Skip to content
Opens in a new window
Listen to this chapter • 2:22

[1] ਹਲਲੂਯਾਹ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ!

[2] ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ।

[3] ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।

[4] ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਮ ਬੁਲਾਉਂਦਾ ਹੈ।

[5] ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ।

[6] ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, ਉਹ ਦੁਸ਼ਟਾਂ ਨੂੰ ਧਰਤੀ ਤੱਕ ਨਿਵਾ ਦਿੰਦਾ ਹੈ।

[7] ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ,

[8] ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ, ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।

[9] ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, ਨਾਲੇ ਕਾਂਵਾਂ ਦੇ ਬੱਚਿਆਂ ਨੂੰ ਜਦ ਉਹ ਪੁਕਾਰਦੇ ਹਨ।

[10] ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ।

[11] ਯਹੋਵਾਹ ਆਪਣੇ ਭੈਅ ਮੰਨਣ ਵਾਲਿਆਂ ਉੱਤੇ ਰੀਝਦਾ ਹੈ, ਅਤੇ ਆਪਣੀ ਦਯਾ ਦੀ ਆਸਵੰਦਾਂ ਉੱਤੇ ਵੀ।

[12] ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ!

[13] ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ।

[14] ਉਹ ਤੇਰੀਆਂ ਹੱਦਾਂ ਵਿੱਚ ਸੁਲਾਹ ਰੱਖਦਾ ਹੈ, ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ।

[15] ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ।

[16] ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ।

[17] ਉਹ ਆਪਣੀ ਬਰਫ਼ ਨੂੰ ਟੁੱਕੜੇ-ਟੁੱਕੜੇ ਕਰ ਕੇ ਸੁੱਟਦਾ ਹੈ, ਉਹ ਦੇ ਪਾਲੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ?

[18] ਉਹ ਆਪਣਾ ਹੁਕਮ ਭੇਜ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵਗ ਪੈਂਦੇ ਹਨ।

[19] ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਂ ਦੱਸਦਾ ਹੈ।

[20] ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਂਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ। ਹਲਲੂਯਾਹ!

ਜ਼ਬੂਰ — Chapters