Skip to content
Opens in a new window
Listen to this chapter • 2:28

[1] ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,

[2] “ਤੁਸੀਂ ਕਦੋਂ ਤੱਕ ਗੱਲਾਂ ਲਈ ਫੰਦੇ ਲਾਓਗੇ? ਸਮਝਦਾਰ ਬਣੋ, ਫੇਰ ਆਪਾਂ ਗੱਲ ਕਰਾਂਗੇ।

[3] ਅਸੀਂ ਕਿਉਂ ਤੁਹਾਡੀ ਨਿਗਾਹ ਵਿੱਚ ਪਸ਼ੂਆਂ ਜਿਹੇ ਗਿਣੇ ਜਾਂਦੇ ਹਾਂ ਅਤੇ ਭਰਿਸ਼ਟ ਠਹਿਰੇ ਹਾਂ?

[4] ਤੂੰ ਜੇ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ, ਕੀ ਤੇਰੇ ਲਈ ਧਰਤੀ ਤਿਆਗੀ ਜਾਵੇਗੀ, ਜਾਂ ਚੱਟਾਨ ਆਪਣੇ ਥਾਂ ਤੋਂ ਖਿਸਕ ਜਾਵੇਗੀ?

[5] “ਹਾਂ, ਦੁਸ਼ਟਾਂ ਦਾ ਦੀਵਾ ਬੁੱਝ ਜਾਵੇਗਾ ਅਤੇ ਉਸ ਦੀ ਅੱਗ ਦੀ ਲਾਟ ਨਾ ਚਮਕੇਗੀ,

[6] ਉਹ ਦੇ ਤੰਬੂ ਵਿੱਚ ਚਾਨਣ ਹਨ੍ਹੇਰਾ ਹੋ ਜਾਵੇਗਾ, ਅਤੇ ਉਹ ਦੇ ਉੱਪਰ ਦਾ ਦੀਵਾ ਬੁੱਝ ਜਾਵੇਗਾ।

[7] ਉਹ ਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਵੇਗਾ।

[8] ਉਹ ਤਾਂ ਆਪਣੇ ਹੀ ਪੈਰ ਜਾਲ਼ ਵਿੱਚ ਫਸਾਵੇਗਾ, ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈ।

[9] ਕੜਿੱਕੀ ਉਹ ਦੀ ਅੱਡੀ ਨੂੰ ਫੜ੍ਹਦੀ, ਅਤੇ ਲੁਟੇਰੇ ਉਹ ਨੂੰ ਫ਼ਸਾ ਲੈਂਦੇ ਹਨ l

[10] ਫੰਦਾ ਉਹ ਦੇ ਲਈ ਧਰਤੀ ਵਿੱਚ ਲੁਕਾਇਆ ਜਾਂਦਾ ਹੈ, ਅਤੇ ਉਹ ਦੇ ਰਸਤੇ ਵਿੱਚ ਜਾਲ਼।

[11] ਖੌਫ਼ ਆਲੇ ਦੁਆਲਿਓਂ ਉਸ ਨੂੰ ਡਰਾਉਂਦਾ ਹੈ, ਅਤੇ ਉਸ ਦੇ ਪਿੱਛੇ ਪੈ ਕੇ ਉਸ ਨੂੰ ਭਜਾਉਂਦਾ ਹੈ!

[12] ਆਫ਼ਤ ਉਸ ਉੱਤੇ ਪੈਣ ਲਈ ਉਡੀਕਦੀ ਹੈ, ਅਤੇ ਬਿਪਤਾ ਉਹ ਦੇ ਕੋਲ ਹੀ ਤਿਆਰ ਹੋਵੇਗੀ।

[13] ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਵੇਗੀ, ਮੌਤ ਦਾ ਪਹਿਲੌਠਾ ਉਸ ਦੇ ਅੰਗਾਂ ਨੂੰ ਨਿਗਲ ਲਵੇਗਾ।

[14] ਆਪਣੇ ਜਿਸ ਤੰਬੂ ਉੱਤੇ ਉਹ ਭਰੋਸਾ ਰੱਖਦਾ ਸੀ, ਉਹ ਪੁੱਟਿਆ ਜਾਵੇਗਾ, ਅਤੇ ਉਸ ਨੂੰ ਖੌਫ਼ਨਾਕ ਰਾਜੇ ਕੋਲ ਪਹੁੰਚਾਇਆ ਜਾਵੇਗਾ!

[15] ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੇਗਾ, ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸੁੱਟੀ ਜਾਵੇਗੀ।

[16] ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਪਰੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ

[17] ਉਹ ਦੀ ਯਾਦ ਧਰਤੀ ਉੱਤੋਂ ਮਿਟ ਜਾਵੇਗੀ, ਅਤੇ ਉਹ ਦਾ ਨਾਮ ਦੇਸ ਵਿੱਚ ਨਾ ਰਹੇਗਾ।

[18] ਉਹ ਉਸ ਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ, ਅਤੇ ਸੰਸਾਰ ਤੋਂ ਖਦੇੜ ਦੇਣਗੇ।

[19] ਅਤੇ ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤਰ, ਨਾ ਪੋਤਾ ਹੋਵੇਗਾ, ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੇਗਾ।

[20] ਪੱਛਮ ਦੇ ਲੋਕ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ ਅਤੇ ਪੂਰਬ ਦੇ ਵਾਸੀ ਸਹਿਮ ਜਾਣਗੇ।

[21] ਨਿਸੰਗ ਕੁਧਰਮੀਆਂ ਦੇ ਵਸੇਬੇ ਇਹੋ ਜਿਹੇ ਹੋ ਜਾਂਦੇ ਹਨ, ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ ਉਸ ਦਾ ਸਥਾਨ ਅਜਿਹਾ ਹੀ ਹੋ ਜਾਂਦਾ ਹੈ।”

ਅੱਯੂਬ — Chapters