Skip to content
Opens in a new window
Listen to this chapter • 1:16

[1] ਹੇ ਪਰਮੇਸ਼ੁਰ, ਮੇਰੀ ਫ਼ਰਿਆਦ ਦੀ ਅਵਾਜ਼ ਸੁਣ, ਮੇਰੀ ਜਾਨ ਨੂੰ ਵੈਰੀ ਦੇ ਡਰ ਤੋਂ ਛੁਡਾ।

[2] ਬਦਕਾਰਾਂ ਦੇ ਗੁਪਤ ਮਤੇ ਤੋਂ ਅਤੇ ਕੁਕਰਮੀਆਂ ਦੀ ਹਲਚਲ ਤੋਂ ਮੈਨੂੰ ਲੁਕਾ,

[3] ਜਿਨ੍ਹਾਂ ਨੇ ਆਪਣੀ ਜੀਭ ਤਲਵਾਰ ਵਾਂਗੂੰ ਤਿੱਖੀ ਕੀਤੀ ਹੈ ਅਤੇ ਆਪਣੇ ਕੌੜੇ ਬਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ,

[4] ਕਿ ਗੁਪਤ ਥਾਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ, ਓਹ ਅਚਾਨਕ ਚਲਾਉਂਦੇ ਹਨ ਅਤੇ ਡਰਦੇ ਨਹੀਂ।

[5] ਓਹ ਆਪਣੇ ਆਪ ਨੂੰ ਬੁਰੀ ਗੱਲ ਲਈ ਤਕੜਿਆਂ ਕਰਦੇ ਹਨ, ਓਹ ਫੰਦੇ ਲੁਕਾਉਣ ਦਾ ਉਪਾਓ ਕਰਦੇ ਹਨ ਅਤੇ ਆਖਦੇ ਹਨ, ਭਲਾ, ਕੌਣ ਸਾਨੂੰ ਵੇਖੇਗਾ?

[6] ਓਹ ਸ਼ਰਾਰਤਾਂ ਨੂੰ ਭਾਲਦੇ ਹਨ, “ਅਸੀਂ ਇੱਕ ਪੱਕਾ ਖੋਜ ਕੱਢਿਆ ਹੈ!” ਕਿਉਂ ਜੋ ਮਨੁੱਖ ਦੇ ਮਨ ਦੇ ਵਿਚਾਰ ਅਤੇ ਅੰਦਰਲਾ ਦਿਲ ਡੂੰਘਾ ਹੈ।

[7] ਪਰ ਪਰਮੇਸ਼ੁਰ ਉਨ੍ਹਾਂ ਉੱਤੇ ਅਚਾਨਕ ਤੀਰ ਚਲਾਵੇਗਾ, ਓਹ ਫੱਟੜ ਹੋ ਜਾਣਗੇ,

[8] ਓਹ ਠੇਡੇ ਖਾਣਗੇ, ਉਨ੍ਹਾਂ ਦੀ ਰਸਨਾ ਉਨ੍ਹਾਂ ਦੇ ਹੀ ਵਿਰੁੱਧ ਹੋਵੇਗੀ, ਸਭ ਵੇਖਣ ਵਾਲੇ ਭੱਜ ਜਾਣਗੇ।

[9] ਸਾਰੇ ਆਦਮੀ ਡਰਨਗੇ, ਅਤੇ ਪਰਮੇਸ਼ੁਰ ਦਾ ਕੰਮ ਦੱਸਣਗੇ, ਅਤੇ ਉਹ ਦੇ ਕਾਰਜ ਉੱਤੇ ਧਿਆਨ ਕਰਨਗੇ।

[10] ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, ਅਤੇ ਉਸ ਦੀ ਸ਼ਰਨ ਆਵੇਗਾ, ਅਤੇ ਸਾਰੇ ਸਿੱਧੇ ਮਨ ਵਾਲੇ ਯਹੋਵਾਹ ਦੀ ਵਡਿਆਈ ਕਰਨਗੇ।

ਜ਼ਬੂਰ — Chapters