Skip to content
Opens in a new window
Listen to this chapter • 4:23

[1] ਬੁਰਿਆਂ ਦੇ ਕਾਰਨ ਨਾ ਕੁੜ੍ਹ, ਕੁਕਰਮੀਆਂ ਵੱਲੋਂ ਨਾ ਸੜ।

[2] ਓਹ ਤਾਂ ਘਾਹ ਵਾਂਗੂੰ ਛੇਤੀ ਕੁਮਲਾ ਜਾਣਗੇ, ਅਤੇ ਸਾਗ ਪੱਤ ਵਾਂਗੂੰ ਮੁਰਝਾ ਜਾਣਗੇ।

[3] ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ ਦੇਸ ਵਿੱਚ ਵੱਸ ਅਤੇ ਸਚਿਆਈ ਉੱਤੇ ਪਲ।

[4] ਤੂੰ ਯਹੋਵਾਹ ਵਿੱਚ ਨਿਹਾਲ ਰਹਿ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।

[5] ਆਪਣਾ ਰਾਹ ਯਹੋਵਾਹ ਦੇ ਵੱਸ ਵਿੱਚ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।

[6] ਉਹ ਤੇਰੇ ਧਰਮ ਨੂੰ ਚਾਨਣ ਵਾਂਗੂੰ ਅਤੇ ਤੇਰੇ ਨਿਆਂ ਨੂੰ ਦੁਪਹਿਰ ਵਾਂਗੂੰ ਪ੍ਰਕਾਸ਼ਮਾਨ ਕਰੇਗਾ।

[7] ਯਹੋਵਾਹ ਦੇ ਅੱਗੇ ਚੁੱਪ-ਚਾਪ ਰਹਿ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ, ਉਸ ਮਨੁੱਖ ਦੇ ਕਾਰਨ ਨਾ ਕੁੜ੍ਹ ਜਿਹ ਦਾ ਰਾਹ ਸਫ਼ਲ ਹੁੰਦਾ ਹੈ, ਅਤੇ ਜਿਹੜਾ ਜੁਗਤਾਂ ਨੂੰ ਪੂਰਿਆਂ ਕਰਾਉਂਦਾ ਹੈ।

[8] ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ, ਨਾ ਕੁੜ੍ਹ - ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ

[9] ਕੁਕਰਮੀ ਤਾਂ ਕੱਢ ਦਿੱਤੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਉਹ ਧਰਤੀ ਦੇ ਵਾਰਿਸ ਹੋਣਗੇ।

[10] ਹੁਣ ਥੋੜਾ ਹੀ ਚਿਰ ਰਹਿੰਦਾ ਹੈ ਕਿ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੇ ਨਿਵਾਸ ਨੂੰ ਧਿਆਨ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ।

[11] ਪਰ ਹਲੀਮ ਧਰਤੀ ਦੇ ਵਾਰਿਸ ਹੋਣਗੇ, ਅਤੇ ਬਹੁਤੇ ਸੁੱਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।

[12] ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਕਾਉਂਦਾ ਹੈ, ਅਤੇ ਉਹ ਦੇ ਉੱਤੇ ਆਪਣੇ ਦੰਦ ਕਰੀਚਦਾ ਹੈ।

[13] ਪ੍ਰਭੂ ਦੁਸ਼ਟ ਦੇ ਉੱਤੇ ਹੱਸੇਗਾ, ਕਿਉਂ ਜੋ ਵੇਖਦਾ ਹੈ ਕਿ ਨਿਆਂ ਦਾ ਦਿਨ ਆਉਂਦਾ ਪਿਆ ਹੈ।

[14] ਦੁਸ਼ਟਾਂ ਨੇ ਤਲਵਾਰ ਧੂਹੀ ਅਤੇ ਆਪਣਾ ਧਣੁੱਖ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ, ਅਤੇ ਸਿੱਧੇ ਚਾਲ-ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ।

[15] ਉਨ੍ਹਾਂ ਦੀ ਤਲਵਾਰ ਉਨ੍ਹਾਂ ਹੀ ਦੇ ਦਿਲਾਂ ਵਿੱਚ ਧੱਸੇਗੀ, ਅਤੇ ਉਨ੍ਹਾਂ ਦੇ ਧਣੁੱਖ ਭੰਨੇ ਜਾਣਗੇ।

[16] ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ ਬਹੁਤੇ ਨਾਲੋਂ ਵੀ ਚੰਗਾ ਹੈ।

[17] ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, ਪਰ ਧਰਮੀਆਂ ਨੂੰ ਯਹੋਵਾਹ ਸੰਭਾਲਦਾ ਹੈ।

[18] ਯਹੋਵਾਹ ਖਰੇ ਲੋਕਾਂ ਦੇ ਦਿਨ ਜਾਣਦਾ ਹੈ, ਅਤੇ ਉਨ੍ਹਾਂ ਦਾ ਅਧਿਕਾਰ ਸਦਾ ਤੱਕ ਰਹੇਗਾ।

[19] ਉਹ ਬੁਰੇ ਸਮੇਂ ਦੇ ਵਿੱਚ ਸ਼ਰਮਿੰਦੇ ਨਾ ਹੋਣਗੇ, ਅਤੇ ਕਾਲ ਦੇ ਦਿਨਾਂ ਵਿੱਚ ਓਹ ਰੱਜ ਕੇ ਖਾਣਗੇ।

[20] ਦੁਸ਼ਟ ਨਾਸ ਹੋ ਜਾਣਗੇ, ਅਤੇ ਯਹੋਵਾਹ ਦੇ ਵੈਰੀ ਮੈਦਾਨ ਦੀ ਘਾਹ ਵਰਗੇ ਹੋਣਗੇ, ਉਹ ਮਿਟ ਜਾਣਗੇ ਸਗੋਂ ਧੂੰਏਂ ਵਾਂਗੂੰ ਮਿਟ ਜਾਣਗੇ।

[21] ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਦਯਾ ਕਰਦਾ ਅਤੇ ਦਿੰਦਾ ਹੈ।

[22] ਯਹੋਵਾਹ ਦੇ ਮੁਬਾਰਕ ਲੋਕ ਧਰਤੀ ਦੇ ਵਾਰਿਸ ਹੋਣਗੇ, ਪਰ ਉਹ ਦੇ ਸਰਾਪੀ ਕੱਢ ਦਿੱਤੇ ਜਾਣਗੇ।

[23] ਮਨੁੱਖ ਦੀ ਚਾਲ ਯਹੋਵਾਹ ਵੱਲੋਂ ਦ੍ਰਿੜ੍ਹ ਹੁੰਦੀ ਹੈ, ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ।

[24] ਭਾਵੇਂ ਉਹ ਡਿੱਗ ਵੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਸਦਾ ਹੱਥ ਸੰਭਾਲਦਾ ਹੈ।

[25] ਮੈਂ ਜੁਆਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਹ ਦੀ ਅੰਸ ਨੂੰ ਟੁੱਕੜੇ ਮੰਗਦਿਆਂ ਵੇਖਿਆ ਹੈ।

[26] ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, ਉਸ ਦੀ ਅੰਸ ਮੁਬਾਰਕ ਹੈ।

[27] ਬੁਰਿਆਈ ਤੋਂ ਹਟ, ਭਲਿਆਈ ਕਰ, ਅਤੇ ਸਦਾ ਤੱਕ ਵੱਸ।

[28] ਯਹੋਵਾਹ ਤਾਂ ਨਿਆਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੱਕ ਰੱਖਿਆ ਹੁੰਦੀ ਹੈ, ਪਰ ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ।

[29] ਧਰਮੀ ਧਰਤੀ ਦੇ ਵਾਰਿਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।

[30] ਧਰਮੀ ਦਾ ਮੂੰਹ ਬੁੱਧੀ ਬੋਲਦਾ ਹੈ, ਅਤੇ ਉਹ ਦੀ ਜੁਬਾਨ ਨਿਆਂ ਦੀ ਗੱਲ ਕਰਦੀ ਹੈ।

[31] ਉਸ ਦੇ ਪਰਮੇਸ਼ੁਰ ਦੀ ਬਿਵਸਥਾ ਉਹ ਦੇ ਮਨ ਵਿੱਚ ਹੈ, ਉਹ ਦੇ ਪੈਰ ਕਦੀ ਨਾ ਤਿਲਕਣਗੇ।

[32] ਦੁਸ਼ਟ ਧਰਮੀ ਦੀ ਤਾਕ ਵਿੱਚ ਰਹਿੰਦਾ ਹੈ, ਕਿ ਉਹ ਨੂੰ ਜਾਨੋਂ ਮਾਰੇ।

[33] ਯਹੋਵਾਹ ਉਹ ਨੂੰ ਉਸ ਦੇ ਵੱਸ ਵਿੱਚ ਨਾ ਛੱਡੇਗਾ ਅਤੇ ਜਦ ਉਹ ਦਾ ਫੈਸਲਾ ਹੋ ਜਾਵੇਗਾ ਤਾਂ ਉਹ ਨੂੰ ਦੋਸ਼ੀ ਨਾ ਠਹਿਰਾਵੇਗਾ।

[34] ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਣਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਕਿ ਤੂੰ ਧਰਤੀ ਦਾ ਵਾਰਿਸ ਬਣੇਂ। ਤੂੰ ਦੁਸ਼ਟਾਂ ਦਾ ਛੇਕਿਆ ਜਾਣਾ ਵੇਖੇਂਗਾ।

[35] ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ, ਅਤੇ ਆਪਣੀ ਨਿੱਜ ਭੂਮੀ ਵਿੱਚ ਕੇਦਾਰ ਦੇ ਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਦੇਖਿਆ।

[36] ਪਰ ਉਹ ਲੰਘ ਗਿਆ ਅਤੇ ਵੇਖੋ, ਉਹ ਹੈ ਹੀ ਨਹੀਂ, ਮੈਂ ਵੀ ਉਹ ਨੂੰ ਭਾਲਿਆ ਪਰ ਉਹ ਲੱਭਾ ਹੀ ਨਾ।

[37] ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ।

[38] ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ!

[39] ਪਰ ਧਰਮੀਆਂ ਦਾ ਬਚਾਓ ਯਹੋਵਾਹ ਵੱਲੋਂ ਹੈ, ਅਤੇ ਦੁੱਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ ਹੈ,

[40] ਅਤੇ ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਦਾ ਅਤੇ ਛੁਡਾਉਂਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਅਤੇ ਬਚਾਉਂਦਾ ਹੈ, ਕਿਉਂ ਜੋ ਉਹ ਉਸ ਦੀ ਸ਼ਰਨ ਆਏ ਹਨ।

ਜ਼ਬੂਰ — Chapters