[1] ਪਰ ਹੁਣ ਉਹ ਜਿਹੜੇ ਮੈਥੋਂ ਛੋਟੇ ਹਨ ਉਹ ਮੇਰੇ ਉੱਤੇ ਹੱਸਦੇ ਹਨ, ਜਿਹਨਾਂ ਦੇ ਪੁਰਖਿਆਂ ਨੂੰ ਮੈਂ ਆਪਣੇ ਇੱਜੜ ਦੇ ਕੁੱਤਿਆਂ ਨਾਲ ਵੀ ਕੰਮ ਕਰਨ ਦੇ ਯੋਗ ਨਹੀਂ ਸਮਝਦਾ ਸੀ!
[2] ਭਲਾ, ਉਹਨਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਹਨਾਂ ਦਾ ਪੁਰਸ਼ਾਰਥ ਵੀ ਨਾਸ ਹੋ ਗਿਆ ਹੈ?
[3] ਥੁੜ ਅਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਉਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ।
[4] ਉਹ ਝਾੜੀਆਂ ਉੱਤੋਂ ਨਮਕੀਨ ਸਾਗ ਤੋੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਹਨਾਂ ਦੀ ਰੋਟੀ ਹੈ।
[5] ਉਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਿੱਲਾਉਂਦੇ ਜਿਵੇਂ ਚੋਰ ਉੱਤੇ!
[6] ਭਿਆਨਕ ਘਾਟੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਖੁੱਡਾਂ ਵਿੱਚ ਉਹ ਰਹਿੰਦੇ ਹਨ।
[7] ਝਾੜੀਆਂ ਦੇ ਵਿੱਚ ਉਹ ਹੀਂਗਦੇ ਹਨ, ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ।
[8] ਉਹ ਮੂਰਖ ਦੀ ਅੰਸ, ਸਗੋਂ ਬੇਨਾਮਾਂ ਦੀ ਅੰਸ ਹਨ, ਜੋ ਦੇਸ ਤੋਂ ਕੁੱਟ-ਕੁੱਟ ਕੇ ਕੱਢੇ ਗਏ ਹਨ।
[9] ਅਤੇ ਹੁਣ ਮੈਂ ਉਹਨਾਂ ਦਾ ਗੀਤ ਹੋਇਆ ਹਾਂ, ਅਤੇ ਉਹ ਮੇਰੇ ਉੱਤੇ ਮਿਹਣੇ ਮਾਰਦੇ ਹਨ!
[10] ਉਹ ਮੈਥੋਂ ਘਿਣ ਖਾਂਦੇ, ਉਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ,
[11] ਕਿਉਂ ਜੋ ਪਰਮੇਸ਼ੁਰ ਨੇ ਮੈਨੂੰ ਬਲਹੀਣ ਅਤੇ ਤੁੱਛ ਬਣਾਇਆ ਹੈ, ਇਸ ਲਈ ਉਹ ਮੇਰੇ ਅੱਗੇ ਬੇ-ਲਗ਼ਾਮ ਹੋ ਗਏ ਹਨ!
[12] ਮੇਰੇ ਸੱਜੇ ਪਾਸੇ ਬਜ਼ਾਰੂ ਲੋਕ ਉੱਠਦੇ ਹਨ, ਉਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੈਨੂੰ ਨਾਸ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ।
[13] ਜਿਹਨਾਂ ਦਾ ਕੋਈ ਸਹਾਇਕ ਨਹੀਂ ਉਹ ਮੇਰੇ ਰਾਹਾਂ ਨੂੰ ਵਿਗਾੜਦੇ ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ!
[14] ਉਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਉਜਾੜ ਦੇ ਵਿੱਚੋਂ ਉਹ ਮੇਰੇ ਉੱਤੇ ਹਮਲਾ ਕਰਦੇ ਹਨ।
[15] ਭੈਅ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਗੂੰ ਜਾਂਦੀ ਰਹੀ।
[16] ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲ੍ਹਦੀ ਹੈ, ਦੁੱਖ ਦੇ ਦਿਨ ਮੈਨੂੰ ਫੜ੍ਹਦੇ ਹਨ।
[17] ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ।
[18] ਵੱਡੇ ਜ਼ੋਰ ਨਾਲ ਉਹ ਮੇਰਾ ਰੂਪ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਗੂੰ ਉਹ ਮੈਨੂੰ ਜਕੜਦੀ ਹੈ।
[19] ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ਼ ਵਰਗਾ ਹੋ ਗਿਆ ਹਾਂ!
[20] ਮੈਂ ਤੇਰੇ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖੜ੍ਹਾ ਹੁੰਦਾ ਹਾਂ ਪਰ ਤੂੰ ਸਿਰਫ਼ ਮੇਰੇ ਵੱਲ ਝਾਕਦਾ ਹੈਂ।
[21] ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈਂ!
[22] ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈਂ, ਅਤੇ ਮੈਨੂੰ ਤੂਫ਼ਾਨਾ ਵਿੱਚ ਘੋਲ ਦਿੰਦਾ ਹੈਂ,
[23] ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੱਕ ਪਹੁੰਚਾਵੇਂਗਾ, ਅਤੇ ਉਸ ਵਾਸ ਤੱਕ ਜਿਹੜਾ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ।
[24] ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ?
[25] ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸੀ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ?
[26] ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਦ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਦ ਹਨ੍ਹੇਰਾ ਛਾ ਗਿਆ,
[27] ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਾਏ ਹਨ!
[28] ਮੇਰਾ ਸਰੀਰ ਕਾਲਾ ਪੈ ਗਿਆ ਪਰ ਧੁੱਪ ਦੇ ਕਾਰਨ ਨਹੀਂ, ਮੈਂ ਸਭਾ ਵਿੱਚ ਉੱਠ ਕੇ ਸਹਾਇਤਾ ਲਈ ਦੁਹਾਈ ਦਿੰਦਾ ਹਾਂ!
[29] ਮੈਂ ਗਿੱਦੜਾਂ ਦਾ ਭਰਾ, ਅਤੇ ਸ਼ੁਤਰਮੁਰਗ ਦਾ ਸਾਥੀ ਹੋ ਗਿਆ ਹਾਂ,
[30] ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ!
[31] ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ।