[1] ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ!
[2] ਯਹੋਵਾਹ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹ ਨੇ ਵਿਰੋਧੀ ਦੇ ਹੱਥੋਂ ਛੁਡਾਇਆ ਹੈ।
[3] ਉਹ ਨੇ ਉਨ੍ਹਾਂ ਨੂੰ ਦੇਸ ਦਸੰਤਰਾਂ ਤੋਂ ਇਕੱਠਾ ਕੀਤਾ, ਪੂਰਬ, ਪੱਛਮ, ਉੱਤਰ ਤੇ ਦੱਖਣ ਵੱਲੋਂ।
[4] ਓਹ ਥਲ ਦੇ ਰਾਹ ਉਜਾੜ ਵਿੱਚ ਅਵਾਰਾ ਫਿਰੇ, ਉਨ੍ਹਾਂ ਨੂੰ ਕੋਈ ਵੱਸਿਆ ਹੋਇਆ ਸ਼ਹਿਰ ਨਾ ਲੱਭਾ।
[5] ਓਹ ਭੁੱਖੇ ਤੇ ਤਿਹਾਏ ਸਨ ਉਨ੍ਹਾਂ ਦੇ ਪ੍ਰਾਣ ਉਨ੍ਹਾਂ ਦੇ ਵਿੱਚ ਨਢਾਲ ਸਨ।
[6] ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਅਤੇ ਉਹ ਨੇ ਉਨ੍ਹਾਂ ਦੇ ਕਸ਼ਟਾਂ ਤੋਂ ਉਨ੍ਹਾਂ ਨੂੰ ਛੁਡਾਇਆ।
[7] ਉਹ ਨੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ, ਕਿ ਓਹ ਕਿਸੇ ਵੱਸੇ ਹੋਏ ਸ਼ਹਿਰ ਨੂੰ ਚੱਲੇ ਜਾਣ।
[8] ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
[9] ਉਹ ਤਾਂ ਤਰਸਦੀ ਜਾਨ ਨੂੰ ਰਜਾਉਂਦਾ ਹੈ, ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ।
[10] ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ, ਅਤੇ ਦੁੱਖ ਤੇ ਲੋਹੇ ਨਾਲ ਜਕੜੇ ਹੋਏ ਸਨ,
[11] ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ, ਅਤੇ ਅੱਤ ਮਹਾਨ ਦੇ ਸਲਾਹ ਨੂੰ ਤੁੱਛ ਜਾਣਿਆ,
[12] ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ, ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ,
[13] ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਉਹ ਨੇ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਇਆ।
[14] ਉਹ ਉਨ੍ਹਾਂ ਨੂੰ ਅਨ੍ਹੇਰੇ ਤੇ ਮੌਤ ਦੇ ਸਾਯੇ ਹੇਠੋਂ ਕੱਢ ਲਿਆਇਆ, ਅਤੇ ਉਨ੍ਹਾਂ ਦੇ ਬੰਦ ਤੋੜ ਸੁੱਟੇ।
[15] ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
[16] ਉਹ ਨੇ ਤਾਂ ਪਿੱਤਲ ਦੇ ਦਰ ਭੰਨ ਸੁੱਟੇ, ਤੇ ਲੋਹੇ ਦੇ ਅਰਲਾਂ ਦੇ ਟੋਟੇ-ਟੋਟੇ ਕਰ ਦਿੱਤੇ।
[17] ਮੂਰਖ ਆਪਣੇ ਕੁਚਲਣ ਤੇ ਕੁਕਰਮ ਦੇ ਕਾਰਨ ਦੁੱਖ ਭੋਗਦੇ ਹਨ,
[18] ਸਭ ਪਰਕਾਰ ਦੇ ਪਰਸ਼ਾਦਾਂ ਤੋਂ ਉਨ੍ਹਾਂ ਦਾ ਜੀਅ ਘਿਣ ਕਰਦਾ ਹੈ, ਅਤੇ ਓਹ ਮੌਤ ਦੇ ਫਾਟਕਾਂ ਦੇ ਨੇੜੇ ਪਹੁੰਚਦੇ ਹਨ।
[19] ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਉਂਦਾ ਹੈ।
[20] ਉਹ ਆਪਣਾ ਬਚਨ ਭੇਜ ਕੇ ਉਨ੍ਹਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।
[21] ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
[22] ਓਹ ਧੰਨਵਾਦ ਦੇ ਬਲੀਦਾਨ ਚੜਾਉਣ, ਅਤੇ ਉਹ ਦੇ ਕੰਮ ਜੈਕਾਰਿਆਂ ਨਾਲ ਦੱਸਣ।
[23] ਜਿਹੜੇ ਜ਼ਹਾਜਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ, ਅਤੇ ਮਹਾਂ ਸਾਗਰ ਦੇ ਉੱਤੋਂ ਦੀ ਆਪਣਾ ਬੁਪਾਰ ਕਰਦੇ ਹਨ,
[24] ਓਹ ਯਹੋਵਾਹ ਦੇ ਕੰਮਾਂ ਨੂੰ, ਅਤੇ ਉਹ ਦੇ ਅਚਰਜਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ।
[25] ਉਹ ਹੁਕਮ ਦੇ ਕੇ ਤੂਫਾਨ ਵਗਾਉਂਦਾ ਹੈ, ਅਤੇ ਉਸ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਹਨ।
[26] ਓਹ ਅਕਾਸ਼ ਤੱਕ ਚੜ੍ਹ ਜਾਂਦੇ, ਓਹ ਡੂੰਘਾਣ ਵਿੱਚ ਆਣ ਪੈਂਦੇ ਹਨ, ਲੋਕਾਂ ਦਾ ਜੀਅ ਦੁੱਖ ਦੇ ਕਾਰਨ ਢੱਲ਼ ਜਾਂਦਾ ਹੈ,
[27] ਓਹ ਝੂਲਦੇ ਫਿਰਦੇ ਹਨ ਤੇ ਸ਼ਰਾਬੀ ਵਾਂਗੂੰ ਡਿੱਗਦੇ-ਢਹਿੰਦੇ ਹਨ, ਅਤੇ ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।
[28] ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਅਤੇ ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਕੱਢ ਲਿਆਉਂਦਾ ਹੈ।
[29] ਓਹ ਤੂਫਾਨ ਨੂੰ ਥੰਮਾ ਦਿੰਦਾ ਹੈ, ਅਤੇ ਉਸ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ।
[30] ਤਾਂ ਓਹ ਉਸ ਦੇ ਥੰਮ੍ਹ ਜਾਣ ਦੇ ਕਾਰਨ ਅਨੰਦ ਹੁੰਦੇ ਹਨ, ਅਤੇ ਉਹ ਉਨ੍ਹਾਂ ਨੂੰ ਮਨ ਮੰਗੇ ਘਾਟ ਉੱਤੇ ਪਹੁੰਚਾ ਦਿੰਦਾ ਹੈ।
[31] ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
[32] ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ, ਅਤੇ ਬਜ਼ੁਰਗਾਂ ਦੀ ਬੈਠਕ ਵਿੱਚ ਉਹ ਦੀ ਉਸਤਤ ਕਰਨ।
[33] ਉਹ ਨਦੀਆਂ ਨੂੰ ਉਜਾੜ, ਅਤੇ ਪਾਣੀ ਦੇ ਸੋਤਿਆਂ ਨੂੰ ਸੜੀ ਸੁੱਕੀ ਜ਼ਮੀਨ ਬਣਾ ਦਿੰਦਾ ਹੈ,
[34] ਉਸ ਦੇ ਵਾਸੀਆਂ ਦੀ ਬੁਰਾਈ ਦੇ ਕਾਰਨ, ਉਹ ਫਲਵੰਤ ਜ਼ਮੀਨ ਨੂੰ ਕੱਲਰ ਕਰ ਦਿੰਦਾ ਹੈ।
[35] ਉਹ ਉਜਾੜ ਨੂੰ ਝੀਲ, ਅਤੇ ਸੜੀ ਸੁੱਕੀ ਜ਼ਮੀਨ ਪਾਣੀ ਦਾ ਸੋਤਾ ਬਣਾ ਦਿੰਦਾ ਹੈ,
[36] ਅਤੇ ਭੁੱਖਿਆਂ ਨੂੰ ਉੱਥੇ ਵਸਾ ਦਿੰਦਾ ਹੈ, ਕਿ ਓਹ ਵੱਸਣ ਲਈ ਇੱਕ ਸ਼ਹਿਰ ਕਾਇਮ ਕਰਨ,
[37] ਅਤੇ ਪੈਲੀਆਂ ਬੀਜਣ ਤੇ ਦਾਖਾਂ ਦੇ ਬਾਗ਼ ਲਾਉਣ, ਅਤੇ ਢੇਰ ਸਾਰੀ ਪੈਦਾਵਾਰ ਲੈਣ।
[38] ਉਹ ਉਨ੍ਹਾਂ ਨੂੰ ਬਰਕਤ ਦਿੰਦਾ ਅਤੇ ਓਹ ਵਧ ਜਾਂਦੇ ਹਨ, ਅਤੇ ਉਹ ਉਨ੍ਹਾਂ ਦੇ ਡੰਗਰ ਘਟਣ ਨਹੀਂ ਦਿੰਦਾ।
[39] ਫੇਰ ਅਨ੍ਹੇਰੇ ਅਤੇ ਬਦੀ ਅਤੇ ਰੰਜ ਦੇ ਮਾਰੇ, ਓਹ ਘੱਟ ਜਾਂਦੇ ਅਤੇ ਨਿਉਂਦੇ ਹਨ।
[40] ਉਹ ਪਤਵੰਤਿਆਂ ਉੱਤੇ ਸੂਗ ਡੋਲ੍ਹਦਾ ਹੈ ਅਤੇ ਉਨ੍ਹਾਂ ਨੂੰ ਬੇਰਾਹ ਥਲ ਵਿੱਚ ਭੁਆਉਂਦਾ ਹੈ।
[41] ਪਰ ਉਹ ਕੰਗਾਲ ਨੂੰ ਦੁੱਖ ਵਿੱਚੋਂ ਉਤਾਹਾਂ ਬਿਠਾਉਂਦਾ ਹੈ, ਅਤੇ ਉਹ ਦਾ ਟੱਬਰ ਇੱਜੜ ਜਿਹਾ ਕਰ ਦਿੰਦਾ ਹੈ।
[42] ਸਿੱਧੇ ਲੋਕ ਵੇਖ ਕੇ ਅਨੰਦ ਹੋਣਗੇ, ਅਤੇ ਸਾਰੀ ਬੁਰਿਆਈ ਆਪਣਾ ਮੂੰਹ ਬੰਦ ਕਰੇਗੀ।
[43] ਜੋ ਕੋਈ ਬੁੱਧਵਾਨ ਹੈ ਉਹ ਇਹਨਾਂ ਗੱਲਾਂ ਨੂੰ ਮੰਨੇਗਾ, ਅਤੇ ਯਹੋਵਾਹ ਦੀ ਦਯਾ ਉੱਤੇ ਧਿਆਨ ਲਾਵੇਗਾ।