[1] ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
[2] “ਅਜੇ ਵੀ ਮੇਰੀ ਸ਼ਿਕਾਇਤ ਜਾਰੀ ਹੈ, ਮੇਰੀ ਮਾਰ ਮੇਰੇ ਹੌਂਕਿਆ ਨਾਲੋਂ ਵੀ ਭਾਰੀ ਹੈ।
[3] ਕਾਸ਼ ਕਿ ਮੈਂ ਜਾਣਦਾ ਜੋ ਮੈਂ ਉਹ ਨੂੰ ਕਿੱਥੇ ਲੱਭਾਂ, ਤਾਂ ਮੈਂ ਉਹ ਦੇ ਬਿਰਾਜਣ ਦੇ ਸਥਾਨ ਤੱਕ ਜਾਂਦਾ!
[4] ਮੈਂ ਆਪਣਾ ਮੁਕੱਦਮਾ ਉਹ ਦੇ ਸਾਹਮਣੇ ਪੇਸ਼ ਕਰਦਾ, ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ!
[5] ਮੈਂ ਉਹਨਾਂ ਗੱਲਾਂ ਨੂੰ ਜਾਣ ਲੈਂਦਾ ਜਿਹਨਾਂ ਨਾਲ ਉਹ ਮੈਨੂੰ ਉੱਤਰ ਦਿੰਦਾ, ਅਤੇ ਸਮਝ ਲੈਂਦਾ ਕਿ ਉਹ ਮੈਨੂੰ ਕੀ ਆਖਦਾ।
[6] ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ? ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ।
[7] ਉੱਥੇ ਨੇਕ ਜਨ ਉਹ ਦੇ ਨਾਲ ਵਾਦ-ਵਿਵਾਦ ਕਰਦਾ, ਅਤੇ ਮੈਂ ਸਦਾ ਲਈ ਆਪਣੇ ਨਿਆਈਂ ਤੋਂ ਛੁਡਾਇਆ ਜਾਂਦਾ।
[8] “ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ, ਅਤੇ ਪਿੱਛੇ, ਪਰ ਉਹ ਮੈਨੂੰ ਮਿਲਦਾ ਨਹੀਂ,
[9] ਅਤੇ ਖੱਬੇ ਪਾਸੇ ਵੱਲ ਜਦੋਂ ਉਹ ਕੰਮ ਕਰਦਾ ਹੈ ਤਦ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਉਹ ਸੱਜੇ ਪਾਸੇ ਨੂੰ ਮੁੜਦਾ ਹੈ, ਪਰ ਮੈਂ ਉਹ ਨੂੰ ਵੇਖਦਾ ਨਹੀਂ।
[10] ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ।
[11] ਮੇਰੇ ਪੈਰ ਉਹ ਦੇ ਕਦਮਾਂ ਦੇ ਪਿੱਛੇ-ਪਿੱਛੇ ਚਲੇ, ਮੈਂ ਉਹ ਦੇ ਰਾਹ ਦੀ ਪਾਲਣਾ ਕੀਤੀ ਅਤੇ ਕੁਰਾਹੇ ਨਾ ਪਿਆ।
[12] ਉਹ ਦੇ ਬੁੱਲ੍ਹਾਂ ਦੇ ਹੁਕਮ ਤੋਂ ਮੈਂ ਨਾ ਹਟਿਆ ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਰੇ ਕਦਰ ਕੀਤੀ।
[13] “ਉਹ ਤਾਂ ਇੱਕੋ ਗੱਲ ਤੇ ਸਥਿਰ ਰਹਿੰਦਾ ਹੈ ਅਤੇ ਕੌਣ ਉਸ ਨੂੰ ਮੋੜ ਸਕਦਾ ਹੈ, ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ,
[14] ਕਿਉਂਕਿ ਜੋ ਕੁਝ ਮੇਰੇ ਲਈ ਠਹਿਰਾਇਆ ਗਿਆ ਹੈ ਉਸ ਨੂੰ ਉਹ ਪੂਰਾ ਕਰਦਾ ਹੈ, ਅਤੇ ਉਹ ਦੇ ਦਿਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਹੋਰ ਯੋਜਨਾਵਾਂ ਹਨ।
[15] ਇਸ ਲਈ ਮੈਂ ਉਹ ਦੇ ਸਨਮੁਖ ਭੈਅ ਖਾਂਦਾ ਹਾਂ, ਜਦ ਮੈਂ ਇਸ ਦੇ ਬਾਰੇ ਸੋਚਦਾ ਹਾਂ ਤਦ ਮੈਂ ਉਸ ਤੋਂ ਡਰ ਜਾਂਦਾ ਹਾਂ।
[16] ਪਰਮੇਸ਼ੁਰ ਨੇ ਮੇਰੇ ਦਿਲ ਨੂੰ ਕਮਜ਼ੋਰ ਬਣਾ ਦਿੱਤਾ, ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ ਹੈ।
[17] ਕਿਉਂ ਜੋ ਹਨੇਰੇ ਨੇ ਮੈਨੂੰ ਘੇਰਿਆ ਹੋਇਆ ਹੈ ਅਤੇ ਘੁੱਪ ਹਨੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ।”