Skip to content
Opens in a new window
Listen to this chapter • 2:12

[1] ਹੇ ਧਰਮੀਓ, ਯਹੋਵਾਹ ਦੀ ਜੈ-ਜੈਕਾਰ ਕਰੋ, ਖ਼ਰਿਆਂ ਨੂੰ ਉਸਤਤ ਕਰਨੀ ਫੱਬਦੀ ਹੈ।

[2] ਬਰਬਤ ਵਜਾ ਕੇ ਯਹੋਵਾਹ ਦਾ ਧੰਨਵਾਦ ਕਰੋ, ਦਸ ਤਾਰ ਦੀ ਸਿਤਾਰ ਵਜਾ ਕੇ ਉਹ ਦੀ ਉਸਤਤ ਗਾਓ।

[3] ਉਸ ਦੇ ਲਈ ਇੱਕ ਨਵਾਂ ਗੀਤ ਗਾਓ, ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ।

[4] ਯਹੋਵਾਹ ਦਾ ਬਚਨ ਸੱਚ ਹੈ, ਅਤੇ ਉਹ ਦੇ ਸਾਰੇ ਕੰਮ ਵਫ਼ਾਦਾਰੀ ਨਾਲ ਹੁੰਦੇ ਹਨ।

[5] ਉਹ ਧਰਮ ਅਤੇ ਨਿਆਂ ਨਾਲ ਪ੍ਰੀਤ ਰੱਖਦਾ ਹੈ, ਯਹੋਵਾਹ ਦੀ ਦਯਾ ਨਾਲ ਧਰਤੀ ਭਰਪੂਰ ਹੈ।

[6] ਯਹੋਵਾਹ ਦੇ ਸ਼ਬਦ ਨਾਲ ਅਕਾਸ਼ ਬਣਾਏ ਗਏ, ਅਤੇ ਉਹਨਾਂ ਦੀ ਸਾਰੀ ਵੱਸੋਂ ਉਹ ਦੇ ਮੂੰਹ ਦੇ ਸਵਾਸ ਨਾਲ

[7] ਉਹ ਸਮੁੰਦਰ ਦੇ ਪਾਣੀ ਨੂੰ ਢੇਰਾਂ ਵਿੱਚ ਇਕੱਠਿਆਂ ਕਰਦਾ ਹੈ, ਉਹ ਡੂੰਘਿਆਂ ਪਾਣੀਆਂ ਨੂੰ ਭੰਡਾਰ ਵਿੱਚ ਰੱਖਦਾ ਹੈ।

[8] ਸਾਰੀ ਧਰਤੀ ਯਹੋਵਾਹ ਤੋਂ ਡਰੇ, ਜਗਤ ਦੇ ਸਾਰੇ ਵਸਨੀਕ ਉਸ ਦਾ ਡਰ ਮੰਨਣ,

[9] ਕਿਉਂ ਜੋ ਉਸ ਨੇ ਆਖਿਆ ਅਤੇ ਉਹ ਹੋ ਗਿਆ, ਉਸ ਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ।

[10] ਯਹੋਵਾਹ ਕੌਮਾਂ ਦੀ ਸਲਾਹ ਨੂੰ ਅਕਾਰਥ ਕਰਦਾ, ਲੋਕਾਂ ਦੀਆਂ ਜੁਗਤਾਂ ਨੂੰ ਵਿਅਰਥ ਕਰ ਦਿੰਦਾ ਹੈ।

[11] ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜ੍ਹੀਓਂ ਪੀੜ੍ਹੀ।

[12] ਧੰਨ ਉਹ ਕੌਮ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਪਰਜਾ ਜਿਸ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ!

[13] ਯਹੋਵਾਹ ਸਵਰਗ ਤੋਂ ਨਿਗਾਹ ਮਾਰਦਾ ਹੈ, ਉਹ ਸਾਰੇ ਮਨੁੱਖਾਂ ਨੂੰ ਵੇਖਦਾ ਹੈ।

[14] ਉਹ ਆਪਣੇ ਵਸੇਬੇ ਤੋਂ ਧਰਤੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ।

[15] ਉਨ੍ਹਾਂ ਸਭਨਾਂ ਦੇ ਦਿਲਾਂ ਨੂੰ ਉਹੋ ਰਚਦਾ ਹੈ, ਉਹੋ ਉਨ੍ਹਾਂ ਦੇ ਸਾਰਿਆਂ ਕੰਮਾਂ ਨੂੰ ਸਮਝਦਾ ਹੈ।

[16] ਫੌਜ ਦੇ ਵਾਧੇ ਦੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ, ਨਾ ਸੂਰਮਾ ਬਹੁਤੇ ਬਲ ਦੇ ਕਾਰਨ ਛੁੱਟ ਸਕਦਾ ਹੈ।

[17] ਬਚਾਓ ਦੇ ਲਈ ਘੋੜਾ ਤਾਂ ਬੇਕਾਰ ਹੈ, ਨਾ ਉਹ ਆਪਣੇ ਵੱਡੇ ਬਲ ਨਾਲ ਕਿਸੇ ਨੂੰ ਛੁਡਾ ਸਕਦਾ ਹੈ।

[18] ਵੇਖੋ, ਯਹੋਵਾਹ ਦੀ ਨਜ਼ਰ ਆਪਣੇ ਭੈਅ ਮੰਨਣ ਵਾਲਿਆਂ ਦੇ ਉੱਤੇ ਹੈ, ਉਨ੍ਹਾਂ ਉੱਤੇ ਜਿਹੜੇ ਉਸ ਦੀ ਦਯਾ ਨੂੰ ਉਡੀਕਦੇ ਹਨ,

[19] ਕਿ ਉਨ੍ਹਾਂ ਦੀ ਜਾਨ ਮੌਤ ਤੋਂ ਛੁਡਾਵੇ, ਅਤੇ ਕਾਲ ਵਿੱਚ ਉਹਨਾਂ ਨੂੰ ਜੀਉਂਦਿਆ ਰੱਖੇ।

[20] ਸਾਡਾ ਮਨ ਯਹੋਵਾਹ ਦੀ ਉਡੀਕ ਕਰਦਾ ਹੈ, ਉਹੋ ਸਾਡਾ ਸਹਾਇਕ ਅਤੇ ਸਾਡੀ ਢਾਲ਼ ਹੈ।

[21] ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ, ਕਿਉਂ ਜੋ ਅਸੀਂ ਉਹ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ।

[22] ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ, ਤਿਵੇਂ ਹੇ ਯਹੋਵਾਹ, ਤੇਰੀ ਦਯਾ ਸਾਡੇ ਉੱਤੇ ਹੋਵੇ।

ਜ਼ਬੂਰ — Chapters