Skip to content
Opens in a new window
Listen to this chapter • 2:05

[1] ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ।

[2] ਉਹ ਨੇ ਜੋ ਮੇਰੀ ਵੱਲ ਕੰਨ ਲਾਇਆ ਹੈ, ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ।

[3] ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ, ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ, ਮੈਨੂੰ ਦੁੱਖ ਤੇ ਸੋਗ ਮਿਲਿਆ।

[4] ਤਾਂ ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਿਆ, ਹੇ ਯਹੋਵਾਹ, ਕਿਰਪਾ ਕਰ ਕੇ ਮੇਰੀ ਜਾਨ ਨੂੰ ਛੁਡਾ ਲਈ!

[5] ਯਹੋਵਾਹ ਦਯਾਵਾਨ ਤੇ ਧਰਮੀ ਹੈ, ਸਾਡਾ ਪਰਮੇਸ਼ੁਰ ਕਿਰਪਾਲੂ ਹੈ।

[6] ਯਹੋਵਾਹ ਭੋਲਿਆਂ ਦੀ ਰੱਖਿਆ ਕਰਦਾ ਹੈ, ਮੈਂ ਹੀਣਾ ਪੈ ਗਿਆ ਪਰ ਉਹ ਨੇ ਮੈਨੂੰ ਬਚਾਇਆ।

[7] ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ, ਯਹੋਵਾਹ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ,

[8] ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਹੈ।

[9] ਮੈਂ ਯਹੋਵਾਹ ਦੇ ਅੱਗੇ-ਅੱਗੇ ਜਿਉਂਦਿਆਂ ਦੇ ਦੇਸ ਵਿੱਚ ਤੁਰਾਂਗਾ।

[10] ਜਦ ਮੈਂ ਆਖਿਆ ਕਿ ਮੈਂ ਬਹੁਤ ਜਿਆਦਾ ਦੁੱਖੀ ਹੋਇਆ ਫਿਰ ਵੀ ਮੈਂ ਨਿਰੰਤਰ ਯਹੋਵਾਹ ਉੱਤੇ ਵਿਸ਼ਵਾਸ ਕੀਤਾ l

[11] ਮੈਂ ਆਪਣੀ ਘਬਰਾਹਟ ਵਿੱਚ ਆਖ ਬੈਠਾ, ਕਿ ਹਰੇਕ ਆਦਮੀ ਝੂਠਾ ਹੈ।

[12] ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ, ਮੈਂ ਉਹ ਨੂੰ ਕੀ ਮੋੜ ਕੇ ਦਿਆਂ?

[13] ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ।

[14] ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ।

[15] ਯਹੋਵਾਹ ਦੀ ਨਿਗਾਹ ਵਿੱਚ ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ!

[16] ਹੇ ਯਹੋਵਾਹ, ਮੈਂ ਸੱਚ-ਮੁੱਚ ਤੇਰਾ ਦਾਸ ਹਾਂ, ਮੈਂ ਤੇਰਾ ਹੀ ਦਾਸ ਹਾਂ, ਤੇਰੀ ਦਾਸੀ ਦਾ ਪੁੱਤਰ, ਤੂੰ ਤਾਂ ਮੇਰੇ ਬੰਧਨ ਖੋਲ੍ਹੇ ਹਨ।

[17] ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ, ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ।

[18] ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਇਹ ਦੀ ਸਾਰੀ ਪਰਜਾ ਦੇ ਸਾਹਮਣੇ,

[19] ਯਹੋਵਾਹ ਦੇ ਭਵਨ ਦੀਆਂ ਦਰਗਾਹਾਂ ਵਿੱਚ, ਹੇ ਯਰੂਸ਼ਲਮ, ਤੇਰੇ ਐਨ ਵਿਚਕਾਰ। ਹਲਲੂਯਾਹ!।

ਜ਼ਬੂਰ — Chapters