Skip to content
Opens in a new window
Listen to this chapter • 1:54

[1] ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।

[2] ਦਿਨ, ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ, ਰਾਤ ਨੂੰ ਗਿਆਨ ਦੱਸਦੀ ਹੈ।

[3] ਉਨ੍ਹਾਂ ਦੀ ਨਾ ਕੋਈ ਬੋਲੀ ਨਾ ਕੋਈ ਸ਼ਬਦ ਹਨ, ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ।

[4] ਸਾਰੀ ਧਰਤੀ ਵਿੱਚ ਉਨ੍ਹਾਂ ਦੀ ਅਵਾਜ਼ ਗੂੰਜਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ। ਉਨ੍ਹਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਬਣਾਇਆ ਹੈ,

[5] ਜਿਹੜਾ ਲਾੜੇ ਵਾਂਗੂੰ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ, ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।

[6] ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ, ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੱਕ ਹੈ, ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ।

[7] ਯਹੋਵਾਹ ਦੀ ਬਿਵਸਥਾ ਪੂਰੀ ਖਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।

[8] ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।

[9] ਯਹੋਵਾਹ ਦਾ ਭੈਅ ਸ਼ੁੱਧ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ, ਯਹੋਵਾਹ ਦੇ ਨਿਆਂ ਸੱਚੇ ਹਨ, ਓਹ ਨਿਰੇ ਪੁਰੇ ਧਰਮ ਹਨ।

[10] ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨਭਾਉਂਦੇ ਹਨ, ਸ਼ਹਿਦ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ।

[11] ਅਤੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।

[12] ਆਪਣੀਆਂ ਭੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ? ਤੂੰ ਮੈਨੂੰ ਗੁੱਝੇ ਪਾਪਾਂ ਤੋਂ ਅਜ਼ਾਦ ਕਰ,

[13] ਅਤੇ ਆਪਣੇ ਦਾਸ ਨੂੰ ਹੰਕਾਰ ਤੋਂ ਰੋਕ ਰੱਖ, ਉਹ ਮੇਰੇ ਉੱਤੇ ਹਕੂਮਤ ਨਾ ਕਰਨ, ਤਾਂ ਮੈਂ ਪੂਰਾ ਖਰਾ ਉਤਰਾਂਗਾ, ਅਤੇ ਵੱਡੇ ਪਾਪਾਂ ਤੋਂ ਬਰੀ ਠਹਿਰਾਂਗਾ।

[14] ਹੇ ਯਹੋਵਾਹ, ਮੇਰੀ ਚੱਟਾਨ ਅਤੇ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਯੋਗ ਹੋਵੇ।

ਜ਼ਬੂਰ — Chapters