Skip to content
Opens in a new window
Listen to this chapter • 2:51

[1] “ਕੀ ਮਨੁੱਖ ਨੂੰ ਧਰਤੀ ਉੱਤੇ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? ਅਤੇ ਉਹ ਦੇ ਦਿਨ ਮਜ਼ਦੂਰ ਦੇ ਦਿਨਾਂ ਦੀ ਤਰ੍ਹਾਂ ਨਹੀਂ ਹੁੰਦੇ?

[2] ਜਿਵੇਂ ਕੋਈ ਦਾਸ ਛਾਂ ਨੂੰ ਲੋਚਦਾ ਹੈ, ਅਤੇ ਮਜ਼ਦੂਰ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ,

[3] ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ, ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।

[4] ਜਦ ਮੈਂ ਲੰਮਾ ਪੈਂਦਾ ਹਾਂ ਤਾਂ ਮੈਂ ਸੋਚਦਾ ਹਾਂ, ਮੈਂ ਕਦ ਉੱਠਾਂਗਾ? ਪਰ ਰਾਤ ਲੰਮੀ ਹੁੰਦੀ ਹੈ, ਅਤੇ ਮੈਂ ਸਵੇਰ ਤੱਕ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹਾਂ।

[5] ਮੇਰਾ ਸਰੀਰ ਕੀੜਿਆਂ ਅਤੇ ਮਿੱਟੀ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, ਮੇਰੀ ਚਮੜੀ ਆਕੜ ਜਾਂਦੀ, ਫਿਰ ਪੀਕ ਵਗ ਪੈਂਦੀ ਹੈ।

[6] “ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, ਅਤੇ ਆਸ ਤੋਂ ਬਿਨ੍ਹਾਂ ਬੀਤਦੇ ਜਾਂਦੇ ਹਨ।

[7] ਯਾਦ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ, ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ!

[8] ਜਿਹੜੀ ਅੱਖ ਮੈਨੂੰ ਹੁਣ ਵੇਖਦੀ ਹੈ, ਉਹ ਫੇਰ ਨਹੀਂ ਵੇਖੇਗੀ, ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ।

[9] ਜਿਵੇਂ ਬੱਦਲ ਫੱਟ ਕੇ ਮੁੱਕ ਜਾਂਦਾ ਹੈ, ਤਿਵੇਂ ਉਹ ਜਿਹੜਾ ਪਤਾਲ ਵਿੱਚ ਉੱਤਰਦਾ ਹੈ, ਫਿਰ ਉੱਪਰ ਨਹੀਂ ਆਉਂਦਾ।

[10] ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ, ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ।

[11] “ਇਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, ਮੈਂ ਆਪਣੇ ਆਤਮਿਕ ਦੁੱਖ ਵਿੱਚ ਬੋਲਦਾ ਜਾਂਵਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਸ਼ਿਕਾਇਤ ਕਰਦਾ ਰਹਾਂਗਾ।

[12] ਕੀ ਮੈਂ ਸਮੁੰਦਰ ਹਾਂ, ਜਾਂ ਜਲ ਜੰਤੂ, ਜੋ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈਂ?

[13] ਜਦ ਮੈਂ ਸੋਚਦਾ ਹਾਂ ਕਿ ਮੇਰੀ ਮੰਜੀ ਉੱਤੇ ਮੈਨੂੰ ਸ਼ਾਂਤੀ ਮਿਲੇਗੀ ਅਤੇ ਮੇਰੇ ਬਿਛੌਣੇ ਉੱਤੇ ਮੇਰਾ ਦੁੱਖ ਹਲਕਾ ਹੋਵੇਗਾ,

[14] ਤਦ ਤੂੰ ਮੈਨੂੰ ਸੁਫ਼ਨਿਆਂ ਨਾਲ ਘਬਰਾ ਦਿੰਦਾ ਹੈਂ, ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈਂ।

[15] ਇਸ ਲਈ ਮੇਰੀ ਜਾਨ ਫਾਂਸੀ ਨੂੰ ਅਤੇ ਮੇਰੀਆਂ ਹੱਡੀਆਂ ਮੌਤ ਨੂੰ ਜੀਵਨ ਤੋਂ ਵੱਧ ਚੁਣਦੀਆਂ ਹਨ!

[16] ਮੈਂ ਤੁੱਛ ਹਾਂ, ਮੈਂ ਸਦਾ ਤੱਕ ਜੀਉਂਦਾ ਨਾ ਰਹਾਂਗਾ, ਮੈਨੂੰ ਛੱਡ ਦੇ ਕਿਉਂ ਜੋ ਮੇਰੇ ਦਿਨ ਸਾਹ ਦੀ ਤਰ੍ਹਾਂ ਹੀ ਹਨ!

[17] “ਮਨੁੱਖ ਕੀ ਹੈ ਜੋ ਤੂੰ ਉਸ ਨੂੰ ਵਡਿਆਵੇਂ, ਅਤੇ ਆਪਣਾ ਦਿਲ ਉਸ ਉੱਤੇ ਲਾਵੇਂ?

[18] ਅਤੇ ਹਰ ਸਵੇਰ ਉਸ ਦੀ ਖ਼ਬਰ ਲਵੇਂ, ਅਤੇ ਪਲ-ਪਲ ਤੇ ਉਸ ਨੂੰ ਜਾਂਚੇਂ?

[19] ਤੂੰ ਕਦ ਤੱਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ ਅਤੇ ਮੈਨੂੰ ਨਾ ਛੱਡੇਂਗਾ ਜੋ ਮੈਂ ਆਪਣੀ ਥੁੱਕ ਨਿਗਲ ਲਵਾਂ?

[20] ਹੇ ਮਨੁੱਖਾਂ ਦੇ ਰਾਖੇ, ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਕਿ ਮੈਂ ਆਪਣੇ ਆਪ ਲਈ ਬੋਝ ਹੋ ਗਿਆ ਹਾਂ?

[21] ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ, ਅਤੇ ਮੇਰੀ ਬਦੀ ਦੂਰ ਨਹੀਂ ਕਰਦਾ? ਮੈਂ ਤਾਂ ਹੁਣ ਮਿੱਟੀ ਵਿੱਚ ਮਿਲ ਜਾਂਵਾਂਗਾ, ਤਦ ਤੂੰ ਮੈਨੂੰ ਢੂੰਡੇਂਗਾ, ਪਰ ਮੈਂ ਹੋਵਾਂਗਾ ਨਹੀਂ!”

ਅੱਯੂਬ — Chapters