[1] ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ!
[2] ਇਸਰਾਏਲ ਵੀ ਆਖੇ, ਕਿ ਉਹ ਦੀ ਦਯਾ ਸਦੀਪਕ ਹੈ।
[3] ਹਾਰੂਨ ਦਾ ਘਰਾਣਾ ਵੀ ਆਖੇ, ਕਿ ਉਹ ਦੀ ਦਯਾ ਸਦੀਪਕ ਹੈ।
[4] ਯਹੋਵਾਹ ਤੋਂ ਡਰਨ ਵਾਲੇ ਵੀ ਆਖਣ, ਕਿ ਉਹ ਦੀ ਦਯਾ ਸਦੀਪਕ ਹੈ!
[5] ਮੈਂ ਦੁੱਖ ਵਿੱਚ ਯਹੋਵਾਹ ਨੂੰ ਪੁਕਾਰਿਆ, ਯਹੋਵਾਹ ਨੇ ਉੱਤਰ ਦੇ ਕੇ ਮੈਨੂੰ ਖੁੱਲ੍ਹੇ ਥਾਂ ਵਿੱਚ ਰੱਖਿਆ।
[6] ਯਹੋਵਾਹ ਮੇਰੀ ਵੱਲ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ?
[7] ਯਹੋਵਾਹ ਮੇਰੀ ਵੱਲ ਮੇਰੇ ਸਹਾਇਕਾਂ ਵਿੱਚ ਹੈ, ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਵੇਖ ਲਵਾਂਗਾ।
[8] ਆਦਮੀ ਉੱਤੇ ਭਰੋਸਾ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।
[9] ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ।
[10] ਸਾਰੀਆਂ ਕੌਮਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ।
[11] ਉਨ੍ਹਾਂ ਨੇ ਮੈਨੂੰ ਘੇਰ ਲਿਆ, ਆਹੋ, ਉਨ੍ਹਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ।
[12] ਉਨ੍ਹਾਂ ਨੇ ਸ਼ਹਿਦ ਦੀਆਂ ਮੱਖੀਆਂ ਵਾਂਗੂੰ ਮੈਨੂੰ ਘੇਰ ਲਿਆ, ਓਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ।
[13] ਤੂੰ ਮੈਨੂੰ ਡੇਗਣ ਲਈ ਵੱਡਾ ਧੱਕਾ ਦਿੱਤਾ, ਪਰ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
[14] ਯਹੋਵਾਹ ਮੇਰਾ ਬਲ ਤੇ ਗੀਤ ਹੈ, ਉਹ ਮੇਰਾ ਬਚਾਓ ਹੈ।
[15] ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਤੇ ਜੈਕਾਰੇ ਦੀ ਅਵਾਜ਼ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ।
[16] ਯਹੋਵਾਹ ਦਾ ਸੱਜਾ ਹੱਥ ਉੱਚਾ ਹੋਇਆ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ।
[17] ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, ਅਤੇ ਯਹੋਵਾਹ ਦੇ ਕੰਮਾਂ ਦਾ ਵਰਣਨ ਕਰਾਂਗਾ।
[18] ਯਹੋਵਾਹ ਨੇ ਮੈਨੂੰ ਬਹੁਤ ਤਾੜਿਆ, ਪਰ ਮੈਨੂੰ ਮੌਤ ਦੇ ਹਵਾਲੇ ਨਾ ਕੀਤਾ।
[19] ਧਰਮ ਦੇ ਫਾਟਕ ਮੇਰੇ ਲਈ ਖੋਲ੍ਹ ਦਿਓ, ਤਾਂ ਮੈਂ ਉਨ੍ਹਾਂ ਵਿੱਚ ਜਾ ਕੇ ਯਹੋਵਾਹ ਦਾ ਧੰਨਵਾਦ ਕਰਾਂਗਾ।
[20] ਯਹੋਵਾਹ ਦਾ ਫਾਟਕ ਇਹ ਹੈ, ਧਰਮੀ ਇਹ ਦੇ ਵਿੱਚੋਂ ਦੀ ਜਾਣਗੇ।
[21] ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ, ਤੂੰ ਮੇਰਾ ਬਚਾਓ ਹੋਇਆ ਹੈਂ।
[22] ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
[23] ਇਹ ਯਹੋਵਾਹ ਦੀ ਵੱਲੋਂ ਹੈ, ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ।
[24] ਇਹ ਦਿਨ ਯਹੋਵਾਹ ਨੇ ਬਣਾਇਆ, ਉਸ ਵਿੱਚ ਅਸੀਂ ਬਾਗ-ਬਾਗ ਤੇ ਅਨੰਦ ਹੋਈਏ!
[25] ਹੇ ਯਹੋਵਾਹ, ਬੇਨਤੀ ਹੈ, ਬਚਾ ਲੈ, ਹੇ ਯਹੋਵਾਹ, ਬੇਨਤੀ ਹੈ, ਨਿਹਾਲ ਕਰ!
[26] ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ, ਅਸੀਂ ਤੁਹਾਨੂੰ ਯਹੋਵਾਹ ਦੇ ਭਵਨ ਤੋਂ ਬਰਕਤ ਦਿੱਤੀ।
[27] ਯਹੋਵਾਹ ਪਰਮੇਸ਼ੁਰ ਹੈ ਅਤੇ ਉਹ ਨੇ ਸਾਡੇ ਲਈ ਚਾਨਣ ਕੀਤਾ, ਜਗ ਪਸ਼ੂ ਨੂੰ ਰੱਸਿਆਂ ਨਾਲ ਬੰਨ੍ਹ ਦਿਓ, ਜਗਵੇਦੀ ਦੇ ਸਿੰਗਾਂ ਤੱਕ।
[28] ਮੇਰਾ ਪਰਮੇਸ਼ੁਰ ਤੂੰ ਹੈਂ, ਮੈਂ ਤੇਰਾ ਧੰਨਵਾਦ ਕਰਾਂਗਾ। ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਬਜ਼ੁਰਗੀ ਕਰਾਂਗਾ।
[29] ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਉਹ ਦੀ ਦਯਾ ਜੋ ਸਦੀਪਕ ਹੈ।