[1] ਤਦ ਸੋਫ਼ਰ ਨਅਮਾਤੀ ਨੇ ਆਖਿਆ, “ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਵਧੀਕ ਉੱਤਰ ਨਾ ਦਿੱਤਾ ਜਾਵੇ?
[2] ਕੀ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ?
[3] ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸਕਦੀਆਂ ਹਨ? ਜਦ ਤੂੰ ਮਖ਼ੌਲ ਕਰੇ ਤਾਂ ਕੀ ਕੋਈ ਤੈਨੂੰ ਸ਼ਰਮਿੰਦਾ ਨਾ ਕਰੇ?
[4] ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਵਿੱਤਰ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ।
[5] ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣਾ ਮੂੰਹ ਖੋਲ੍ਹੇ,
[6] ਅਤੇ ਬੁੱਧ ਦੇ ਭੇਤ ਤੈਨੂੰ ਦੱਸੇ! ਉਹ ਤਾਂ ਸਮਝ ਵਿੱਚ ਬਹੁ-ਗੁਣਾ ਹੈ, ਤੂੰ ਜਾਣ ਲੈ ਕਿ ਪਰਮੇਸ਼ੁਰ ਤੇਰੇ ਦੋਸ਼ ਦੇ ਅਨੁਸਾਰ ਸਜ਼ਾ ਨਹੀਂ ਦਿੰਦਾ ਹੈ।
[7] “ਕੀ ਤੂੰ ਖੋਜ ਕਰਕੇ ਪਰਮੇਸ਼ੁਰ ਦਾ ਭੇਤ ਲੱਭ ਸਕਦਾ ਹੈਂ, ਜਾਂ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੱਕ ਪਾ ਸਕਦਾ ਹੈਂ?
[8] ਉਹ ਅਕਾਸ਼ ਤੋਂ ਉੱਚਾ ਹੈ, ਉਹ ਪਤਾਲ ਨਾਲੋਂ ਵੀ ਡੂੰਘਾ ਹੈ, ਤੂੰ ਕੀ ਕਰ ਸਕਦਾ ਹੈਂ?
[9] ਉਸ ਦਾ ਨਾਪ ਧਰਤੀ ਤੋਂ ਵੀ ਤੋਂ ਲੰਮਾ, ਅਤੇ ਸਮੁੰਦਰ ਨਾਲੋਂ ਵੀ ਚੌੜਾ ਹੈ।
[10] “ਜੇਕਰ ਪਰਮੇਸ਼ੁਰ ਵਿੱਚੋਂ ਦੀ ਲੰਘ ਕੇ, ਉਹਨਾਂ ਨੂੰ ਗ਼ੁਲਾਮ ਬਣਾ ਲਵੇ, ਅਤੇ ਨਿਆਂ ਲਈ ਬੁਲਾਵੇ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?
[11] ਉਹ ਤਾਂ ਨਿਕੰਮੇ ਮਨੁੱਖਾਂ ਦੇ ਭੇਦ ਨੂੰ ਜਾਣਦਾ ਹੈ, ਅਤੇ ਕੀ ਉਹ ਬਦੀ ਨੂੰ ਵੇਖ ਕੇ ਉਸ ਉੱਤੇ ਧਿਆਨ ਨਾ ਦੇਵੇਗਾ।
[12] ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ ਤਦ ਹੀ ਮੂਰਖ ਨੂੰ ਬੁੱਧੀ ਪ੍ਰਾਪਤ ਹੁੰਦੀ ਹੈ l
[13] “ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇਂ,
[14] ਜੇ ਤੇਰੇ ਹੱਥ ਵਿੱਚ ਜੋ ਬਦੀ ਹੋਵੇ, ਉਸ ਨੂੰ ਦੂਰ ਕਰੇਂ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ,
[15] ਤਦ ਤੂੰ ਜ਼ਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਸਥਿਰ ਹੋ ਕੇ ਕਦੇ ਨਾ ਡਰੇਂਗਾ।
[16] ਤੂੰ ਤਾਂ ਆਪਣਾ ਕਸ਼ਟ ਭੁੱਲ ਜਾਵੇਂਗਾ, ਅਤੇ ਉਸ ਨੂੰ ਲੰਘ ਗਏ ਪਾਣੀ ਵਾਂਗੂੰ ਯਾਦ ਕਰੇਂਗਾ,
[17] ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ, ਹਨ੍ਹੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ।
[18] ਤੂੰ ਸੁਰੱਖਿਅਤ ਹੋਵੇਗਾ ਕਿਉਂਕਿ ਤੈਨੂੰ ਆਸ ਹੋਵੇਗੀ ਅਤੇ ਤੂੰ ਆਪਣੇ ਚੁਫ਼ੇਰੇ ਵੇਖ ਕੇ ਸ਼ਾਂਤੀ ਨਾਲ ਲੇਟੇਂਗਾ।
[19] ਜਦ ਤੂੰ ਲੰਮਾ ਪਵੇਂਗਾ ਤਾਂ ਕੋਈ ਤੈਨੂੰ ਨਹੀਂ ਡਰਾਵੇਗਾ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ।
[20] ਪਰ ਦੁਸ਼ਟਾਂ ਦੀਆਂ ਅੱਖਾਂ ਧੁੰਦਲੀਆਂ ਪੈ ਜਾਣਗੀਆਂ, ਅਤੇ ਉਨ੍ਹਾਂ ਦੇ ਬਚਾਓ ਦਾ ਕੋਈ ਸਥਾਨ ਨਾ ਬਚੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ ਹੋਵੇਗਾ!”