Skip to content
Opens in a new window
Listen to this chapter • 2:13

[1] ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ੁਰ ਦੇ ਲਈ ਲਲਕਾਰੋ,

[2] ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ, ਉਹ ਦੀ ਮਹਿਮਾ ਦੀ ਉਸਤਤ ਕਰੋ!

[3] ਪਰਮੇਸ਼ੁਰ ਨੂੰ ਆਖੋ, ਵਾਹ, ਤੇਰੇ ਕੰਮ ਕੇਡੇ ਡਰਾਉਣੇ ਹਨ! ਤੇਰੀ ਮਹਾਂ ਸਮਰੱਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿਚਕ ਕੇ ਆਉਣਗੇ!

[4] ਸਾਰੀ ਧਰਤੀ ਦੇ ਲੋਕ ਤੈਨੂੰ ਮੱਥਾ ਟੇਕਣਗੇ ਤੇ ਤੈਨੂੰ ਗਾਉਣਗੇ, ਓਹ ਤੇਰੇ ਨਾਮ ਦੇ ਭਜਨ ਗਾਉਣਗੇ। ਸਲਹ।

[5] ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ, ਆਦਮ ਵੰਸ਼ੀਆਂ ਦੀ ਵੱਲ ਉਹ ਦੀ ਕਰਨੀ ਭਿਆਨਕ ਹੈ।

[6] ਉਹ ਨੇ ਸਮੁੰਦਰ ਨੂੰ ਥਲ ਬਣਾ ਦਿੱਤਾ, ਓਹ ਦਰਿਆ ਵਿੱਚੋਂ ਸੁੱਕੇ ਪੈਰੀਂ ਲੰਘ ਗਏ, ਉੱਥੇ ਅਸੀਂ ਉਹ ਦੇ ਵਿੱਚ ਨਿਹਾਲ ਹੋਏ।

[7] ਉਹ ਆਪਣੀ ਸਮਰੱਥਾ ਨਾਲ ਸਦਾ ਤੱਕ ਰਾਜ ਕਰਦਾ ਹੈ, ਉਹ ਦੀਆਂ ਅੱਖਾਂ ਕੌਮਾਂ ਵੱਲ ਲੱਗੀਆਂ ਰਹਿੰਦੀਆਂ ਹਨ, ਆਕੀ ਲੋਕ ਸਿਰ ਨਾ ਚੁੱਕਣਗੇ!। ਸਲਹ।

[8] ਹੇ ਲੋਕੋ, ਸਾਡੇ ਪਰਮੇਸ਼ੁਰ ਨੂੰ ਮੁਬਾਰਕ ਆਖੋ, ਉਹ ਦੇ ਜਸ ਦੇ ਸ਼ਬਦ ਸੁਣਾਓ,

[9] ਜਿਸ ਨੇ ਸਾਡੀ ਜਾਨ ਨੂੰ ਜਿਉਂਦਿਆਂ ਰੱਖਿਆ ਹੈ, ਅਤੇ ਸਾਡੇ ਪੈਰਾਂ ਨੂੰ ਡੋਲਣ ਨਹੀਂ ਦਿੱਤਾ।

[10] ਹੇ ਪਰਮੇਸ਼ੁਰ, ਤੂੰ ਤਾਂ ਸਾਨੂੰ ਪਰਖਿਆ ਹੈ, ਤੂੰ ਚਾਂਦੀ ਦੇ ਤਾਉਣ ਵਾਂਗੂੰ ਸਾਨੂੰ ਤਾਇਆ ਹੈ।

[11] ਤੂੰ ਸਾਨੂੰ ਜਾਲ਼ ਵਿੱਚ ਲਿਆਇਆ, ਤੂੰ ਸਾਡੇ ਲੱਕਾਂ ਉੱਤੇ ਡਾਢਾ ਭਾਰ ਪਾ ਦਿੱਤਾ ਹੈ!

[12] ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ, ਅਸੀਂ ਅੱਗ ਅਤੇ ਪਾਣੀ ਦੇ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਭਰਿਆ ਥਾਵਾਂ ਵਿੱਚ ਪਹੁੰਚਾ ਦਿੱਤਾ।

[13] ਮੈਂ ਤੇਰੇ ਭਵਨ ਵਿੱਚ ਹੋਮ ਦੀਆਂ ਬਲੀਆਂ ਨਾਲ ਆਵਾਂਗਾ, ਮੈਂ ਆਪਣੀਆਂ ਸੁੱਖਣਾਂ ਤੇਰੇ ਅੱਗੇ ਪੂਰੀਆਂ ਕਰਾਂਗਾ,

[14] ਜਿਹੜੀਆਂ ਮੇਰੇ ਬੁੱਲ੍ਹਾਂ ਤੋਂ ਨਿੱਕਲੀਆਂ, ਅਤੇ ਸੰਕਟ ਦੇ ਵੇਲੇ ਮੈਂ ਆਪਣੇ ਮੂੰਹੋਂ ਮੰਨਿਆ।

[15] ਮੈਂ ਤੈਨੂੰ ਹੋਮ ਦੀਆਂ ਬਲੀਆਂ ਲਈ ਮੋਟੇ-ਮੋਟੇ ਪਸ਼ੂਆਂ ਨੂੰ ਛੱਤ੍ਰਿਆਂ ਦੀ ਧੂਪ ਨਾਲ ਚੜ੍ਹਾਵਾਂਗਾ। ਸਲਹ।

[16] ਪਰਮੇਸ਼ੁਰ ਦਾ ਭੈਅ ਰੱਖਣ ਵਾਲਿਓ, ਆਓ, ਸੁਣੋ, ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਨੇ ਮੇਰੀ ਜਾਨ ਲਈ ਕੀ ਕੁਝ ਕੀਤਾ ਹੈ।

[17] ਮੈਂ ਮੂੰਹੋਂ ਉਹ ਨੂੰ ਪੁਕਾਰਿਆ, ਅਤੇ ਆਪਣੀ ਰਸਨਾ ਤੋਂ ਉਹ ਨੂੰ ਸਲਾਹਿਆ।

[18] ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ, ਤਾਂ ਪ੍ਰਭੂ ਮੇਰੀ ਪ੍ਰਾਰਥਨਾ ਨਾ ਸੁਣਦਾ।

[19] ਪਰ ਪਰਮੇਸ਼ੁਰ ਨੇ ਸੱਚ-ਮੁੱਚ ਸੁਣਿਆ ਹੈ, ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ।

[20] ਮੁਬਾਰਕ ਹੈ ਪਰਮੇਸ਼ੁਰ ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ, ਨਾ ਆਪਣੀ ਦਯਾ ਨੂੰ ਮੈਥੋਂ ਰੋਕਿਆ।

ਜ਼ਬੂਰ — Chapters