Skip to content
Opens in a new window
Listen to this chapter • 2:50

[1] ਹੇ ਯਹੋਵਾਹ, ਬਦਲਾ ਲੈਣ ਵਾਲੇ ਪਰਮੇਸ਼ੁਰ, ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਕ੍ਰੋਧ ਵਿਖਾ!

[2] ਹੇ ਧਰਤੀ ਦੇ ਨਿਆਈਂ, ਆਪਣੇ ਆਪ ਨੂੰ ਉਠਾ, ਹੰਕਾਰੀਆਂ ਦੇ ਜੋਗ ਬਦਲਾ ਦੇ!

[3] ਹੇ ਯਹੋਵਾਹ, ਜਦੋਂ ਤੋੜੀ ਦੁਸ਼ਟ, ਕਦੋਂ ਤੋੜੀ ਦੁਸ਼ਟ ਬਗਲਾਂ ਵਜਾਉਣਗੇ?

[4] ਓਹ ਡਕਾਰਦੇ, ਓਹ ਨੱਕ ਚੜ੍ਹਾ ਕੇ ਬੋਲਦੇ ਹਨ, ਸਾਰੇ ਬਦਕਾਰ ਵੱਡੇ ਬੋਲ ਬੋਲਦੇ ਹਨ!

[5] ਹੇ ਯਹੋਵਾਹ, ਓਹ ਤੇਰੀ ਪਰਜਾ ਨੂੰ ਚੂਰ-ਚੂਰ ਕਰਦੇ ਹਨ, ਓਹ ਤੇਰੀ ਮਿਰਾਸ ਨੂੰ ਦੁੱਖ ਦਿੰਦੇ ਹਨ।

[6] ਓਹ ਵਿਧਵਾ ਅਤੇ ਪਰਦੇਸੀ ਨੂੰ ਵੱਢ ਸੁੱਟਦੇ ਹਨ, ਅਤੇ ਯਤੀਮਾਂ ਦਾ ਘਾਤ ਕਰਦੇ ਹਨ,

[7] ਅਤੇ ਉਹ ਆਖਦੇ ਹਨ ਕਿ ਯਹੋਵਾਹ ਨਾ ਵੇਖੇਗਾ, ਅਤੇ ਯਾਕੂਬ ਦਾ ਪਰਮੇਸ਼ੁਰ ਕੁਝ ਧਿਆਨ ਨਾ ਕਰੇਗਾ!

[8] ਹੇ ਪਸ਼ੂ ਵੱਤ ਲੋਕੋ, ਸਮਝੋ! ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ?

[9] ਜਿਸ ਨੇ ਕੰਨ ਲਾਇਆ, ਭਲਾ, ਉਹ ਨਹੀਂ ਸੁਣੇਗਾ? ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ?

[10] ਜਿਹੜਾ ਕੌਮਾਂ ਨੂੰ ਤਾੜਦਾ ਹੈ, ਜਿਹੜਾ ਆਦਮੀ ਨੂੰ ਵਿਦਿਆ ਸਿਖਾਉਂਦਾ ਹੈ, ਭਲਾ, ਉਹ ਨਾ ਝਿੜਕੇਗਾ?

[11] ਯਹੋਵਾਹ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ, ਕਿ ਉਹ ਵਿਅਰਥ ਹਨ।

[12] ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤੂੰ ਤਾੜਦਾ ਹੈਂ, ਅਤੇ ਆਪਣੀ ਬਿਵਸਥਾ ਤੋਂ ਸਿੱਖਿਆ ਦਿੰਦਾ ਹੈਂ!

[13] ਤਾਂ ਤੂੰ ਉਹ ਨੂੰ ਬੁਰਿਆਂ ਦਿਨਾਂ ਤੋਂ ਚੈਨ ਦੇਵੇਂ, ਜਦ ਤੱਕ ਦੁਸ਼ਟਾਂ ਦੇ ਲਈ ਟੋਆ ਨਾ ਪੁੱਟਿਆ ਜਾਵੇ।

[14] ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ।

[15] ਜਾਂ ਨਿਆਂ ਧਰਮ ਵੱਲ ਮੁੜ ਆਵੇਗਾ, ਤਾਂ ਸਾਰੇ ਸੁੱਧ ਮਨ ਵਾਲੇ ਉਹ ਦੇ ਮਗਰ ਲੱਗਣਗੇ।

[16] ਮੇਰੇ ਲਈ ਬੁਰਿਆਰਾਂ ਉੱਤੇ ਕੌਣ ਉੱਠੇਗਾ, ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ?

[17] ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ, ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ।

[18] ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸੰਭਾਲਦੀ ਸੀ।

[19] ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀਅ ਨੂੰ ਖੁਸ਼ ਕਰਦੀਆਂ ਹਨ।

[20] ਕੀ ਬਰਬਾਦੀ ਦੀ ਰਾਜ ਗੱਦੀ ਤੇਰੇ ਨਾਲ ਸਾਂਝ ਰੱਖੇਗੀ, ਜੋ ਬਿਧੀ ਦੀ ਓਟ ਵਿੱਚ ਸ਼ਰਾਰਤ ਘੜਦੀ ਹੈ?

[21] ਓਹ ਧਰਮੀ ਦੀ ਜਾਨ ਦੇ ਵਿਰੁੱਧ ਚੜ੍ਹ ਆਉਂਦੇ ਹਨ, ਅਤੇ ਨਿਰਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ।

[22] ਪਰ ਯਹੋਵਾਹ ਮੇਰਾ ਉੱਚਾ ਗੜ੍ਹ ਹੈ, ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚੱਟਾਨ,

[23] ਅਤੇ ਉਹ ਦੁਸ਼ਟਾਂ ਦੀ ਬਦੀ ਮੁੜ ਉਨ੍ਹਾਂ ਹੀ ਦੇ ਪੱਲੇ ਪਵੇਗਾ, ਅਤੇ ਉਨ੍ਹਾਂ ਦੀ ਬੁਰਿਆਈ ਵਿੱਚ ਹੀ ਉਨ੍ਹਾਂ ਨੂੰ ਮਿਟਾ ਦੇਵੇਗਾ, ਹਾਂ, ਯਹੋਵਾਹ ਸਾਡਾ ਪਰਮੇਸ਼ੁਰ ਉਨ੍ਹਾਂ ਨੂੰ ਮਿਟਾ ਦੇਵੇਗਾ!

ਜ਼ਬੂਰ — Chapters