[1] ਹਲਲੂਯਾਹ! ਯਹੋਵਾਹ ਦੇ ਨਾਮ ਦੀ ਉਸਤਤ ਕਰੋ, ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ!
[2] ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ, ਸਾਡੇ ਪਰਮੇਸ਼ੁਰ ਦੀਆਂ ਬਾਰਗਾਹਾਂ ਵਿੱਚ ਸੇਵਾ ਕਰਦੇ ਰਹਿੰਦੇ ਹੋ,
[3] ਯਹੋਵਾਹ ਦੀ ਉਸਤਤ ਕਰੋ ਕਿਉਂ ਜੋ ਯਹੋਵਾਹ ਭਲਾ ਹੈ, ਉਸ ਦੇ ਨਾਮ ਦਾ ਭਜਨ ਕਰੋ ਕਿਉਂ ਜੋ ਇਹ ਸੋਹਣਾ ਹੈ!
[4] ਯਹੋਵਾਹ ਨੇ ਯਾਕੂਬ ਨੂੰ ਆਪਣੇ ਹੀ ਲਈ, ਅਤੇ ਇਸਰਾਏਲ ਨੂੰ ਆਪਣੀ ਖ਼ਾਸ ਮਿਲਖ਼ ਲਈ ਚੁਣ ਲਿਆ ਹੈ।
[5] ਸੱਚ-ਮੁੱਚ ਮੈਂ ਜਾਣ ਲਿਆ ਹੈ ਕਿ ਯਹੋਵਾਹ, ਹਾਂ, ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਵੀ ਮਹਾਨ ਹੈ।
[6] ਜੋ ਕੁਝ ਯਹੋਵਾਹ ਨੇ ਚਾਹਿਆ, ਉਹ ਨੇ ਅਕਾਸ਼ ਵਿੱਚ, ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਡੁੰਘਿਆਈਆਂ ਵਿੱਚ ਕੀਤਾ!
[7] ਉਹ ਧਰਤੀ ਦੀਆਂ ਹੱਦਾਂ ਤੋਂ ਭਾਫ਼ ਨੂੰ ਉਤਾਹਾਂ ਲਿਆਉਂਦਾ, ਉਹ ਮੀਂਹ ਲਈ ਬਿਜਲੀਆਂ ਬਣਾਉਂਦਾ, ਆਪਣਿਆਂ ਖਜ਼ਾਨਿਆਂ ਤੋਂ ਹਵਾ ਬਾਹਰ ਲਿਆਉਂਦਾ ਹੈ,
[8] ਜਿਸ ਨੇ ਮਿਸਰ ਦੇ ਪਹਿਲੌਠਿਆਂ ਨੂੰ ਮਾਰਿਆ, ਇਨਸਾਨ ਤੋਂ ਲੈ ਕੇ ਡੰਗਰ ਤੱਕ।
[9] ਹੇ ਮਿਸਰ, ਉਸ ਨੇ ਤੇਰੇ ਵਿਚਕਾਰ ਨਿਸ਼ਾਨ ਤੇ ਅਚੰਭੇ ਭੇਜੇ, ਫ਼ਿਰਊਨ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ,
[10] ਜਿਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਦਿੱਤਾ, ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ,
[11] ਅਰਥਾਤ ਅਮੋਰੀਆਂ ਦੇ ਰਾਜੇ ਸੀਹੋਨ ਨੂੰ, ਬਾਸ਼ਾਨ ਦੇ ਰਾਜੇ ਓਗ ਨੂੰ, ਅਤੇ ਕਨਾਨ ਦੇ ਰਾਜੇ ਰਜਵਾੜਿਆਂ ਨੂੰ।
[12] ਅਤੇ ਉਹ ਨੇ ਉਨ੍ਹਾਂ ਦੇ ਦੇਸ ਮਿਰਾਸ ਵਿੱਚ, ਅਰਥਾਤ ਆਪਣੀ ਪਰਜਾ ਇਸਰਾਏਲ ਦੀ ਮਿਰਾਸ ਵਿੱਚ ਦਿੱਤੇ।
[13] ਹੇ ਯਹੋਵਾਹ, ਤੇਰਾ ਨਾਮ ਸਦੀਪਕ ਹੈ, ਹੇ ਯਹੋਵਾਹ, ਤੇਰੀ ਯਾਦਗਾਰ ਪੀੜ੍ਹੀਓਂ ਪੀੜ੍ਹੀ ਤੱਕ ਹੈ!
[14] ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ।
[15] ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ।
[16] ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ,
[17] ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ!
[18] ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ!।
[19] ਹੇ ਇਸਰਾਏਲ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ! ਹੇ ਹਾਰੂਨ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ!
[20] ਹੇ ਲੇਵੀ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ ਦੇ ਭੈਅ ਮੰਨਣ ਵਾਲਿਓ, ਯਹੋਵਾਹ ਨੂੰ ਮੁਬਾਰਕ ਆਖੋ!
[21] ਯਹੋਵਾਹ ਸੀਯੋਨ ਤੋਂ ਮੁਬਾਰਕ ਹੋਵੇ, ਉਹ ਜਿਹੜਾ ਯਰੂਸ਼ਲਮ ਦਾ ਵਾਸੀ ਹੈ! ਹਲਲੂਯਾਹ!