Skip to content
Opens in a new window
Listen to this chapter • 4:19

[1] ਤਦ ਅਲੀਫਾਜ਼ ਤੇਮਾਨੀ ਨੇ ਆਖਿਆ,

[2] “ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ?

[3] ਕੀ ਉਹ ਵਿਅਰਥ ਗੱਲਾਂ ਨਾਲ ਬਹਿਸ ਕਰੇ, ਜਾਂ ਅਵਿਰਥਾ ਬੋਲੇ?

[4] ਪਰ ਤੂੰ ਪਰਮੇਸ਼ੁਰ ਦਾ ਭੈਅ ਮੰਨਣਾ ਛੱਡ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈਂ।

[5] ਤੇਰਾ ਮੂੰਹ ਤੇਰੀ ਬਦੀ ਨੂੰ ਪ੍ਰਗਟ ਕਰਦਾ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਬੋਲਦਾ ਹੈਂ।

[6] ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।

[7] “ਕੀ ਪਹਿਲਾ ਮਨੁੱਖ ਤੂੰ ਹੀ ਜੰਮਿਆ ਹੈਂ ਜਾਂ ਪਹਾੜਾਂ ਤੋਂ ਪਹਿਲਾਂ ਤੂੰ ਪੈਦਾ ਹੋਇਆ?

[8] ਕੀ ਤੂੰ ਪਰਮੇਸ਼ੁਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈਂ, ਜਾਂ ਬੁੱਧ ਦਾ ਠੇਕਾ ਤੂੰ ਹੀ ਲੈ ਰੱਖਿਆ ਹੈ?

[9] ਤੂੰ ਅਜਿਹਾ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੇਰੇ ਕੋਲ ਅਜਿਹੀ ਕਿਹੜੀ ਸਮਝ ਹੈ ਜੋ ਸਾਡੇ ਕੋਲ ਨਹੀਂ ਹੈ?

[10] ਸਾਡੇ ਵਿੱਚ ਧੌਲਿਆਂ ਵਾਲੇ ਸਗੋਂ ਬਜ਼ੁਰਗ ਵੀ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।

[11] ਕੀ ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਕੀਤੇ ਨਰਮੀ ਦੇ ਬਚਨ ਤੇਰੇ ਲਈ ਹਲਕੇ ਹਨ?

[12] ਤੇਰਾ ਮਨ ਤੈਨੂੰ ਕਿਉਂ ਖਿੱਚੀ ਜਾਂਦਾ ਹੈ। ਤੂੰ ਅੱਖਾਂ ਨਾਲ ਇਸ਼ਾਰੇ ਕਿਉਂ ਕਰਦਾ ਹੈਂ?

[13] ਕੀ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ, ਅਤੇ ਆਪਣੇ ਮੂੰਹ ਤੋਂ ਵਿਅਰਥ ਗੱਲਾਂ ਬਕਦਾ ਹੈਂ?

[14] “ਮਨੁੱਖ ਕੀ ਹੈ ਜੋ ਉਹ ਨਿਰਦੋਸ਼ ਠਹਿਰੇ, ਅਤੇ ਇਸਤਰੀ ਤੋਂ ਜੰਮਿਆ ਹੋਇਆ ਕੀ ਹੈ ਜੋ ਉਹ ਧਰਮੀ ਠਹਿਰੇ?

[15] ਵੇਖੋ, ਉਹ ਆਪਣੇ ਪਵਿੱਤਰ ਜਨਾਂ ਉੱਤੇ ਵਿਸ਼ਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ,

[16] ਭਲਾ, ਫੇਰ ਮਨੁੱਖ ਕੀ ਜੋ ਘਿਣਾਉਣਾ ਅਤੇ ਭਰਿਸ਼ਟ ਹੈ, ਜੋ ਬੁਰਿਆਈ ਨੂੰ ਪਾਣੀ ਵਾਂਗੂੰ ਪੀਂਦਾ ਹੈ?

[17] “ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਸ ਨੂੰ ਮੈਂ ਵੇਖਿਆ ਉਹ ਦਾ ਵਰਨਣ ਮੈਂ ਕਰਦਾ ਹਾਂ,

[18] ਆਪਣੇ ਪੁਰਖਿਆਂ ਤੋਂ ਸੁਣ ਕੇ, ਜੋ ਕੁਝ ਬੁੱਧਵਾਨਾਂ ਨੇ ਦੱਸਿਆ ਅਤੇ ਨਾ ਛੁਪਾਇਆ,

[19] ਉਹਨਾਂ ਇੱਕਲਿਆਂ ਨੂੰ ਹੀ ਦੇਸ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ,

[20] ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਸਾਲ ਗਿਣ ਕੇ ਰੱਖੇ ਹੋਏ ਹਨ।

[21] ਭੈਅ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ, ਸ਼ਾਂਤੀ ਦੇ ਸਮੇਂ ਵੀ ਲੁਟੇਰਾ ਉਹਨਾਂ ਉੱਤੇ ਆ ਪੈਂਦਾ ਹੈ,

[22] ਉਹ ਨੂੰ ਵਿਸ਼ਵਾਸ ਨਹੀਂ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ, ਅਤੇ ਤਲਵਾਰ ਉਹ ਨੂੰ ਉਡੀਕਦੀ ਹੈ।

[23] ਉਹ ਰੋਟੀ ਲਈ ਮਾਰਿਆ-ਮਾਰਿਆ ਫਿਰਦਾ ਹੈ ਕਿ ਉਹ ਉਸ ਨੂੰ ਕਿੱਥੇ ਮਿਲੇਗੀ? ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੀ ਹੈ।

[24] ਪੀੜ ਅਤੇ ਦੁੱਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਗੂੰ ਜੋ ਯੁੱਧ ਲਈ ਤਿਆਰ ਹੈ, ਉਹ ਉਸ ਉੱਤੇ ਪਰਬਲ ਹੁੰਦੇ ਹਨ,

[25] ਕਿਉਂ ਜੋ ਉਸ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,

[26] ਉਹ ਟੇਢੀ ਧੌਣ ਨਾਲ ਆਪਣੀ ਮੋਟੀਆਂ-ਮੋਟੀਆਂ ਨੋਕਦਾਰ ਢਾਲਾਂ ਵਿਖਾਉਂਦਾ ਹੋਇਆ ਘਮੰਡ ਨਾਲ ਉਸ ਉੱਤੇ ਦੌੜਦਾ ਹੈ।

[27] “ਉਸ ਨੇ ਆਪਣਾ ਚਿਹਰਾ ਚਰਬੀ ਨਾਲ ਢੱਕ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤੈਹਾਂ ਜਮਾਈਆਂ ਹਨ,

[28] ਉਹ ਉੱਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਵੱਸਦਾ, ਜਿਹੜੇ ਖੰਡਰ ਹੋਣ ਲਈ ਛੱਡ ਦਿੱਤੇ ਗਏ ਹਨ।

[29] ਉਹ ਧਨੀ ਨਾ ਹੋਵੇਗਾ ਨਾ ਉਹ ਦਾ ਮਾਲ ਬਣਿਆ ਰਹੇਗਾ, ਨਾ ਉਸ ਦੀ ਉਪਜ ਧਰਤੀ ਵੱਲ ਝੁਕੇਗੀ।

[30] ਉਹ ਹਨੇਰੇ ਤੋਂ ਨਾ ਨਿੱਕਲੇਗਾ, ਲਾਟਾਂ ਉਸ ਦੀਆਂ ਟਹਿਣੀਆਂ ਨੂੰ ਸੁਕਾ ਦੇਣਗੀਆਂ, ਅਤੇ ਪਰਮੇਸ਼ੁਰ ਦੇ ਮੂੰਹ ਦੇ ਸਾਹ ਨਾਲ ਉਹ ਜਾਂਦਾ ਰਹੇਗਾ।

[31] ਉਹ ਵਿਅਰਥ ਗੱਲਾਂ ਉੱਤੇ ਭਰੋਸਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ ਕਿਉਂ ਜੋ ਉਸ ਦਾ ਬਦਲਾ ਵਿਅਰਥ ਹੀ ਹੋਵੇਗਾ।

[32] ਉਹ ਆਪਣੇ ਦਿਨ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੇਗੀ।

[33] ਦਾਖ ਦੀ ਕੱਚੀ ਵੇਲ ਵਾਂਗੂੰ ਉਸ ਦੇ ਫਲ ਝੜ ਜਾਣਗੇ ਅਤੇ ਜ਼ੈਤੂਨ ਦੇ ਫੁੱਲ ਵਾਂਗੂੰ ਉਸ ਦੇ ਫੁੱਲ ਡਿੱਗ ਪੈਣਗੇ।

[34] ਅਧਰਮੀਆਂ ਦੀ ਮੰਡਲੀ ਬਾਂਝ ਹੁੰਦੀ ਹੈ, ਅਤੇ ਅੱਗ ਰਿਸ਼ਵਤ ਲੈਣ ਵਾਲਿਆਂ ਦੇ ਡੇਰਿਆਂ ਨੂੰ ਭਸਮ ਕਰ ਦਿੰਦੀ ਹੈ।

[35] ਉਨ੍ਹਾਂ ਦੇ ਗਰਭ ਵਿੱਚ ਮੁਸੀਬਤ ਪੈਂਦੀ ਹੈ ਅਤੇ ਉਹ ਬਦੀ ਨੂੰ ਜਨਮ ਦਿੰਦੇ ਹਨ, ਉਨ੍ਹਾਂ ਦੇ ਪੇਟ ਵਿੱਚ ਛਲ ਪੈਦਾ ਹੁੰਦਾ ਹੈ।”

ਅੱਯੂਬ — Chapters