Skip to content
Opens in a new window
Listen to this chapter • 2:30

[1] ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਜੋ ਕੁਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ!

[2] ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ!

[3] ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ।

[4] ਉਹ ਤੇਰੀ ਜਿੰਦ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ।

[5] ਉਹ ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਗੂੰ ਆਪਣੀ ਜਵਾਨੀ ਨਵਾਂ ਕਰਦਾ ਹੈਂ।

[6] ਯਹੋਵਾਹ ਧਰਮ ਦੇ ਕੰਮ ਅਤੇ ਨਿਆਂ, ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ।

[7] ਉਹ ਨੇ ਆਪਣੇ ਰਾਹ ਮੂਸਾ ਉੱਤੇ, ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕਿਤੇ।

[8] ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਨਾਲ ਭਰਪੂਰ।

[9] ਉਹ ਸਦਾ ਨਹੀਂ ਝਿੜਕੇਗਾ, ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ।

[10] ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ।

[11] ਜਿੰਨਾਂ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨ੍ਹੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!

[12] ਜਿੰਨਾਂ ਪੂਰਬ ਪੱਛਮ ਤੋਂ ਦੂਰ ਹੈ, ਓਨ੍ਹੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!

[13] ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ।

[14] ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਕਿ ਅਸੀਂ ਮਿੱਟੀ ਹੀ ਹਾਂ।

[15] ਇਨਸਾਨ ਦੀ ਉਮਰ ਘਾਹ ਜਿੰਨੀ ਹੈ, ਮੈਦਾਨ ਦੇ ਫੁੱਲ ਵਾਂਗੂੰ ਉਹ ਟਹਿਕਦਾ ਹੈ,

[16] ਜਦ ਵਾਯੂ ਉਹ ਦੇ ਉੱਤੇ ਵਗਦੀ ਹੈ ਤਦ ਉਹ ਹੈ ਹੀ ਨਹੀਂ ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ।

[17] ਪਰ ਯਹੋਵਾਹ ਦੀ ਦਯਾ ਆਦ ਤੋਂ ਅੰਤ ਤੱਕ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ, ਅਤੇ ਉਹ ਦਾ ਧਰਮ ਪੁੱਤਰਾਂ ਪੋਤ੍ਰਿਆਂ ਤੱਕ,

[18] ਅਰਥਾਤ ਉਨ੍ਹਾਂ ਲਈ ਜਿਹੜੇ ਉਹ ਦੇ ਨੇਮ ਨੂੰ ਮੰਨਦੇ, ਤੇ ਉਹ ਦੇ ਫ਼ਰਮਾਨਾਂ ਨੂੰ ਚੇਤੇ ਰੱਖਦੇ ਤੇ ਪੂਰੇ ਕਰਦੇ ਹਨ।

[19] ਯਹੋਵਾਹ ਨੇ ਆਪਣੀ ਰਾਜ ਗੱਦੀ ਸਵਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।

[20] ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ!

[21] ਹੇ ਉਹ ਦੀਓ ਸਾਰੀਓ ਸੈਨਾਵੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ!

[22] ਹੇ ਉਹ ਦੇ ਕਾਰਜੋ, ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ, ਯਹੋਵਾਹ ਨੂੰ ਮੁਬਾਰਕ ਆਖੋ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ!।

ਜ਼ਬੂਰ — Chapters