗੀਤ ਗਾਵੇ, ਕਿਉਂ ਜੋ ਤੇਰੇ ਸਾਰੇ ਹੁਕਮ ਧਰਮ ਦੇ ਹਨ।

[173] ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, ਕਿਉਂ ਜੋ ਮੈਂ ਤੇਰੇ ਫ਼ਰਮਾਨ ਚੁਣ ਲਏ ਹਨ।

[174] ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ, ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ!

[175] ਮੇਰੀ ਜਾਨ ਜਿਉਂਦੀ ਰਹੇ ਕਿ ਉਹ ਤੇਰੀ ਉਸਤਤ ਕਰੇ, ਅਤੇ ਤੇਰੇ ਨਿਆਂ ਮੇਰੀ ਸਹਾਇਤਾ ਕਰਨ।

[176] ਮੈਂ ਗੁਆਚੀ ਹੋਈ ਭੇਡ ਵਾਂਗੂੰ ਭਟਕ ਗਿਆ ਹਾਂ, ਆਪਣੇ ਦਾਸ ਨੂੰ ਭਾਲ, ਕਿਉਂ ਜੋ ਮੈਂ ਤੇਰੇ ਹੁਕਮ ਨਹੀਂ ਭੁੱਲਦਾ ਹਾਂ।

ਜ਼ਬੂਰ — Chapters