[1] ਸੱਚ-ਮੁੱਚ ਇਸਰਾਏਲ ਲਈ ਅਰਥਾਤ ਖਾਲ਼ਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ।
[2] ਪਰ ਮੈਂ ਹੋ ਹਾਂ, ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ।
[3] ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।
[4] ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ, ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ।
[5] ਓਹ ਹੋਰਨਾਂ ਮਨੁੱਖਾਂ ਵਾਂਗੂੰ ਔਖੇ ਨਹੀਂ ਹੁੰਦੇ, ਨਾ ਹੋਰਨਾਂ ਆਦਮੀਆਂ ਵਾਂਗੂੰ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ।
[6] ਇਸ ਲਈ ਘਮੰਡ ਉਨ੍ਹਾਂ ਦੇ ਗਲੇ ਦੀ ਜੰਜ਼ੀਰ ਹੈ, ਅਤੇ ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ।
[7] ਉਨ੍ਹਾਂ ਦੀਆਂ ਅੱਖੀਆਂ ਚਿਕਨਾਈ ਨਾਲ ਫੁੱਲੀਆਂ ਹੋਈਆਂ ਹਨ, ਉਨ੍ਹਾਂ ਦੇ ਮਨ ਦੇ ਵਿਚਾਰ ਛਲਕਦੇ ਹਨ।
[8] ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, ਓਹ ਹੰਕਾਰ ਨਾਲ ਬੋਲਦੇ ਹਨ।
[9] ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ।
[10] ਇਸ ਲਈ ਉਹ ਲੋਕ ਇੱਧਰ ਮੁੜਨਗੇ ਅਤੇ ਭਰੇ ਹੋਏ ਛੰਨ ਦਾ ਪਾਣੀ ਉਨ੍ਹਾਂ ਤੋਂ ਡੱਫਿਆ ਜਾਂਦਾ ਹੈ,
[11] ਅਤੇ ਓਹ ਆਖਦੇ ਹਨ, ਪਰਮੇਸ਼ੁਰ ਕਿਸ ਤਰ੍ਹਾਂ ਜਾਣਦਾ ਹੈ? ਭਲਾ, ਅੱਤ ਮਹਾਨ ਨੂੰ ਕੁਝ ਪਤਾ ਹੈ?
[12] ਵੇਖੋ, ਦੁਸ਼ਟ ਇਹ ਹਨ, ਅਤੇ ਓਹ ਸਦਾ ਸੁੱਖ ਵਿੱਚ ਰਹਿ ਕੇ ਧੰਨ ਜੋੜਦੇ ਹਨ!।
[13] ਸੱਚ-ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ,
[14] ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ।
[15] ਜੇ ਮੈਂ ਆਖਦਾ ਕਿ ਮੈਂ ਇਸੇ ਤਰ੍ਹਾਂ ਦੱਸਾਂਗਾ, ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ।
[16] ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ,
[17] ਜਦ ਤੱਕ ਮੈਂ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਨਾ ਗਿਆ, - ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ!
[18] ਸੱਚ-ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਵਾਂ ਵਿੱਚ ਰੱਖਦਾ ਹੈਂ, ਅਤੇ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ!
[19] ਓਹ ਛਿੰਨ ਮਾਤਰ ਵਿੱਚ ਕਿਹੋ ਜਿਹੇ ਉੱਜੜ ਗਏ! ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ!
[20] ਹੇ ਪ੍ਰਭੂ, ਸੁਫ਼ਨੇ ਤੋਂ ਜਾਗਣ ਵਾਂਗੂੰ ਜਦ ਤੂੰ ਉੱਠੇਂਗਾ ਤਾਂ ਉਨ੍ਹਾਂ ਦੀ ਸ਼ਕਲ ਤੁੱਛ ਜਾਣੇਂਗਾ।
[21] ਮੇਰਾ ਮਨ ਤਾਂ ਕੌੜਾ ਹੋਇਆ, ਅਤੇ ਮੇਰਾ ਦਿਲ ਛੇਦਿਆ ਗਿਆ,
[22] ਮੈਂ ਐਡਾ ਜਾਹਲ ਤੇ ਅਣਜਾਣ ਸੀ, ਕਿ ਤੇਰੇ ਅੱਗੇ ਪਸ਼ੂ ਜਿਹਾ ਬਣਿਆ।
[23] ਫੇਰ ਮੈਂ ਸਦਾ ਤੇਰੇ ਸੰਗ ਹਾਂ, ਤੂੰ ਮੇਰੇ ਸੱਜੇ ਹੱਥ ਨੂੰ ਫੜਿਆ ਹੈ।
[24] ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।
[25] ਸਵਰਗ ਵਿੱਚ ਮੇਰਾ ਹੋਰ ਕੌਣ ਹੈ? ਅਤੇ ਧਰਤੀ ਉੱਤੇ ਤੈਥੋਂ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ।
[26] ਮੇਰਾ ਤਨ ਤੇ ਮੇਰਾ ਮਨ ਢੱਲ਼ ਜਾਂਦੇ ਹਨ, ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦਾ ਬਲ ਅਤੇ ਮੇਰਾ ਭਾਗ ਹੈ।
[27] ਤਾਂ ਵੇਖੋ, ਜੋ ਤੈਥੋਂ ਦੂਰ ਹਨ ਓਹ ਨਸ਼ਟ ਹੋਣਗੇ, ਤੂੰ ਆਪਣੇ ਅੱਗਿਓਂ ਸਾਰੇ ਵਿਭਚਾਰੀ ਗਰਕ ਕਰ ਦਿੱਤੇ!
[28] ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੂ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਣਨ ਕਰਾਂ।