[1] ਅੱਯੂਬ ਨੇ ਤਰਕ ਦੇ ਕੇ ਆਖਿਆ,
[2] “ਜੀਉਂਦੇ ਪਰਮੇਸ਼ੁਰ ਦੀ ਸਹੁੰ ਜਿਸ ਨੇ ਮੇਰਾ ਨਿਆਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ ਜਿਸ ਨੇ ਮੇਰੀ ਜਾਨ ਨੂੰ ਕੌੜਾ ਕੀਤਾ!
[3] ਜਿੰਨਾਂ ਚਿਰ ਮੇਰਾ ਪ੍ਰਾਣ ਮੇਰੇ ਵਿੱਚ ਹੈ, ਅਤੇ ਪਰਮੇਸ਼ੁਰ ਦਾ ਸਾਹ ਮੇਰੀਆਂ ਨਾਸਾਂ ਵਿੱਚ ਹੈ,
[4] ਮੇਰਾ ਮੂੰਹ ਬਦੀ ਦੀਆਂ ਗੱਲਾਂ ਨਾ ਕਰੇਗਾ, ਮੇਰੀ ਜੀਭ ਝੂਠ ਨਾ ਬੋਲੇਗੀ!
[5] ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੱਕ ਆਪਣੀ ਖਰਿਆਈ ਨੂੰ ਨਾ ਛੱਡਾਂਗਾ।
[6] ਮੈਂ ਆਪਣਾ ਧਰਮ ਤਕੜਾਈ ਨਾਲ ਫੜ੍ਹਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ।
[7] “ਮੇਰਾ ਵੈਰੀ ਦੁਸ਼ਟ ਵਾਂਗੂੰ, ਅਤੇ ਮੇਰਾ ਵਿਰੋਧੀ ਬੁਰਿਆਰ ਵਾਂਗੂੰ ਹੋਵੇ।
[8] ਜਦ ਪਰਮੇਸ਼ੁਰ ਭਗਤੀਹੀਣ ਦੀ ਜਾਨ ਲੈ ਲਵੇ ਤਦ ਉਸ ਨੂੰ ਕੀ ਆਸ ਹੈ ਅਤੇ ਉਸ ਦੇ ਕੁਧਰਮ ਨਾਲ ਇਕੱਠੇ ਕੀਤੇ ਮਾਲ ਨੂੰ ਵੀ ਲੈ ਲਵੇ?
[9] ਜਦ ਦੁੱਖ ਉਹ ਦੇ ਉੱਤੇ ਆਵੇ ਤਾਂ ਕੀ ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ?
[10] ਕੀ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਵਿੱਚ ਮਗਨ ਰਹੇਗਾ, ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ?
[11] “ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਸ਼ਕਤੀ ਬਾਰੇ ਸਿਖਾਵਾਂਗਾ, ਜੋ ਕੁਝ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਵਿਖੇ ਹੈ, ਮੈਂ ਨਾ ਲੁਕਾਵਾਂਗਾ।
[12] ਵੇਖੋ, ਤੁਸੀਂ ਸਾਰਿਆਂ ਨੇ ਇਸ ਨੂੰ ਵੇਖਿਆ ਹੈ ਫਿਰ ਤੁਸੀਂ ਕਿਉਂ ਨਿਕੰਮੀਆਂ ਗੱਲਾਂ ਕਰਦੇ ਹੋ?
[13] “ਇਹ ਪਰਮੇਸ਼ੁਰ ਵੱਲੋਂ ਦੁਸ਼ਟਾਂ ਦਾ ਹਿੱਸਾ ਹੈ, ਅਤੇ ਜ਼ਾਲਮਾਂ ਦਾ ਵਿਰਸਾ, ਜੋ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਤੋਂ ਲੈਂਦੇ ਹਨ, ਉਹ ਇਹੋ ਹੀ ਹੈ।
[14] ਜੇਕਰ ਉਹ ਦੇ ਪੁੱਤਰ ਬਹੁਤੇ ਹੋ ਜਾਣ ਤਾਂ ਵੀ ਤਲਵਾਰ ਉਹਨਾਂ ਦਾ ਹਿੱਸਾ ਹੈ, ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ।
[15] ਉਹ ਦੇ ਬਚੇ ਹੋਏ ਲੋਕ ਮਰ ਕੇ ਦਫ਼ਨਾਏ ਜਾਣਗੇ, ਅਤੇ ਉਹਨਾਂ ਦੀਆਂ ਵਿਧਵਾਵਾਂ ਨਾ ਰੋਣਗੀਆਂ।
[16] ਜੇ ਉਹ ਧੂੜ ਵਾਂਗੂੰ ਚਾਂਦੀ ਦੇ ਢੇਰ ਲਾ ਲਵੇ, ਅਤੇ ਮਿੱਟੀ ਦੇ ਢੇਰਾਂ ਵਾਂਗੂੰ ਬਸਤਰ ਤਿਆਰ ਕਰੇ,
[17] ਉਹ ਤਿਆਰ ਤਾਂ ਕਰਾਵੇਗਾ ਪਰ ਧਰਮੀ ਉਸ ਨੂੰ ਪਾਉਣਗੇ, ਅਤੇ ਉਹ ਦੀ ਚਾਂਦੀ ਬੇਦੋਸ਼ੇ ਆਪਸ ਵਿੱਚ ਵੰਡ ਲੈਣਗੇ।
[18] ਉਹ ਆਪਣਾ ਘਰ ਮੱਕੜੀ ਵਾਂਗੂੰ ਬਣਾਉਂਦਾ ਹੈ, ਅਤੇ ਇੱਕ ਝੌਂਪੜੀ ਵਾਂਗੂੰ ਜਿਸ ਨੂੰ ਕੋਈ ਰਾਖ਼ਾ ਬਣਾਉਂਦਾ ਹੈ।
[19] ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਉਹ ਅਜਿਹਾ ਨਹੀਂ ਰਹੇਗਾ, ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਦਾ ਕੁਝ ਰਹਿੰਦਾ ਹੀ ਨਹੀਂ,
[20] ਭੈਅ ਹੜ੍ਹ ਵਾਂਗੂੰ ਉਹ ਦੇ ਉੱਤੇ ਆ ਪੈਂਦਾ ਹੈ, ਅਤੇ ਤੂਫ਼ਾਨ ਰਾਤ ਦੇ ਵੇਲੇ ਉਸ ਨੂੰ ਉਡਾ ਕੇ ਲੈ ਜਾਂਦਾ ਹੈ।
[21] ਪੂਰਬੀ ਹਵਾ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ ਉਹ ਚਲਾ ਜਾਂਦਾ ਹੈ, ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਕੇ ਲੈ ਜਾਂਦੀ ਹੈ।
[22] ਕਿਉਂਕਿ ਪਰਮੇਸ਼ੁਰ ਬਿਨ੍ਹਾਂ ਤਰਸ ਖਾਧੇ ਉਸ ਉੱਤੇ ਬਿਪਤਾ ਪਵੇਗਾ, ਉਹ ਉਸ ਦੇ ਹੱਥੋਂ ਨੱਠੇਗਾ।
[23] ਲੋਕ ਉਸ ਦੇ ਉੱਤੇ ਤਾੜੀਆਂ ਵਜਾਉਣਗੇ, ਅਤੇ ਉਸ ਉੱਤੇ ਫੁੰਕਾਰਨਗੇ ਕਿ ਉਹ ਆਪ ਸਥਾਨ ਤੇ ਨਾ ਰਹਿ ਸਕੇਗਾ।”