Skip to content
Opens in a new window
Listen to this chapter • 2:12

[1] ਯਹੋਵਾਹ ਮੇਰੀ ਚੱਟਾਨ ਮੁਬਾਰਕ ਹੋਵੇ, ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ,

[2] ਮੇਰੀ ਦਯਾ, ਮੇਰਾ ਗੜ੍ਹ, ਮੇਰਾ ਉੱਚਾ ਸਥਾਨ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ਼ ਅਤੇ ਉਹ ਜਿਸ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਕੌਮਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ।

[3] ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, ਤੇ ਆਦਮ ਵੰਸ਼ ਕੀ, ਜੋ ਉਹ ਦਾ ਖਿਆਲ ਕਰੇਂ?

[4] ਆਦਮੀ ਸੁਆਸ ਹੀ ਜਿਹਾ ਹੈ, ਉਹ ਦੇ ਦਿਨ ਢਲਦੇ ਸਾਯੇ ਵਰਗੇ ਹਨ।

[5] ਹੇ ਯਹੋਵਾਹ, ਆਪਣੇ ਅਕਾਸ਼ਾਂ ਨੂੰ ਝੁਕਾ ਕੇ ਉਤਰ ਆ, ਪਹਾੜਾਂ ਨੂੰ ਛੂਹ ਕਿ ਧੂੰਆਂ ਨਿੱਕਲੇ!

[6] ਬਿਜਲੀ ਲਿਸ਼ਕਾ ਤੇ ਉਨ੍ਹਾਂ ਨੂੰ ਖਿੰਡਾ ਦੇ, ਆਪਣੇ ਤੀਰ ਚਲਾ ਤੇ ਉਨ੍ਹਾਂ ਨੂੰ ਘਬਰਾ ਦੇ!

[7] ਆਪਣੇ ਹੱਥ ਉੱਪਰੋਂ ਪਸਾਰ, ਮੈਨੂੰ ਧੂ ਕੇ ਵੱਡੇ ਪਾਣੀਆਂ ਵਿੱਚੋਂ ਛੁਡਾ! ਅਰਥਾਤ ਓਪਰਿਆਂ ਦੇ ਹੱਥੋਂ,

[8] ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ।

[9] ਹੇ ਪਰਮੇਸ਼ੁਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ, ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ।

[10] ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈਂ, ਉਹ ਤੂੰ ਹੀ ਹੈਂ!

[11] ਓਪਰਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ, ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ!।

[12] ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਬੂਟਿਆਂ ਵਾਂਗੂੰ ਵਧਣ, ਅਤੇ ਸਾਡੀਆਂ ਧੀਆਂ ਖੂੰਜੇ ਦੇ ਪੱਥਰਾਂ ਦੀ ਨਿਆਈਂ ਹੋਣ, ਜਿਹੜੇ ਮਹਿਲ ਲਈ ਘੜੇ ਹੋਣ।

[13] ਸਾਡੇ ਖੱਤੇ ਭਾਂਤ-ਭਾਂਤ ਦੇ ਅਨਾਜ਼ ਨਾਲ ਭਰੇ ਹੋਏ ਹੋਣ, ਅਤੇ ਸਾਡੇ ਵਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ,

[14] ਸਾਡੇ ਬਲ਼ਦ ਚੰਗੇ ਲੱਦੇ ਹੋਏ ਹੋਣ, ਅਤੇ ਕੋਈ ਸੰਨ੍ਹ ਨਾ ਹੋਵੇ, ਨਾ ਬਾਹਰ ਜਾਣਾ ਹੋਵੇ, ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ,

[15] ਤਾਂ ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!

ਜ਼ਬੂਰ — Chapters