Skip to content
Opens in a new window
Listen to this chapter • 4:31

[1] ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ!

[2] ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ!

[3] ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ!

[4] ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ।

[5] ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ।

[6] ਹੇ ਉਹ ਦੇ ਦਾਸ ਅਬਰਾਹਾਮ ਦੇ ਵੰਸ਼, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,

[7] ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ, ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ!

[8] ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,

[9] ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ,

[10] ਅਤੇ ਉਹ ਨੇ ਯਾਕੂਬ ਲਈ ਬਿਧੀ ਕਰਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਹ ਨੂੰ ਦ੍ਰਿੜ੍ਹ ਕੀਤਾ,

[11] ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ, ਉਹ ਤੁਹਾਡੀ ਮਿਲਖ਼ ਦਾ ਹਿੱਸਾ ਹੈ,

[12] ਜਦ ਓਹ ਗਿਣਤੀ ਵਿੱਚ ਥੋੜੇ ਹੀ ਸਨ, ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ,

[13] ਅਤੇ ਓਹ ਕੌਮ-ਕੌਮ ਵਿੱਚ, ਅਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।

[14] ਉਹ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,

[15] ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ!

[16] ਤਾਂ ਉਹ ਨੇ ਦੇਸ ਉੱਤੇ ਕਾਲ ਪਾ ਦਿੱਤਾ, ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ।

[17] ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਭੇਜਿਆ, ਯੂਸੁਫ਼ ਦਾਸ ਕਰਕੇ ਵੇਚਿਆ ਗਿਆ।

[18] ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ,

[19] ਉਸ ਵੇਲੇ ਤੱਕ ਕਿ ਉਹ ਦਾ ਬਚਨ ਪੂਰਾ ਹੋ ਗਿਆ, ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ।

[20] ਰਾਜੇ ਨੇ ਹੁਕਮ ਭੇਜ ਕੇ ਉਨ੍ਹਾਂ ਨੂੰ ਖੋਲ੍ਹ ਦਿੱਤਾ, ਰਈਯਤਾਂ ਦੇ ਹਾਕਮ ਨੇ ਉਹ ਨੂੰ ਆਜ਼ਾਦ ਕੀਤਾ।

[21] ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ, ਅਤੇ ਆਪਣੀ ਸਾਰੀ ਮਿਲਖ਼ ਦਾ ਹਾਕਮ ਠਹਿਰਾਇਆ,

[22] ਕਿ ਉਹ ਆਪਣੀ ਮਰਜ਼ੀ ਨਾਲ ਉਸ ਦੇ ਸਰਦਾਰਾਂ ਨੂੰ ਬੰਨ੍ਹ ਲਵੇ, ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤ ਸਿਖਾਵੇ।

[23] ਇਸਰਾਏਲ ਮਿਸਰ ਵਿੱਚ ਗਿਆ, ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ।

[24] ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ।

[25] ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ, ਕਿ ਓਹ ਉਹ ਦੀ ਪਰਜਾ ਤੋਂ ਘਿਣ ਕਰਨ ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ।

[26] ਉਹ ਨੇ ਆਪਣੇ ਦਾਸ ਮੂਸਾ ਨੂੰ ਭੇਜਿਆ, ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ।

[27] ਉਹਨਾਂ ਨੇ ਉਨ੍ਹਾਂ ਵਿੱਚ ਉਹ ਦੇ ਨਿਸ਼ਾਨ, ਅਤੇ ਹਾਮ ਦੇ ਦੇਸ ਵਿੱਚ ਅਚਰਜ਼ ਕੰਮ ਵਿਖਾਏ।

[28] ਉਹ ਨੇ ਅਨ੍ਹੇਰ ਭੇਜਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ, ਮਿਸਰੀ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ।

[29] ਉਹ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।

[30] ਉਨ੍ਹਾਂ ਦੀ ਧਰਤੀ ਵਿੱਚੋਂ ਡੱਡੂ ਕਟਕਾਂ ਦੇ ਕਟਕ ਨਿੱਕਲ ਪਏ, ਸਗੋਂ ਉਨ੍ਹਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਵੀ!

[31] ਉਹ ਨੇ ਹੁਕਮ ਦਿੱਤਾ ਤਾਂ ਮੱਖਾਂ ਦੇ ਝੁੰਡ ਆ ਗਏ, ਅਤੇ ਉਨ੍ਹਾਂ ਦੀਆਂ ਸਾਰੀਆਂ ਹੱਦਾਂ ਵਿੱਚ ਜੂੰਆਂ ਵੀ।

[32] ਉਹ ਨੇ ਗੜਿਆਂ ਦੀ ਬੁਛਾੜ ਦਿੱਤੀ, ਅਤੇ ਉਨ੍ਹਾਂ ਦੇ ਦੇਸ ਵਿੱਚ ਅੱਗ ਦੀਆਂ ਲੰਬਾਂ।

[33] ਉਹ ਨੇ ਉਨ੍ਹਾਂ ਦੇ ਅੰਗੂਰ ਅਤੇ ਹੰਜ਼ੀਰਾਂ ਮਾਰ ਦਿੱਤੀਆਂ, ਅਤੇ ਉਨ੍ਹਾਂ ਦੀਆਂ ਹੱਦਾਂ ਦੇ ਬਿਰਛ ਭੰਨ ਸੁੱਟੇ।

[34] ਉਹ ਨੇ ਹੁਕਮ ਦਿੱਤਾ ਤਾਂ ਸਲਾ ਆ ਗਈ, ਅਤੇ ਟੋਕਾ ਅਣਗਿਣਤ ਸੀ।

[35] ਉਹਨਾਂ ਨੇ ਉਨ੍ਹਾਂ ਦੀ ਧਰਤੀ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਨ੍ਹਾਂ ਦੀ ਜ਼ਮੀਨ ਦੇ ਫਲ ਵੀ ਖਾ ਲਏ।

[36] ਉਹ ਨੇ ਉਨ੍ਹਾਂ ਦੇ ਦੇਸ ਦੇ ਸਾਰੇ ਪਹਿਲੌਠੇ ਮਾਰ ਦਿੱਤੇ, ਉਨ੍ਹਾਂ ਦੇ ਸਾਰੇ ਬਲ ਦੇ ਪਹਿਲੇ ਫਲ ਵੀ।

[37] ਉਹ ਚਾਂਦੀ ਅਤੇ ਸੋਨੇ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ, ਉਹਨਾਂ ਦੇ ਗੋਤਾਂ ਵਿੱਚ ਕੋਈ ਡਗਮਗਾਉਣ ਵਾਲਾ ਨਾ ਸੀ।

[38] ਮਿਸਰੀ ਉਹਨਾਂ ਦੇ ਨਿੱਕਲ ਜਾਣ ਵਿੱਚ ਅਨੰਦ ਸਨ, ਕਿਉਂ ਜੋ ਉਹਨਾਂ ਦਾ ਭੈਅ ਉਨ੍ਹਾਂ ਉੱਤੇ ਆ ਪਿਆ ਸੀ।

[39] ਉਹ ਨੇ ਪੜਦੇ ਲਈ ਬੱਦਲ ਤਾਣਿਆ, ਅਤੇ ਰਾਤ ਨੂੰ ਚਾਨਣ ਦੇਣ ਲਈ ਅੱਗ ਦਿੱਤੀ।

[40] ਉਹਨਾਂ ਦੇ ਮੰਗਣ ਤੇ ਉਹ ਬਟੇਰੇ ਲੈ ਆਇਆ, ਅਤੇ ਉਹਨਾਂ ਨੂੰ ਸਵਰਗੀ ਰੋਟੀ ਨਾਲ ਰਜਾਇਆ।

[41] ਉਹ ਨੇ ਚੱਟਾਨ ਨੂੰ ਖੋਲ੍ਹਿਆ ਤਾਂ ਪਾਣੀ ਫੁੱਟ ਨਿੱਕਲੇ, ਓਹ ਥਲਾਂ ਵਿੱਚ ਨਦੀ ਵਾਂਗੂੰ ਵਗ ਤੁਰੇ,

[42] ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ।

[43] ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ, ਅਤੇ ਆਪਣੇ ਚੁਣੇ ਹੋਇਆਂ ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ।

[44] ਉਹ ਨੇ ਉਹਨਾਂ ਨੂੰ ਕੌਮਾਂ ਦੇ ਦੇਸ ਅਤੇ ਉੱਮਤਾਂ ਦੀ ਕਮਾਈ ਉਹਨਾਂ ਨੂੰ ਮਿਲਖ਼ ਵਿੱਚ ਦਿੱਤੀ,

[45] ਕਿ ਓਹ ਉਹ ਦੀਆਂ ਬਿਧੀਆਂ ਦੀਆਂ ਪਾਲਣਾ ਕਰਨ, ਅਤੇ ਉਹ ਦੀ ਬਿਵਸਥਾ ਨੂੰ ਵਿਚਾਰਨ। ਹਲਲੂਯਾਹ!।

ਜ਼ਬੂਰ — Chapters