Skip to content
Opens in a new window
Listen to this chapter • 3:24

[1] ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹਿ,

[2] ਕਿਉਂ ਜੋ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਉਨ੍ਹਾਂ ਨੇ ਮੇਰੇ ਵਿਰੁੱਧ ਖੋਲਿਆ ਹੈ, ਓਹ ਝੂਠੀ ਜੀਭ ਨਾਲ ਮੈਨੂੰ ਬੋਲੇ।

[3] ਉਨ੍ਹਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ, ਅਤੇ ਧਗਾਣੇ ਮੇਰੇ ਨਾਲ ਝਗੜੇ।

[4] ਮੇਰੇ ਪ੍ਰੇਮ ਦੇ ਬਦਲੇ ਓਹ ਮੇਰਾ ਵਿਰੋਧ ਕਰਦੇ ਹਨ, ਪਰ ਮੈਂ ਪ੍ਰਾਰਥਨਾ ਕਰਦਾ ਹਾਂ।

[5] ਭਲਿਆਈ ਦੇ ਬਦਲੇ ਬੁਰਿਆਈ ਅਤੇ ਮੇਰੇ ਪ੍ਰੇਮ ਦੇ ਬਦਲੇ ਵੈਰ ਓਹ ਮੇਰੇ ਵਿਰੁੱਧ ਰੱਖਦੇ ਹਨ।

[6] ਦੁਸ਼ਟ ਉਹ ਦੇ ਉੱਤੇ ਲਾ, ਅਤੇ ਵਿਰੋਧੀ ਉਹ ਦੇ ਸੱਜੇ ਹੱਥ ਖੜ੍ਹਾ ਰਹੇ!

[7] ਆਪਣੇ ਨਿਆਂ ਵਿੱਚ ਉਹ ਦੋਸ਼ੀ ਨਿੱਕਲੇ, ਅਤੇ ਉਹ ਦੀ ਪ੍ਰਾਰਥਨਾ ਪਾਪ ਗਿਣੀ ਜਾਵੇ!

[8] ਉਹ ਦੇ ਜਿਉਣ ਦੇ ਦਿਨ ਥੋੜੇ ਹੋਣ, ਉਹ ਦਾ ਅਹੁਦਾ ਕੋਈ ਹੋਰ ਲਵੇ!

[9] ਉਹ ਦੇ ਬੱਚੇ ਯਤੀਮ ਹੋ ਜਾਣ, ਅਤੇ ਉਹ ਦੀ ਔਰਤ ਵਿਧਵਾ ਹੋ ਜਾਵੇ!

[10] ਉਹ ਦੇ ਬਾਲ ਰੁਲਦੇ ਫਿਰਨ ਤੇ ਭੀਖ ਮੰਗਣ, ਅਤੇ ਆਪਣੇ ਉੱਜੜੇ ਥਾਵਾਂ ਤੋਂ ਦੂਰ ਟੁੱਕਰ ਲੱਭਣ!

[11] ਉਹ ਦਾ ਸ਼ਾਹ ਉਹ ਦਾ ਸਭ ਕੁਝ ਫਾਹ ਲਵੇ, ਅਤੇ ਓਪਰੇ ਉਹ ਦੀ ਕਮਾਈ ਨੂੰ ਠੱਗ ਲੈਣ!

[12] ਕੋਈ ਨਾ ਹੋਵੇ ਜਿਹੜਾ ਉਹ ਦੇ ਉੱਤੇ ਦਯਾ ਕਰਦਾ ਰਹੇ, ਨਾ ਕੋਈ ਉਹ ਦੇ ਯਤੀਮਾਂ ਉੱਤੇ ਤਰਸ ਕਰੇ!

[13] ਉਹ ਦੀ ਅੰਸ ਮੁਕਾਈ ਜਾਵੇ, ਆਉਣ ਵਾਲੀ ਪੀੜ੍ਹੀ ਵਿੱਚ ਉਸ ਦਾ ਨਾਮ ਮਿਟਾਇਆ ਜਾਵੇ!

[14] ਉਹ ਦੇ ਪੁਰਖਿਆਂ ਦੀ ਬਦੀ ਯਹੋਵਾਹ ਨੂੰ ਚੇਤੇ ਰਹੇ, ਅਤੇ ਉਹ ਦੀ ਮਾਂ ਦਾ ਪਾਪ ਨਾ ਮਿਟਾਇਆ ਜਾਵੇ!

[15] ਓਹ ਸਦਾ ਯਹੋਵਾਹ ਦੇ ਸਾਹਮਣੇ ਪਏ ਰਹਿਣ, ਕਿ ਉਹ ਉਨ੍ਹਾਂ ਦੀ ਯਾਦ ਧਰਤੀਓਂ ਮੁਕਾ ਦੇਵੇ,

[16] ਕਿਉਂ ਜੋ ਉਹ ਨੇ ਦਯਾ ਕਰਨੀ ਚੇਤੇ ਨਾ ਰੱਖੀ, ਪਰ ਉਹ ਮਸਕੀਨ, ਕੰਗਾਲ ਤੇ ਟੁੱਟੇ ਦਿਲ ਵਾਲੇ ਨੂੰ ਮਾਰ ਸੁੱਟਣ ਲਈ ਪਿੱਛੇ ਪਿਆ,

[17] ਹਾਂ, ਉਹ ਨੇ ਫਿਟਕਾਰ ਨਾਲ ਪ੍ਰੀਤ ਰੱਖੀ, ਸੋ ਉਹ ਉਸ ਤੇ ਆ ਪਈ, ਅਤੇ ਬਰਕਤ ਤੋਂ ਉਹ ਖੁਸ਼ ਨਹੀਂ ਸੀ, ਸੋ ਉਹ ਉਸ ਤੋਂ ਦੂਰ ਰਹੀ,

[18] ਅਤੇ ਉਹ ਨੇ ਫਿਟਕਾਰ ਨੂੰ ਆਪਣੇ ਬਸਤਰ ਵਾਂਗੂੰ ਪਾਇਆ ਹੋਇਆ ਸੀ, ਅਤੇ ਉਹ ਪਾਣੀ ਵਾਂਗੂੰ ਉਹ ਦੇ ਅੰਦਰ, ਅਤੇ ਉਹ ਦੀਆਂ ਹੱਡੀਆਂ ਵਿੱਚ ਤੇਲ ਵਾਂਗੂੰ ਸਮਾਈ ਹੋਈ ਸੀ।

[19] ਉਹ ਉਸ ਲਈ ਉਸ ਲੀੜੇ ਵਾਂਗੂੰ ਹੋ ਜਾਵੇ ਜਿਹ ਦੇ ਨਾਲ ਉਹ ਆਪਣੇ ਆਪ ਨੂੰ ਢੱਕੇ, ਤੇ ਉਸ ਪੇਟੀ ਵਾਂਗੂੰ ਜਿਹ ਦੇ ਨਾਲ ਉਹ ਆਪਣੀ ਕਮਰ ਕੱਸਦਾ ਰਹੇ!

[20] ਏਹੋ ਈ ਮੇਰੇ ਵਿਰੋਧੀਆਂ ਦਾ ਬਦਲਾ ਯਹੋਵਾਹ ਵੱਲੋਂ ਹੋਵੇ, ਅਤੇ ਮੇਰੀ ਜਾਨ ਦੇ ਵਿਰੁੱਧ ਬੁਰਾ ਬੋਲਣ ਵਾਲਿਆਂ ਦਾ ਵੀ!

[21] ਪਰ ਤੂੰ, ਹੇ ਪ੍ਰਭੂ ਯਹੋਵਾਹ, ਆਪਣੇ ਨਾਮ ਦੇ ਕਾਰਨ ਮੇਰੇ ਲਈ ਕੁਝ ਕਰ, ਤੇਰੀ ਦਯਾ ਤਾਂ ਭਲੀ ਹੈ, ਮੈਨੂੰ ਛੁਡਾ ਲੈ,

[22] ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ, ਅਤੇ ਮੇਰਾ ਦਿਲ ਮੇਰੇ ਅੰਦਰ ਫੱਟੜ ਹੋਇਆ ਹੈ।

[23] ਮੈਂ ਢਲਦੀ ਛਾਂ ਵਾਂਗੂੰ ਜਾਂਦਾ ਰਿਹਾ, ਮੈਂ ਸਲਾ ਵਾਂਗੂੰ ਝਾੜਿਆ ਜਾਂਦਾ,

[24] ਵਰਤਾਂ ਨਾਲ ਮੇਰੇ ਗੋਡੇ ਭਿੜਦੇ ਹਨ, ਮੇਰਾ ਮਾਸ ਤੇਲ ਖੁਣੋਂ ਲਿੱਸਾ ਹੋ ਗਿਆ ਹੈ।

[25] ਮੈਂ ਉਨ੍ਹਾਂ ਦੇ ਲਈ ਤਾਨਿਆਂ ਦਾ ਥਾਂ ਹੋ ਗਿਆ, ਜਦ ਓਹ ਮੈਨੂੰ ਵੇਖਦੇ, ਓਹ ਆਪਣੇ ਸਿਰ ਹਿਲਾਉਂਦੇ ਹਨ।

[26] ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰ! ਆਪਣੀ ਦਯਾ ਅਨੁਸਾਰ ਮੈਨੂੰ ਬਚਾ,

[27] ਕਿ ਓਹ ਜਾਣਨ ਕਿ ਇਹ ਤੇਰਾ ਹੀ ਹੱਥ ਹੈ, ਅਤੇ ਤੂੰ, ਹੇ ਯਹੋਵਾਹ, ਇਹ ਕੀਤਾ ਹੈ।

[28] ਓਹ ਫਿਟਕਾਰਾਂ ਦੇਣ ਪਰ ਤੂੰ ਬਰਕਤ ਦੇ! ਜਦ ਓਹ ਉੱਠਣ ਤਾਂ ਓਹ ਸ਼ਰਮਿੰਦੇ ਹੋਣ, ਪਰ ਤੇਰਾ ਦਾਸ ਅਨੰਦ ਹੋਵੇ!

[29] ਮੇਰੇ ਵਿਰੋਧੀ ਨਿਰਾਦਰੀ ਪਹਿਨਣ, ਓਹ ਆਪਣੇ ਆਪ ਨੂੰ ਲਾਜ ਨਾਲ ਚੱਦਰ ਵਾਂਗੂੰ ਕੱਜਣ!

[30] ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ ਕਰਾਂਗਾ, ਅਤੇ ਬਹੁਤਿਆਂ ਦੇ ਵਿੱਚ ਉਹ ਦੀ ਉਸਤਤ ਕਰਾਂਗਾ।

[31] ਯਹੋਵਾਹ ਤਾਂ ਕੰਗਾਲ ਦੀ ਮਦਦ ਕਰੇਗਾ, ਕਿ ਉਹ ਦੀ ਜਾਨ ਦੇ ਘਾਤਕਾਂ ਤੋਂ ਬਚਾਵੇ।

ਜ਼ਬੂਰ — Chapters