Skip to content
Opens in a new window
Listen to this chapter • 1:53

[1] ਯਹੋਵਾਹ ਦਾ ਧੰਨਵਾਦ ਕਰਨਾ, ਅਤੇ, ਹੇ ਅੱਤ ਮਹਾਨ, ਤੇਰੇ ਨਾਮ ਦਾ ਗੁਣ ਗਾਉਣਾ ਭਲਾ ਹੈ,

[2] ਨਾਲੇ ਸਵੇਰ ਨੂੰ ਤੇਰੀ ਦਯਾ ਦਾ, ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,

[3] ਦਸਾਂ ਤਰ੍ਹਾਂ ਵਾਲੇ ਵਾਜੇ ਉੱਤੇ ਅਤੇ ਸਿਤਾਰ ਉੱਤੇ, ਅਤੇ ਬਰਬਤ ਦੇ ਬਿਹਾਗ ਦੇ ਸੁਰ ਉੱਤੇ।

[4] ਹੇ ਯਹੋਵਾਹ, ਤੂੰ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, ਤੇਰੇ ਹੱਥ ਦਿਆਂ ਕੰਮਾਂ ਕਾਰਨ ਮੈਂ ਜੈਕਾਰਾ ਗਜਾਵਾਂਗਾ।

[5] ਹੇ ਯਹੋਵਾਹ, ਤੇਰੇ ਕੰਮ ਕਿੰਨੇ ਵੱਡੇ ਹਨ! ਤੇਰੇ ਖਿਆਲ ਬਹੁਤ ਹੀ ਡੂੰਘੇ ਹਨ!

[6] ਗਿਆਨਹੀਣ ਮਨੁੱਖ ਨਹੀਂ ਜਾਣਦਾ, ਨਾ ਮੂਰਖ ਇਸ ਗੱਲ ਨੂੰ ਸਮਝਦਾ,

[7] ਕਿ ਦੁਸ਼ਟ ਜਦੋਂ ਘਾਹ ਵਾਂਗੂੰ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, ਇਹ ਇਸ ਕਰਕੇ ਹੈ ਕਿ ਓਹ ਸਦਾ ਲਈ ਨਾਸ ਹੋ ਜਾਣ।

[8] ਪਰ ਤੂੰ, ਹੇ ਯਹੋਵਾਹ, ਜੁੱਗੋ-ਜੁੱਗ ਮਹਾਨ ਹੈਂ।

[9] ਵੇਖ, ਤੇਰੇ ਵੈਰੀ, ਹੇ ਯਹੋਵਾਹ, ਹਾਂ, ਵੇਖ, ਤੇਰੇ ਵੈਰੀ ਨਸ਼ਟ ਹੋ ਜਾਣਗੇ, ਅਤੇ ਸਾਰੇ ਕੁਕਰਮੀ ਖਿੰਡ ਪੁੰਡ ਜਾਣਗੇ!

[10] ਪਰ ਤੂੰ ਜੰਗਲੀ ਸਾਨ੍ਹ ਦੇ ਸਿੰਗ ਵਾਂਗੂੰ ਮੇਰੇ ਸਿੰਗ ਨੂੰ ਉੱਚਿਆਂ ਕੀਤਾ ਹੈ, ਮੈਂ ਸੱਜਰੇ ਤੇਲ ਨਾਲ ਮਲਿਆ ਗਿਆ।

[11] ਮੇਰੀ ਅੱਖ ਨੇ ਮੇਰੇ ਘਾਤੀਆਂ ਉੱਤੇ ਨਜ਼ਰ ਕੀਤੀ, ਮੇਰੇ ਕੰਨ ਨੇ ਮੇਰੇ ਭੈੜੇ ਵਿਰੋਧੀਆਂ ਦਾ ਹਾਲ ਸੁਣਿਆ!

[12] ਧਰਮੀ ਖਜ਼ੂਰ ਦੇ ਬਿਰਛ ਵਾਂਗੂੰ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਗੂੰ ਵਧਦਾ ਜਾਵੇਗਾ।

[13] ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, ਓਹ ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਹਿਲਹਾਉਣਗੇ।

[14] ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ,

[15] ਕਿ ਓਹ ਪਰਗਟ ਕਰਨ ਕਿ ਯਹੋਵਾਹ ਸੱਚ ਹੈ, ਉਹ ਮੇਰੀ ਚੱਟਾਨ ਹੈ ਅਤੇ ਉਹ ਦੇ ਵਿੱਚ ਕੋਈ ਅਧਰਮੀ ਨਹੀਂ ਹੈ।

ਜ਼ਬੂਰ — Chapters