[1] ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੂੰ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ!
[2] ਤੂੰ ਚਾਨਣ ਨੂੰ ਪੁਸ਼ਾਕ ਵਾਂਗੂੰ ਹੈਂ, ਤੂੰ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈਂ,
[3] ਤੂੰ ਜੋ ਆਪਣੇ ਚੁਬਾਰਿਆਂ ਦੇ ਸ਼ਤੀਰਾਂ ਨੂੰ ਪਾਣੀਆਂ ਉੱਤੇ ਬੀੜਦਾ ਹੈਂ, ਜੋ ਘਟਾ ਨੂੰ ਆਪਣੇ ਰਥ ਬਣਾਉਂਦਾ ਹੈਂ, ਅਤੇ ਹਵਾ ਦੇ ਪਰਾਂ ਉੱਤੇ ਸੈਲ ਕਰਦਾ ਹੈਂ,
[4] ਤੂੰ ਹਵਾਵਾਂ ਨੂੰ ਆਪਣੇ ਹਲਕਾਰੇ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ ਬਣਾਉਂਦਾ ਹੈਂ।
[5] ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਕਿ ਉਹ ਸਦਾ ਤੱਕ ਅਟੱਲ ਰਹੇ।
[6] ਤੂੰ ਉਹ ਨੂੰ ਡੂੰਘਿਆਈ ਨਾਲ ਇਉਂ ਕੱਜਿਆ ਜਿਵੇਂ ਪੁਸ਼ਾਕ ਨਾਲ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।
[7] ਓਹ ਤੇਰੇ ਨਾਲ ਦਬਕੇ ਨਾਲ ਨੱਠ ਗਏ, ਉਹ ਤੇਰੀ ਗੜ੍ਹਕ ਦੀ ਅਵਾਜ਼ ਤੋਂ ਸ਼ਤਾਬੀ ਭੱਜੇ,
[8] ਉਸ ਥਾਂ ਨੂੰ ਜਿਸ ਦੀ ਤੂੰ ਨੀਂਹ ਰੱਖੀ ਹੋਈ ਸੀ, ਪਰਬਤ ਉਤਾਂਹ ਚੜ੍ਹੇ, ਦੂਣਾ ਹੇਠਾਂ ਉੱਤਰੀਆਂ,
[9] ਤੂੰ ਉਨ੍ਹਾਂ ਲਈ ਇੱਕ ਹੱਦ ਠਹਿਰਾ ਰੱਖੀ ਹੈ ਕਿ ਓਹ ਅੱਗੇ ਨਾ ਲੰਘਣ, ਅਤੇ ਨਾ ਹੀ ਮੁੜ ਕੇ ਧਰਤੀ ਨੂੰ ਢੱਕ ਲੈਣ।
[10] ਤੂੰ ਚਸ਼ਮੇ ਵਾਦੀਆਂ ਵਿੱਚ ਵਗਾਉਂਦਾ ਹੈਂ, ਓਹ ਪਹਾੜਾਂ ਵਿੱਚ ਵੀ ਚੱਲਦੇ ਹਨ।
[11] ਰੜ ਦੇ ਜਾਨਵਰ ਉਨ੍ਹਾਂ ਤੋਂ ਪੀਂਦੇ ਹਨ, ਜੰਗਲੀ ਗਧੇ ਵੀ ਆਪਣੀ ਤੇਹ ਬੁਝਾਉਂਦੇ ਹਨ।
[12] ਉਨ੍ਹਾਂ ਦੇ ਲਾਗੇ ਅਕਾਸ਼ ਦੇ ਪੰਖੇਰੂ ਵਸੇਰਾ ਕਰਦੇ ਹਨ, ਅਤੇ ਟਹਿਣੀਆਂ ਤੋਂ ਬੋਲਦੇ ਹਨ।
[13] ਤੂੰ ਆਪਣੇ ਉੱਚੇ ਸਥਾਨਾਂ ਤੋਂ ਪਹਾੜਾਂ ਨੂੰ ਸਿੰਜਦਾ ਹੈਂ, ਅਤੇ ਤੇਰੇ ਕੰਮਾਂ ਦੇ ਫਲ ਨਾਲ ਧਰਤੀ ਰੱਜਦੀ ਹੈ।
[14] ਤੂੰ ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਕਿ ਧਰਤੀ ਵਿੱਚੋਂ ਆਹਾਰ ਕੱਢੇਂ,
[15] ਦਾਖ਼ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁੱਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।
[16] ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ,
[17] ਜਿੱਥੇ ਚਿੜ੍ਹੀਆਂ ਆਪਣੇ ਆਹਲਣੇ ਬਣਾਉਂਦੀਆਂ ਹਨ, ਅਤੇ ਲਮਢੀਂਗ ਦਾ ਘਰ ਚੀਲ ਦੇ ਰੁੱਖਾਂ ਉੱਤੇ ਹੈ।
[18] ਉੱਚੇ ਪਰਬਤ ਜੰਗਲੀ ਬੱਕਰੀਆਂ ਲਈ ਹਨ, ਢਿੱਗਾਂ ਪਹਾੜੀ ਖਰਗੋਸ਼ਾਂ ਲਈ ਓਟ ਹਨ।
[19] ਉਹ ਨੇ ਚੰਦ ਨੂੰ ਥਿਤਾਂ ਲਈ ਬਣਾਇਆ, ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ।
[20] ਤੂੰ ਅਨ੍ਹੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਜੰਗਲੀ ਜਾਨਵਰ ਦੱਬੀਂ ਪੈਰੀਂ ਨਿੱਕਲਦੇ ਹਨ।
[21] ਜੁਆਨ ਬੱਬਰ ਸ਼ੇਰ ਸ਼ਿਕਾਰ ਲਈ ਗੱਜਦੇ ਹਨ, ਅਤੇ ਪਰਮੇਸ਼ੁਰ ਕੋਲੋਂ ਆਪਣਾ ਅਹਾਰ ਮੰਗਦੇ ਹਨ,
[22] ਸੂਰਜ ਚੜਦੇ ਹੀ ਓਹ ਖਿਸਕ ਜਾਂਦੇ ਹਨ, ਅਤੇ ਆਪਣਿਆਂ ਘੁਰਨਿਆਂ ਵਿੱਚ ਜਾ ਬਹਿੰਦੇ ਹਨ।
[23] ਇਨਸਾਨ ਆਪਣੇ ਕੰਮ ਧੰਦੇ ਨੂੰ ਨਿੱਕਲਦਾ ਹੈ, ਅਤੇ ਆਪਣੀ ਮਿਹਨਤ ਮਜ਼ਦੂਰੀ ਸ਼ਾਮਾਂ ਤੋੜੀ ਕਰਦਾ ਹੈ।
[24] ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੂੰ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!
[25] ਉੱਥੇ ਸਮੁੰਦਰ ਵੱਡਾ ਤੇ ਚੌੜਾ ਹੈ, ਜਿੱਥੇ ਭੁੜਕਣ ਵਾਲੇ ਅਣਗਿਣਤ ਹਨ, ਓਹ ਨਿੱਕੇ-ਨਿੱਕੇ ਤੇ ਵੱਡੇ-ਵੱਡੇ ਜੀਵ ਹਨ!
[26] ਉੱਥੇ ਜਹਾਜ਼ ਚੱਲਦੇ ਹਨ, ਅਤੇ ਤੂੰ ਲਿਵਯਾਥਾਨ ਨੂੰ ਉਹ ਦੇ ਖੇਡਣ ਲਈ ਰਚਿਆ।
[27] ਇਹ ਸਾਰੇ ਤੇਰੀ ਉਡੀਕ ਵਿੱਚ ਹਨ, ਕਿ ਤੂੰ ਵੇਲੇ ਸਿਰ ਉਨ੍ਹਾਂ ਦਾ ਅਹਾਰ ਪਹੁੰਚਾਵੇਂ।
[28] ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਓਹ ਚੁਗ ਲੈਂਦੇ ਹਨ, ਤੂੰ ਆਪਣੀ ਮੁੱਠੀ ਖੋਲ੍ਹਦਾ ਹੈਂ, ਓਹ ਪਦਾਰਥਾਂ ਨਾਲ ਰੱਜ ਜਾਂਦੇ ਹਨ।
[29] ਤੂੰ ਆਪਣਾ ਮੁਖੜਾ ਲੁਕਾਉਂਦਾ ਹੈਂ, ਓਹ ਘਬਰਾ ਜਾਂਦੇ ਹਨ, ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਓਹ ਪ੍ਰਾਣ ਤਿਆਗਦੇ, ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ।
[30] ਤੂੰ ਆਪਣਾ ਆਤਮਾ ਭੇਜਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ, ਅਤੇ ਤੂੰ ਜ਼ਮੀਨ ਨੂੰ ਨਵਾਂ ਬਣਾ ਦਿੰਦਾ ਹੈਂ।
[31] ਯਹੋਵਾਹ ਦਾ ਪਰਤਾਪ ਸਦਾ ਲਈ ਹੋਵੇ, ਯਹੋਵਾਹ ਆਪਣੇ ਕੰਮਾਂ ਤੋਂ ਅਨੰਦ ਹੋਵੇ,
[32] ਜੋ ਧਰਤੀ ਵੱਲ ਨਿਗਾਹ ਮਾਰਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਟੁੰਬਦਾ ਹੈ ਅਤੇ ਧੂੰਆਂ ਨਿੱਕਲਦਾ ਹੈ!
[33] ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾਂ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ!
[34] ਮੇਰਾ ਧਿਆਨ ਉਹ ਨੂੰ ਭਾਵੇ, ਮੈਂ ਯਹੋਵਾਹ ਵਿੱਚ ਮਗਨ ਰਹਾਂਗਾ।
[35] ਪਾਪੀ ਧਰਤੀ ਤੋਂ ਮਿਟ ਜਾਣ, ਅਤੇ ਦੁਸ਼ਟ ਬਾਕੀ ਨਾ ਰਹਿਣ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹਲਲੂਯਾਹ!।