Skip to content
Opens in a new window
Listen to this chapter • 6:23

[1] ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ।

[2] ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ, ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ।

[3] ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, ਅਤੇ ਆਪਣੇ ਦਾਸ ਦਾਊਦ ਨਾਲ ਸਹੁੰ ਖਾਧੀ,

[4] ਕਿ ਮੈਂ ਤੇਰੀ ਅੰਸ ਨੂੰ ਸਦਾ ਤੱਕ ਕਾਇਮ ਰੱਖਾਂਗਾ, ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓਂ ਪੀੜ੍ਹੀ ਬਣਾਈ ਰੱਖਾਂਗਾ। ਸਲਹ।

[5] ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ!

[6] ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸਕਦਾ ਹੈ? ਦੇਵਤਿਆਂ ਦੇ ਪੁੱਤਰਾਂ ਵਿੱਚੋਂ ਕੌਣ ਯਹੋਵਾਹ ਦੇ ਸਮਾਨ ਹੋਵੇਗਾ?

[7] ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਨਕ ਹੈ, ਅਤੇ ਆਪਣੇ ਆਲੇ-ਦੁਆਲੇ ਦੇ ਸਾਰਿਆਂ ਨਾਲੋਂ ਭੈਅ ਦਾਇਕ ਹੈ!

[8] ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ? ਤੇਰੀ ਵਫ਼ਾਦਾਰੀ ਤੇਰੇ ਆਲੇ-ਦੁਆਲੇ ਹੈ,

[9] ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥੰਮ੍ਹ ਦਿੰਦਾ ਹੈਂ।

[10] ਤੂੰ ਰਹਬ ਨੂੰ ਕਿਸੇ ਵੱਢੇ ਹੋਏ ਵਾਂਗੂੰ ਚੂਰ-ਚੂਰ ਕਰ ਦਿੱਤਾ ਹੈ, ਅਤੇ ਆਪਣੀਆਂ ਬਾਂਹਾਂ ਦੇ ਬਲ ਨਾਲ ਤੂੰ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ!

[11] ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ, ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੂੰ ਰੱਖੀ।

[12] ਉੱਤਰ ਅਤੇ ਦੱਖਣ ਨੂੰ ਤੂੰ ਉਤਪਤ ਕੀਤਾ, ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ।

[13] ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ!

[14] ਧਰਮ ਤੇ ਨਿਆਂ ਤੇਰੀ ਰਾਜ ਗੱਦੀ ਦੇ ਨੀਂਹ ਹਨ, ਦਯਾ ਤੇ ਵਫ਼ਾਦਾਰੀ ਤੇਰੇ ਅੱਗੇ-ਅੱਗੇ ਚੱਲਦੀਆਂ ਹਨ।

[15] ਧੰਨ ਓਹ ਲੋਕ ਹਨ ਜਿਹੜੇ ਅਨੰਦ ਦੀ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ!

[16] ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ।

[17] ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ, ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਗ ਉੱਚਾ ਕੀਤਾ ਜਾਵੇਗਾ।

[18] ਸਾਡੀ ਢਾਲ਼ ਤਾਂ ਯਹੋਵਾਹ ਦੀ ਹੈ, ਅਤੇ ਸਾਡਾ ਪਾਤਸ਼ਾਹ ਇਸਰਾਏਲ ਦੇ ਪਵਿੱਤਰ ਪੁਰਖ ਦਾ ਹੈ।

[19] ਤਦ ਮੈਂ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, ਅਤੇ ਫ਼ਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, ਮੈਂ ਪਰਜਾ ਵਿੱਚੋਂ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ।

[20] ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ, ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ,

[21] ਜਿਹ ਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ, ਨਾਲੇ ਮੇਰੀ ਬਾਂਹ ਉਹ ਨੂੰ ਤਕੜਾਈ ਦੇਵੇਗੀ।

[22] ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਦਾ ਪੁੱਤਰ ਉਹ ਨੂੰ ਔਖਿਆਂ ਕਰੇਗਾ।

[23] ਮੈਂ ਉਹ ਦੇ ਅੱਗੋਂ ਉਹ ਦੇ ਵਿਰੋਧੀਆਂ ਨੂੰ ਮਾਰਾਂਗਾ, ਅਤੇ ਉਹ ਦੇ ਵੈਰੀਆਂ ਨੂੰ ਕੁੱਟਾਂਗਾ।

[24] ਪਰ ਮੇਰੀ ਵਫ਼ਾਦਾਰੀ ਅਤੇ ਮੇਰੀ ਦਯਾ ਉਹ ਦੇ ਨਾਲ ਰਹੇਗੀ, ਅਤੇ ਮੇਰੇ ਨਾਮ ਦੇ ਕਾਰਨ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ,

[25] ਅਤੇ ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਅਤੇ ਉਹ ਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ।

[26] ਇਹ ਮੈਨੂੰ ਪੁਕਾਰ ਕੇ ਆਖੇਗਾ, ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚੱਟਾਨ ਹੈਂ!

[27] ਮੈਂ ਵੀ ਉਹ ਨੂੰ ਆਪਣਾ ਪਹਿਲੌਠਾ, ਅਤੇ ਧਰਤੀ ਦਿਆਂ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ।

[28] ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ, ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ,

[29] ਅਤੇ ਮੈਂ ਉਹ ਦੇ ਵੰਸ਼ ਨੂੰ ਸਦਾ ਤੱਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਗੂੰ ਸਾਂਭਾਂਗਾ।

[30] ਜੇ ਉਹ ਦੇ ਬੱਚੇ ਮੇਰੀ ਬਿਵਸਥਾ ਨੂੰ ਤਿਆਗ ਦੇਣ, ਅਤੇ ਮੇਰੇ ਨਿਆਂਵਾਂ ਉੱਤੇ ਨਾ ਚੱਲਣ,

[31] ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗਾੜ ਦੇਣ, ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ,

[32] ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ।

[33] ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫ਼ਾਦਾਰੀ ਛੱਡ ਕੇ ਝੂਠਾ ਹੋਵਾਂਗਾ।

[34] ਮੈਂ ਆਪਣੇ ਨੇਮ ਨੂੰ ਭਰਿਸ਼ਟ ਨਾ ਕਰਾਂਗਾ, ਅਤੇ ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਉਹ ਨੂੰ ਨਾ ਬਦਲਾਂਗਾ।

[35] ਇੱਕ ਵਾਰ ਮੈਂ ਆਪਣੀ ਪਵਿੱਤਰਤਾਈ ਦੀ ਸਹੁੰ ਖਾ ਚੁੱਕਾ ਹਾਂ, ਫੇਰ ਦਾਊਦ ਨਾਲ ਝੂਠ ਨਾ ਬੋਲਾਂਗਾ।

[36] ਉਹ ਦਾ ਵੰਸ਼ ਅੰਤ ਤੱਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਗੂੰ ਮੇਰੇ ਅੱਗੇ ਬਣੀ ਰਹੇਗੀ।

[37] ਉਹ ਚੰਦਰਮਾਂ ਜਿਹੀ ਕਾਇਮ ਰਹੇਗੀ, ਅਤੇ ਗਗਣ ਦੀ ਸੱਚੀ ਸਾਖੀ ਜਿਹੀ। ਸਲਹ।

[38] ਪਰ ਤੂੰ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਤਾਂ ਆਪਣੇ ਮਸਹ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਈਆਂ ਹੈਂ,

[39] ਤੂੰ ਆਪਣੇ ਦਾਸ ਦੇ ਨੇਮ ਨੂੰ ਘਿਣਾਉਣਾ ਸਮਝਿਆ, ਤੂੰ ਉਹ ਦੇ ਮੁਕਟ ਨੂੰ ਮਿੱਟੀ ਵਿੱਚ ਭਰਿਸ਼ਟ ਕੀਤਾ ਹੈ,

[40] ਤੂੰ ਉਹ ਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ, ਤੂੰ ਉਹ ਦੇ ਕਿਲਿਆਂ ਨੂੰ ਥੇਹ ਕਰ ਦਿੱਤਾ ਹੈ!

[41] ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹ ਨੂੰ ਲੁੱਟਦੇ ਹਨ, ਉਹ ਦੇ ਗੁਆਂਢੀ ਉਹ ਦੀ ਨਿੰਦਿਆ ਕਰਦੇ ਹਨ।

[42] ਤੂੰ ਉਹ ਦੇ ਵਿਰੋਧੀਆਂ ਦੇ ਸੱਜੇ ਹੱਥ ਨੂੰ ਉੱਚਿਆਂ ਕੀਤਾ, ਤੂੰ ਉਹ ਦੇ ਸਾਰੇ ਵੈਰੀਆਂ ਨੂੰ ਅਨੰਦ ਕੀਤਾ ਹੈ!

[43] ਤੂੰ ਉਹ ਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ, ਅਤੇ ਲੜਾਈ ਵਿੱਚ ਉਹ ਨੂੰ ਖਲੋਣ ਨਹੀਂ ਦਿੱਤਾ।

[44] ਤੂੰ ਉਹ ਦੇ ਤੇਜ ਨੂੰ ਮੁਕਾ ਦਿੱਤਾ ਹੈ, ਅਤੇ ਉਹ ਦੀ ਰਾਜ ਗੱਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ।

[45] ਤੂੰ ਉਹ ਦੀ ਜਵਾਨੀ ਦੇ ਦਿਨਾਂ ਨੂੰ ਘਟਾ ਦਿੱਤਾ ਹੈ, ਤੂੰ ਉਹ ਨੂੰ ਲਾਜ ਵਿੱਚ ਲਪੇਟਿਆ ਹੈ! ਸਲਹ।

[46] ਹੇ ਯਹੋਵਾਹ, ਕਦ ਤੱਕ? ਕੀ ਤੂੰ ਸਦਾ ਤੱਕ ਆਪਣੇ ਆਪ ਨੂੰ ਲੁਕਾਈ ਰੱਖੇਂਗਾ? ਕਦ ਤੱਕ ਤੇਰਾ ਕ੍ਰੋਧ ਅੱਗ ਵਾਂਗੂੰ ਭੱਖਦਾ ਰਹੇਗਾ?

[47] ਚੇਤੇ ਕਰ ਕਿ ਮੇਰਾ ਵੇਲਾ ਕਿੰਨ੍ਹਾਂ ਘੱਟ ਹੈ, ਤੂੰ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ਼ ਨੂੰ ਉਤਪਤ ਕੀਤਾ!

[48] ਕਿਹੜਾ ਮਨੁੱਖ ਜਿਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ, ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾ? ਸਲਹ।

[49] ਹੇ ਪ੍ਰਭੂ, ਤੇਰੀਆਂ ਓਹ ਪਹਿਲੀਆਂ ਦਿਆਲ਼ਗੀਆਂ ਕਿੱਥੇ ਹਨ, ਜਿਨ੍ਹਾਂ ਦੇ ਵਿਖੇ ਤੂੰ ਆਪਣੀ ਵਫ਼ਾਦਾਰੀ ਵਿੱਚ ਦਾਊਦ ਨਾਲ ਸਹੁੰ ਖਾਧੀ ਸੀ?

[50] ਹੇ ਪ੍ਰਭੂ, ਆਪਣੇ ਦਾਸਾਂ ਦੇ ਉਲਾਹਮਿਆਂ ਦਾ ਚੇਤਾ ਕਰ, ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਉਲਾਹਮੇ ਚੁੱਕੀ ਬੈਠਾ ਹਾਂ,

[51] ਜਿਨ੍ਹਾਂ ਦੇ ਨਾਲ, ਹੇ ਪ੍ਰਭੂ, ਤੇਰੇ ਵੈਰੀਆਂ ਨੇ ਤਾਨੇ ਮਾਰੇ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਤੇਰੇ ਮਸਹ ਕੀਤੇ ਹੋਏ ਦੇ ਖੁਰਿਆਂ ਉੱਤੇ ਤਾਨੇ ਮਾਰੇ।

[52] ਯਹੋਵਾਹ ਸਦਾ ਤੱਕ ਮੁਬਾਰਕ ਹੋਵੇ! ਆਮੀਨ, ਫੇਰ ਆਮੀਨ!

ਜ਼ਬੂਰ — Chapters