[1] ਅੱਯੂਬ ਨੇ ਉੱਤਰ ਦੇ ਕੇ ਆਖਿਆ,
[2] “ਮੈਂ ਸੱਚ-ਮੁੱਚ ਜਾਣਦਾ ਹਾਂ ਕਿ ਇਹ ਇਸ ਤਰ੍ਹਾਂ ਹੀ ਹੈ, ਪਰ ਮਨੁੱਖ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ?
[3] ਜੇ ਉਹ ਉਸ ਦੇ ਨਾਲ ਵਿਵਾਦ ਵੀ ਕਰਨਾ ਚਾਹੇ, ਤਾਂ ਵੀ ਉਹ ਹਜ਼ਾਰ ਵਿੱਚੋਂ ਇੱਕ ਗੱਲ ਦਾ ਵੀ ਜਵਾਬ ਨਹੀਂ ਦੇ ਸਕੇਗਾ।
[4] ਉਹ ਬੁੱਧੀਮਾਨ ਅਤੇ ਅੱਤ ਬਲਵੰਤ ਹੈ, ਕਿਸ ਨੇ ਉਹ ਦਾ ਸਾਹਮਣਾ ਕੀਤਾ ਅਤੇ ਪਰਬਲ ਹੋਇਆ?
[5] ਉਹ ਜੋ ਅਚਾਨਕ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ, ਉਹ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ,
[6] ਜੋ ਧਰਤੀ ਨੂੰ ਉਹ ਦੇ ਸਥਾਨ ਤੋਂ ਹਿਲਾ ਦਿੰਦਾ ਹੈ, ਅਤੇ ਉਹ ਦੇ ਥੰਮ੍ਹ ਕੰਬ ਉੱਠਦੇ ਹਨ।
[7] ਜੋ ਸੂਰਜ ਨੂੰ ਹੁਕਮ ਕਰਦਾ ਅਤੇ ਉਹ ਚੜ੍ਹਦਾ ਨਹੀਂ, ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ।
[8] ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ, ਅਤੇ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉੱਤੇ ਚੱਲਦਾ ਹੈ।
[9] ਜੋ ਸਪਤ੍ਰਿਖ, ਜੱਬਾਰ, ਖਿੱਤਿਆਂ ਅਤੇ ਦੱਖਣ ਦੇ ਅਕਾਸ਼ ਮੰਡਲਾਂ ਦਾ ਸਿਰਜਣਹਾਰ ਹੈ।
[10] ਜੋ ਅਜਿਹੇ ਵੱਡੇ-ਵੱਡੇ ਕੰਮ ਕਰਦਾ ਹੈ, ਜਿਹੜੇ ਅਥਾਹ, ਅਚਰਜ਼ ਅਤੇ ਅਣਗਿਣਤ ਹਨ।
[11] ਵੇਖੋ, ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ ਪਰ ਮੈਂ ਉਹ ਨੂੰ ਵੇਖ ਨਹੀਂ ਸਕਦਾ, ਉਹ ਅੱਗੇ ਵੱਧ ਜਾਂਦਾ ਹੈ, ਪਰ ਮੈਂ ਉਹ ਨੂੰ ਪਛਾਣਦਾ ਨਹੀਂ।
[12] ਵੇਖੋ, ਜਦ ਉਹ ਖੋਹਣ ਲੱਗੇ ਤਾਂ ਕੌਣ ਉਹ ਨੂੰ ਰੋਕੇਗਾ? ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ?
[13] ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ, ਰਹਬ ਦੇ ਸਹਾਇਕ ਉਹ ਦੇ ਪੈਰਾਂ ਹੇਠ ਝੁੱਕ ਜਾਂਦੇ ਹਨ।
[14] “ਫੇਰ ਮੈਂ ਕਿਵੇਂ ਉਹ ਨੂੰ ਜਵਾਬ ਦੇ ਸਕਦਾ ਹਾਂ, ਜਾਂ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ ਸਕਦਾ ਹਾਂ?
[15] ਭਾਵੇਂ ਮੈਂ ਨਿਰਦੋਸ਼ ਵੀ ਹੁੰਦਾ ਤਾਂ ਵੀ ਉਸ ਨੂੰ ਜਵਾਬ ਨਹੀਂ ਦੇ ਸਕਦਾ, ਮੈਂ ਸਿਰਫ਼ ਆਪਣੇ ਨਿਆਈਂ ਦੇ ਅੱਗੇ ਦੁਹਾਈ ਦੇ ਸਕਦਾ ਹਾਂ।
[16] ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ, ਤਾਂ ਵੀ ਮੈਂ ਨਿਹਚਾ ਨਾ ਕਰਦਾ ਕਿ ਉਸ ਨੇ ਮੇਰੀ ਅਵਾਜ਼ ਉੱਤੇ ਕੰਨ ਲਾਇਆ ਹੈ,
[17] ਕਿਉਂ ਜੋ ਉਹ ਮੈਨੂੰ ਤੂਫ਼ਾਨ ਨਾਲੋਂ ਤੋੜ ਸੁੱਟਦਾ, ਅਤੇ ਬਿਨ੍ਹਾਂ ਕਾਰਨ ਮੇਰੇ ਫੱਟਾਂ ਨੂੰ ਵਧਾਉਂਦਾ ਹੈ!
[18] ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ!
[19] ਜੇ ਬਲ ਦੀ ਗੱਲ ਕਰੀਏ, ਤਾਂ ਉਹ ਸ਼ਕਤੀਮਾਨ ਹੈ, ਅਤੇ ਜੇ ਨਿਆਂ ਨੂੰ ਲਈਏ ਤਾਂ ਕੌਣ ਉਸ ਨੂੰ ਚੁਣੌਤੀ ਦੇ ਸਕਦਾ ਹੈ?
[20] ਜੇ ਮੈਂ ਨਿਰਦੋਸ਼ ਵੀ ਹੋਵਾਂ ਤਾਂ ਵੀ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ, ਜੇ ਮੈਂ ਖਰਾ ਹੋਵਾਂ ਤਾਂ ਵੀ ਉਹ ਮੈਨੂੰ ਟੇਢਾ ਸਾਬਤ ਕਰੇਗਾ।
[21] “ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ, ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ।
[22] ਇਹ ਇੱਕੋ ਹੀ ਗੱਲ ਹੈ, ਇਸ ਲਈ ਮੈਂ ਆਖਦਾ ਹਾਂ, ਖਰੇ ਅਤੇ ਖੋਟੇ ਦੋਵਾਂ ਨੂੰ ਉਹ ਮੁਕਾ ਦਿੰਦਾ ਹੈ!
[23] ਜਦ ਲੋਕ ਬਿਪਤਾ ਦੇ ਕਰਨ ਅਚਾਨਕ ਮਰਨ ਲੱਗਦੇ ਹਨ, ਤਾਂ ਉਹ ਨਿਰਦੋਸ਼ਾਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ।
[24] ਜਦ ਦੇਸ ਦੁਸ਼ਟਾਂ ਦੇ ਹੱਥ ਵਿੱਚ ਦਿੱਤਾ ਜਾਂਦਾ ਹੈ ਤਾਂ ਉਹ ਨਿਆਂਈਆਂ ਦੀਆਂ ਅੱਖਾਂ ਨੂੰ ਢੱਕ ਦਿੰਦਾ ਹੈ, ਜੇ ਇਹ ਕਰਨ ਵਾਲਾ ਉਹ ਨਹੀਂ, ਤਾਂ ਹੋਰ ਕੌਣ ਹੈ?
[25] “ਮੇਰੇ ਦਿਨ ਸੰਦੇਸ਼ਵਾਹਕਾਂ ਤੋਂ ਵੀ ਤੇਜ਼ ਹਨ, ਉਹ ਉੱਡਦੇ ਜਾਂਦੇ ਹਨ, ਉਹ ਭਲਿਆਈ ਨਹੀਂ ਵੇਖਦੇ।
[26] ਉਹ ਕਾਗਜ਼ਾਂ ਦੀ ਬੇੜੀ ਵਾਂਗੂੰ ਚਲੇ ਜਾਂਦੇ ਹਨ, ਜਾਂ ਜਿਵੇਂ ਬਾਜ਼ ਸ਼ਿਕਾਰ ਉੱਤੇ ਝਪੱਟਾ ਮਾਰਦਾ ਹੈ।
[27] ਜੇ ਮੈਂ ਆਖਾਂ ਕਿ ਮੈਂ ਆਪਣੀ ਸ਼ਿਕਾਇਤ ਭੁੱਲ ਜਾਂਵਾਂਗਾ, ਮੈਂ ਆਪਣੀ ਉਦਾਸੀ ਛੱਡ ਦਿਆਂਗਾ ਅਤੇ ਆਪਣੇ ਆਪ ਨੂੰ ਖੁਸ਼ ਵਿਖਾਵਾਂਗਾ।
[28] ਤਾਂ ਵੀ ਮੈਂ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਿਰਦੋਸ਼ ਨਾ ਠਹਿਰਾਵੇਂਗਾ।
[29] ਮੈਂ ਤਾਂ ਦੋਸ਼ੀ ਠਹਿਰਾਂਗਾ, ਫੇਰ ਮੈਂ ਕਿਉਂ ਵਿਅਰਥ ਕਸ਼ਟ ਝੱਲਾਂ?
[30] ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ, ਅਤੇ ਆਪਣੇ ਹੱਥਾਂ ਨੂੰ ਖਾਰੇ ਪਾਣੀ ਨਾਲ ਸਾਫ਼ ਕਰਾਂ,
[31] ਤਦ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ, ਅਤੇ ਮੇਰੇ ਕੱਪੜੇ ਵੀ ਮੈਥੋਂ ਘਿਣ ਕਰਨਗੇ।
[32] “ਉਹ ਮੇਰੇ ਵਾਂਗੂੰ ਮਨੁੱਖ ਨਹੀਂ ਹੈ ਕਿ ਮੈਂ ਉਹ ਨੂੰ ਉੱਤਰ ਦੇਵਾਂ, ਅਤੇ ਅਸੀਂ ਇੱਕ ਦੂਜੇ ਨਾਲ ਮੁਕੱਦਮਾ ਲੜੀਏ।
[33] ਕਾਸ਼ ਸਾਡੇ ਦੋਹਾਂ ਵਿੱਚ ਕੋਈ ਵਿਚੋਲਾ ਹੁੰਦਾ ਜੋ ਸਾਡੇ ਦੋਹਾਂ ਉੱਤੇ ਹੱਥ ਰੱਖਦਾ,
[34] ਜੋ ਉਸ ਦੀ ਸੋਟੀ ਮੇਰੇ ਉੱਤੋਂ ਹਟਾ ਦਿੰਦਾ, ਤਾਂ ਜੋ ਉਹ ਦੇ ਹੌਲ ਮੈਨੂੰ ਨਾ ਡਰਾਉਂਦੇ।
[35] ਤਦ ਮੈਂ ਉਸ ਤੋਂ ਨਿਰਭੈ ਹੋ ਕੇ ਬੋਲ ਸਕਦਾ, ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ।”