Skip to content
Opens in a new window
Listen to this chapter • 3:22

[1] “ਹਾਂ, ਇਸ ਗੱਲ ਤੇ ਵੀ ਮੇਰਾ ਦਿਲ ਕੰਬਦਾ ਹੈ, ਅਤੇ ਆਪਣੇ ਥਾਂ ਤੋਂ ਉੱਛਲਦਾ ਹੈ।

[2] ਪਰਮੇਸ਼ੁਰ ਦੇ ਗੱਜਣ ਦੀ ਅਵਾਜ਼ ਨੂੰ, ਅਤੇ ਉਹ ਗੂੰਜ ਜਿਹੜੀ ਉਹ ਦੇ ਮੂੰਹੋਂ ਨਿੱਕਲਦੀ ਹੈ, ਸੁਣੋ!

[3] ਉਹ ਉਸ ਨੂੰ ਸਾਰੇ ਅਕਾਸ਼ ਦੇ ਹੇਠ ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੱਕ ਭੇਜਦਾ ਹੈ।

[4] ਉਹ ਦੇ ਪਿੱਛੇ ਇੱਕ ਗੱਜਣ ਦਾ ਸ਼ਬਦ ਹੁੰਦਾ ਹੈ, ਉਹ ਆਪਣੀ ਸ਼ਾਨਦਾਰ ਅਵਾਜ਼ ਨਾਲ ਗੜ੍ਹਕਦਾ ਹੈ, ਅਤੇ ਜਦ ਉਹ ਦਾ ਸ਼ਬਦ ਸੁਣਾਈ ਦਿੰਦਾ ਹੈ ਤਾਂ ਬਿਜਲੀਆਂ ਲਗਾਤਾਰ ਚਮਕਦੀਆਂ ਹਨ!”

[5] ਪਰਮੇਸ਼ੁਰ ਅਦਭੁੱਤ ਤਰੀਕੇ ਨਾਲ ਆਪਣਾ ਸ਼ਬਦ ਸੁਣਾਉਂਦਾ ਹੈ, ਉਹ ਵੱਡੇ-ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ।

[6] ਉਹ ਤਾਂ ਬਰਫ਼ ਨੂੰ ਆਖਦਾ ਹੈ, “ਧਰਤੀ ਉੱਤੇ ਡਿੱਗ!” ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਮੋਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ ਇਹੋ ਹੁਕਮ ਦਿੰਦਾ ਹੈ।

[7] ਉਹ ਸਭਨਾਂ ਨੂੰ ਉਹਨਾਂ ਦੇ ਕੰਮਾਂ ਤੋਂ ਰੋਕ ਦਿੰਦਾ ਹੈ ਤਾਂ ਜੋ ਉਸ ਦੇ ਬਣਾਏ ਹੋਏ ਸਾਰੇ ਮਨੁੱਖ ਉਹ ਦੇ ਕੰਮਾਂ ਨੂੰ ਜਾਣਨ।

[8] ਤਦ ਜੰਗਲੀ ਜਾਨਵਰ ਖੁੰਧਰਾਂ ਵਿੱਚ ਜਾਂਦੇ ਹਨ, ਅਤੇ ਆਪਣੇ ਘੁਰਨਿਆਂ ਵਿੱਚ ਜਾ ਵੱਸਦੇ ਹਨ।

[9] ਤੂਫ਼ਾਨ ਆਪਣੀ ਕੋਠੜੀ ਤੋਂ ਬਾਹਰ ਆਉਂਦਾ ਹੈ, ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ।

[10] ਪਰਮੇਸ਼ੁਰ ਦੇ ਸਾਹ ਨਾਲ ਬਰਫ਼ ਪੈਂਦੀ ਹੈ, ਅਤੇ ਚੌੜੇ ਪਾਣੀ ਜੰਮ ਜਾਂਦੇ ਹਨ।

[11] ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਦੂਰ ਤੱਕ ਫੈਲਾਉਂਦਾ ਹੈ।

[12] ਉਹ ਉਸ ਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ, ਭਈ ਜੋ ਕੁਝ ਉਹ ਹੁਕਮ ਦੇਵੇ, ਉਹ ਉਸ ਦੀ ਵਸਾਈ ਹੋਈ ਧਰਤੀ ਉੱਤੇ ਪੂਰਾ ਕਰਨ।

[13] ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਦੀ ਭਲਿਆਈ ਲਈ, ਭਾਵੇਂ ਮਨੁੱਖਾਂ ਉੱਤੇ ਦਯਾ ਕਰਨ ਲਈ ਉਸ ਨੂੰ ਭੇਜਦਾ ਹੈ।

[14] “ਹੇ ਅੱਯੂਬ, ਇਸ ਗੱਲ ਵੱਲ ਕੰਨ ਲਾ ਅਤੇ ਸੁਣ ਲੈ, ਚੁੱਪ-ਚਾਪ ਖੜ੍ਹਾ ਰਹਿ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਰ ਨਾਲ ਸੋਚ!

[15] ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਬੱਦਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?

[16] ਕੀ ਤੂੰ ਬੱਦਲਾਂ ਦਾ ਤੋਲਣਾ ਅਤੇ ਉਹ ਦੇ ਅਚੰਭੇ ਕੰਮ ਜੋ ਗਿਆਨ ਵਿੱਚ ਸੰਪੂਰਨ ਹਨ, ਜਾਣਦਾ ਹੈਂ?

[17] ਤੂੰ ਜਿਸ ਦੇ ਬਸਤਰ ਗਰਮ ਹਨ, ਜਦ ਕਿ ਦੱਖਣੀ ਹਵਾ ਤੋਂ ਧਰਤੀ ਸੁੰਨ ਹੋ ਜਾਂਦੀ ਹੈ?

[18] ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸਕਦਾ ਹੈ, ਜਿਹੜਾ ਢਾਲ਼ੇ ਹੋਏ ਸ਼ੀਸ਼ੇ ਵਾਂਗੂੰ ਨਿੱਗਰ ਹੈ?

[19] “ਸਾਨੂੰ ਸਮਝਾ ਭਈ ਅਸੀਂ ਉਹ ਨੂੰ ਕੀ ਆਖੀਏ, ਅਸੀਂ ਆਪਣੀਆਂ ਗੱਲਾਂ ਨੂੰ ਹਨੇਰੇ ਦੇ ਕਾਰਨ ਸੁਧਾਰ ਨਹੀਂ ਸਕਦੇ।

[20] ਭਲਾ, ਉਹ ਨੂੰ ਦੱਸਿਆ ਜਾਵੇ ਕਿ ਮੈਂ ਬੋਲਣਾ ਚਾਹੁੰਦਾ ਹਾਂ? ਕੋਈ ਮਨੁੱਖ ਕਦੀ ਚਾਹੇਗਾ ਕਿ ਮੈਂ ਨਿਗਲ ਲਿਆ ਜਾਂਵਾਂ?

[21] ਹੁਣੇ ਤਾਂ ਕੋਈ ਸੂਰਜ ਵੱਲ ਵੀ ਨਹੀਂ ਵੇਖ ਸਕਦਾ, ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਜਦ ਹਵਾ ਲੰਘ ਕੇ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈ।

[22] ਉੱਤਰ ਵੱਲੋਂ ਸੁਨਿਹਰੀ ਝਲਕ ਆਉਂਦੀ ਹੈ, ਪਰਮੇਸ਼ੁਰ ਭੈਅ ਯੋਗ ਤੇਜ ਤੋਂ ਸ਼ੋਭਾਮਾਨ ਹੈ!

[23] ਸਰਬ ਸ਼ਕਤੀਮਾਨ ਪਰਮੇਸ਼ੁਰ ਨੂੰ ਜੋ ਸ਼ਕਤੀ ਵਿੱਚ ਮਹਾਨ ਹੈ ਅਤੇ ਜਿਸ ਦਾ ਭੇਤ ਅਸੀਂ ਨਹੀਂ ਪਾ ਸਕਦੇ, ਉਹ ਨਿਆਂ ਅਤੇ ਧਰਮ ਦੀ ਬਹੁਤਾਇਤ ਨੂੰ ਨਿਰਬਲ ਨਹੀਂ ਕਰਦਾ!

[24] ਇਸ ਲਈ ਮਨੁੱਖ ਉਸ ਤੋਂ ਡਰਦੇ ਹਨ, ਉਹ ਆਪਣੀ ਨਜ਼ਰ ਵਿੱਚ ਬੁੱਧਵਾਨ ਹਨ, ਉਹਨਾਂ ਦੀ ਉਹ ਪਰਵਾਹ ਨਹੀਂ ਕਰਦਾ।”

ਅੱਯੂਬ — Chapters