[1] “ਮਨੁੱਖ ਜੋ ਇਸਤਰੀ ਤੋਂ ਜੰਮਦਾ ਹੈ ਉਹ ਥੋੜ੍ਹੇ ਹੀ ਦਿਨਾਂ ਦਾ ਹੈ ਅਤੇ ਦੁੱਖ ਨਾਲ ਭਰਿਆ ਰਹਿੰਦਾ ਹੈ।
[2] ਉਹ ਫੁੱਲ ਵਾਂਗੂੰ ਖਿੜਦਾ, ਫੇਰ ਤੋੜਿਆ ਜਾਂਦਾ ਹੈ, ਉਹ ਪਰਛਾਵੇਂ ਵਾਂਗੂੰ ਢੱਲ਼ ਜਾਂਦਾ ਅਤੇ ਠਹਿਰਦਾ ਨਹੀਂ।
[3] ਕੀ ਤੂੰ ਅਜਿਹੇ ਉੱਤੇ ਆਪਣੀਆਂ ਅੱਖਾਂ ਲਾਉਂਦਾ ਹੈਂ, ਅਤੇ ਮੈਨੂੰ ਆਪਣੇ ਨਾਲ ਅਦਾਲਤ ਵਿੱਚ ਲਿਆਉਂਦਾ ਹੈਂ?
[4] ਕੌਣ ਅਸ਼ੁੱਧ ਵਿੱਚੋਂ ਸ਼ੁੱਧ ਵਸਤੂ ਕੱਢ ਸਕਦਾ ਹੈ? ਕੋਈ ਨਹੀਂ।
[5] ਮਨੁੱਖ ਦੇ ਦਿਨ ਠਹਿਰਾਏ ਹੋਏ ਹਨ, ਅਤੇ ਉਹ ਦੇ ਮਹੀਨਿਆਂ ਦੀ ਗਿਣਤੀ ਤੂੰ ਕੀਤੀ ਹੋਈ ਹੈ, ਤੂੰ ਉਹ ਦੀਆਂ ਹੱਦਾਂ ਨੂੰ ਬਣਾਇਆ ਜਿਸ ਨੂੰ ਉਹ ਪਾਰ ਨਹੀਂ ਕਰ ਸਕਦਾ।
[6] ਉਹ ਦੇ ਵੱਲੋਂ ਆਪਣੀ ਨਿਗਾਹ ਹਟਾ ਲੈ, ਤਾਂ ਜੋ ਉਹ ਅਰਾਮ ਕਰੇ, ਜਦ ਤੱਕ ਉਹ ਮਜ਼ਦੂਰ ਵਾਂਗੂੰ ਆਪਣੇ ਦਿਨ ਪੂਰੇ ਨਾ ਕਰ ਲਵੇ।
[7] “ਰੁੱਖ ਲਈ ਤਾਂ ਆਸ ਹੈ, ਕਿ ਜੇ ਉਹ ਕੱਟਿਆ ਜਾਵੇ ਤਾਂ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ।
[8] ਭਾਵੇਂ ਉਸ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਸ ਦਾ ਟੁੰਡ ਮਿੱਟੀ ਵਿੱਚ ਗਲ਼ ਜਾਵੇ
[9] ਤਾਂ ਵੀ ਪਾਣੀ ਦੀ ਖੁਸ਼ਬੂ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਗੂੰ ਉਹ ਦੀਆਂ ਟਹਿਣੀਆਂ ਨਿੱਕਲਣਗੀਆਂ।
[10] ਪਰ ਮਨੁੱਖ ਮਰ ਜਾਂਦਾ ਅਤੇ ਦੱਬਿਆ ਜਾਂਦਾ ਹੈ, ਅਤੇ ਜਦ ਮਨੁੱਖ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਕਿੱਥੇ ਹੈ?
[11] ਜਿਵੇਂ ਪਾਣੀ ਸਮੁੰਦਰ ਵਿੱਚੋਂ ਘੱਟ ਜਾਂਦਾ ਹੈ, ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ,
[12] ਤਿਵੇਂ ਮਨੁੱਖ ਲੇਟਦਾ ਅਤੇ ਫਿਰ ਉੱਠਦਾ ਨਹੀਂ, ਜਦੋਂ ਤੱਕ ਅਕਾਸ਼ ਟਲ ਨਾ ਜਾਣ, ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ।
[13] “ਕਾਸ਼ ਕਿ ਤੂੰ ਮੈਨੂੰ ਅਧੋਲੋਕ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛੁਪਾ ਰੱਖੇਂ ਜਦ ਤੱਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖ਼ਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਯਾਦ ਕਰੇਂ!
[14] ਜੇਕਰ ਮਨੁੱਖ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ? ਆਪਣੀ ਸਖ਼ਤ ਟਹਿਲ ਦੇ ਸਾਰੇ ਦਿਨਾਂ ਵਿੱਚ ਮੈਂ ਉਡੀਕ ਵਿੱਚ ਰਹਾਂਗਾ, ਜਦੋਂ ਤੱਕ ਮੇਰੀ ਵਾਰੀ ਨਾ ਆਵੇ।
[15] ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।
[16] ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈਂ, ਕੀ ਤੂੰ ਮੇਰੇ ਪਾਪ ਉੱਤੇ ਨਜ਼ਰ ਨਹੀਂ ਰੱਖਦਾ?
[17] ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ, ਅਤੇ ਤੂੰ ਮੇਰੀ ਬਦੀ ਨੂੰ ਸੀਉਂਕੇ ਰੱਖਿਆ ਹੋਇਆ ਹੈ।
[18] “ਪਰ ਪਰਬਤ ਡਿੱਗਦਾ-ਡਿੱਗਦਾ ਘਸ ਜਾਂਦਾ ਅਤੇ ਚੱਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ,
[19] ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ, ਉਹ ਦਾ ਹੜ੍ਹ ਧਰਤੀ ਦੀ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ, ਇਸੇ ਤਰ੍ਹਾਂ ਤੂੰ ਮਨੁੱਖ ਦੀ ਆਸ ਨੂੰ ਮਿਟਾ ਦਿੰਦਾ ਹੈਂ।
[20] ਤੂੰ ਹਮੇਸ਼ਾਂ ਉਸ ਉੱਤੇ ਪਰਬਲ ਹੁੰਦਾ ਹੈ, ਅਤੇ ਉਹ ਚੱਲਿਆ ਜਾਂਦਾ ਹੈ, ਤੂੰ ਉਹ ਦਾ ਚਿਹਰਾ ਬਦਲ ਕੇ ਉਹ ਨੂੰ ਕੱਢ ਦਿੰਦਾ ਹੈਂ!
[21] ਉਹ ਦੇ ਪੁੱਤਰ ਸਨਮਾਨ ਪ੍ਰਾਪਤ ਕਰਦੇ ਹਨ, ਪਰ ਉਹ ਜਾਣਦਾ ਨਹੀਂ, ਉਹ ਹਲਕੇ ਪੈ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਹਾਲ ਨਹੀਂ ਸਮਝਦਾ
[22] ਉਸ ਨੂੰ ਸਿਰਫ਼ ਆਪਣੇ ਸਰੀਰ ਦਾ ਹੀ ਦੁੱਖ ਮਹਿਸੂਸ ਹੁੰਦਾ ਹੈ ਅਤੇ ਆਪਣੇ ਲਈ ਹੀ ਉਸ ਦੀ ਜਾਨ ਅੰਦਰ ਹੀ ਅੰਦਰ ਸੋਗ ਕਰਦੀ ਹੈ।”