[1] ਮੈਂ ਪਰਮੇਸ਼ੁਰ ਅੱਗੇ ਆਪਣੀ ਅਵਾਜ਼ ਨਾਲ ਦੁਹਾਈ ਦਿਆਂਗਾ, ਹਾਂ, ਆਪਣੀ ਅਵਾਜ਼ ਨਾਲ ਪਰਮੇਸ਼ੁਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ।
[2] ਮੈਂ ਆਪਣੀ ਬਿਪਤਾ ਦੇ ਦਿਨ ਪ੍ਰਭੂ ਨੂੰ ਭਾਲਿਆ, ਮੇਰਾ ਹੱਥ ਰਾਤ ਨੂੰ ਪਸਾਰਿਆ ਰਿਹਾ ਅਤੇ ਢਿੱਲਾ ਨਾ ਹੋਇਆ, ਮੇਰੇ ਜੀਅ ਨੇ ਸ਼ਾਂਤੀ ਲੈਣ ਤੋਂ ਨਾਂਹ ਕੀਤੀ।
[3] ਮੈਂ ਪਰਮੇਸ਼ੁਰ ਨੂੰ ਚੇਤੇ ਕਰਦਾ ਹਾਂ ਅਤੇ ਮੈਂ ਵਿਆਕੁਲ ਹੋ ਜਾਂਦਾ ਹਾਂ, ਮੈਂ ਧਿਆਨ ਦਿੰਦਾ ਹਾਂ ਅਤੇ ਮੇਰਾ ਆਤਮਾ ਹੁੱਸ ਜਾਂਦਾ ਹੈ। ਸਲਹ।
[4] ਤੂੰ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਖੁੱਲ੍ਹਿਆਂ ਰੱਖਿਆ ਹੈ, ਮੈਂ ਘਬਰਾ ਜਾਂਦਾ ਅਤੇ ਬੋਲ ਨਾ ਸਕਦਾ।
[5] ਮੈਂ ਪਿੱਛਲੇ ਦਿਨਾਂ ਉੱਤੇ ਅਤੇ ਆਪਣੇ ਵਰ੍ਹਿਆਂ ਦੇ ਸਮਿਆਂ ਉੱਤੇ ਸੋਚਿਆ।
[6] ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ, ਆਪਣੇ ਮਨ ਵਿੱਚ ਧਿਆਨ ਕਰਦਾ ਹਾਂ, ਅਤੇ ਮੇਰਾ ਆਤਮਾ ਖੋਜ ਕਰਦਾ ਹੈ,
[7] ਕਿ ਪ੍ਰਭੂ ਸਦਾ ਹੀ ਤਿਆਗ ਦੇਵੇਗਾ, ਅਤੇ ਫੇਰ ਕਦੇ ਪਰਸੰਨ ਨਾ ਹੋਵੇਗਾ?
[8] ਕੀ ਉਸ ਦੀ ਦਯਾ ਸਦਾ ਲਈ ਰੁੱਕ ਗਈ ਹੈ? ਕੀ ਉਸ ਦਾ ਬਚਨ ਪੀੜ੍ਹੀਓਂ ਪੀੜ੍ਹੀ ਹਟ ਗਿਆ?
[9] ਕੀ ਪਰਮੇਸ਼ੁਰ ਕਿਰਪਾ ਕਰਨੀ ਭੁੱਲ ਗਿਆ? ਕੀ ਉਸ ਨੇ ਕ੍ਰੋਧ ਨਾਲ ਆਪਣੀਆਂ ਰਹਮਤਾਂ ਨੂੰ ਰੋਕ ਲਿਆ ਹੈ?। ਸਲਹ।
[10] ਤਾਂ ਮੈਂ ਆਖਿਆ, ਇਹ ਮੇਰੀ ਕਮਜ਼ੋਰੀ ਹੈ, ਅੱਤ ਮਹਾਨ ਦਾ ਸੱਜਾ ਹੱਥ ਬਦਲ ਗਿਆ ਹੈ!
[11] ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ।
[12] ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।
[13] ਹੇ ਪਰਮੇਸ਼ੁਰ ਤੇਰਾ ਮਾਰਗ ਪਵਿੱਤਰਤਾਈ ਹੈ, ਪਰਮੇਸ਼ੁਰ ਵਰਗਾ ਵੱਡਾ ਦੇਵਤਾ ਕਿਹੜਾ ਹੈ?
[14] ਤੂੰ ਉਹ ਪਰਮੇਸ਼ੁਰ ਹੈਂ ਜੋ ਅਚਰਜ਼ ਕੰਮ ਕਰਦਾ ਹੈਂ, ਤੂੰ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਪਰਗਟ ਕੀਤੀ।
[15] ਤੂੰ ਆਪਣੀ ਬਾਂਹ ਨਾਲ ਆਪਣੀ ਪਰਜਾ ਨੂੰ ਯਾਕੂਬ ਤੇ ਯੂਸੁਫ਼ ਦੀ ਅੰਸ ਨੂੰ ਛੁਡਾਇਆ ਹੈ। ਸਲਹ।
[16] ਪਾਣੀਆਂ ਨੇ ਤੈਨੂੰ ਡਿੱਠਾ, ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਡਿੱਠਾ, ਓਹ ਉੱਛਲ ਪਏ ਤੇ ਡੁੰਘਿਆਈਆਂ ਕੰਬ ਉੱਠੀਆਂ।
[17] ਘਟਾਂ ਨੇ ਮੋਹਲੇਧਾਰ ਮੀਂਹ ਵਰ੍ਹਾਇਆ, ਗਗਣ ਨੇ ਖੜਕਾ ਦਿੱਤਾ, ਤੇਰੇ ਤੀਰ ਲਾਂਭੇ ਛਾਂਭੇ ਚੱਲੇ।
[18] ਤੇਰੇ ਗੱਜਣ ਦਾ ਖੜਕ ਵਾਵਰੋਲੇ ਵਿੱਚ ਹੋਇਆ, ਲਸ਼ਕਾਂ ਨੇ ਸਰਿਸ਼ਟੀ ਨੂੰ ਚਾਨਣ ਦਿੱਤਾ, ਧਰਤੀ ਕੰਬੀ ਅਤੇ ਹਿੱਲ ਗਈ।
[19] ਸਮੁੰਦਰ ਦੇ ਵਿੱਚ ਤੇਰਾ ਰਾਹ ਸੀ, ਤੇਰੇ ਪਹੇ ਵੱਡੇ ਪਾਣੀਆਂ ਦੇ ਵਿੱਚ ਸਨ, ਤੇਰੇ ਖੁਰੇ ਜਾਣੇ ਨਾ ਗਏ।
[20] ਤੂੰ ਆਪਣੀ ਪਰਜਾ ਦੀ ਮੂਸਾ ਅਤੇ ਹਾਰੂਨ ਦੇ ਹੱਥੀਂ, ਇੱਜੜ ਦੀ ਨਿਆਈਂ ਅਗਵਾਈ ਕੀਤੀ।