[1] ਮੈਂ ਤੇਰੀ ਦਯਾ ਅਤੇ ਨਿਆਂ ਵਿਖੇ ਗਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਲਈ ਭਜਨ ਗਾਵਾਂਗਾ।
[2] ਮੈਂ ਪੂਰੇ ਰਾਹ ਵਿੱਚ ਸਿਆਣਾ ਬਣ ਕੇ ਚੱਲਾਂਗਾ, ਤੂੰ ਮੇਰੇ ਕੋਲ ਕਦੋਂ ਆਵੇਂਗਾ? ਮੈਂ ਆਪਣੇ ਘਰ ਵਿੱਚ ਪੂਰੇ ਮਨ ਨਾਲ ਫਿਰਾਂਗਾ।
[3] ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ, ਫਿਰਤੂਆਂ ਦੀ ਕਰਤੂਤ ਤੋਂ ਮੈਨੂੰ ਘਿਣ ਹੈ, ਉਹ ਮੈਨੂੰ ਨਾ ਚੰਬੜੇਗੀ
[4] ਮਨ ਦਾ ਕੁੱਬਾਪੁਣਾ ਮੈਥੋਂ ਦੂਰ ਰਹੇਗਾ, ਮੈਂ ਬੁਰਿਆਈ ਨੂੰ ਨਾ ਜਾਣਾਂਗਾ।
[5] ਜਿਹੜਾ ਓਹਲੇ ਵਿੱਚ ਆਪਣੇ ਗੁਆਂਢੀ ਦੀ ਚੁਗਲੀ ਕਰਦਾ ਹੈ, ਮੈਂ ਉਹ ਨੂੰ ਮਿਟਾ ਦਿਆਂਗਾ, ਉੱਚੀ ਅੱਖ ਤੇ ਮਨ ਦੀ ਆਕੜ ਨੂੰ ਮੈਂ ਨਹੀਂ ਝੱਲਾਂਗਾ।
[6] ਮੇਰੀ ਨਿਗਾਹ ਦੇਸ ਦੇ ਸਚਿਆਰਾਂ ਉੱਤੇ ਰਹੇਗੀ ਕਿ ਓਹ ਮੇਰੇ ਨਾਲ ਵੱਸਣ, ਜਿਹੜਾ ਪੂਰੇ ਰਾਹ ਵਿੱਚ ਚੱਲਦਾ ਹੈ ਉਹ ਮੇਰੀ ਸੇਵਾ ਕਰੇਗਾ।
[7] ਛਲੀਆ ਮੇਰੇ ਘਰ ਵਿੱਚ ਨਾ ਵੱਸੇਗਾ, ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ।
[8] ਹਰ ਸਵੇਰ ਨੂੰ ਮੈਂ ਦੇਸ ਦਿਆਂ ਸਾਰਿਆਂ ਦੁਸ਼ਟਾਂ ਨੂੰ ਮਿਟਾਇਆ ਕਰਾਂਗਾ, ਤਾਂ ਜੋ ਯਹੋਵਾਹ ਦੇ ਸ਼ਹਿਰ ਵਿੱਚੋਂ ਸਾਰੇ ਕੁਕਰਮੀਆਂ ਦਾ ਨਾਸ ਕਰ ਦੇਵਾਂ।