Skip to content
Opens in a new window
Listen to this chapter • 3:40

[1] “ਕੀ ਤੂੰ ਜੰਗਲੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈਂ? ਕੀ ਤੂੰ ਹਰਨੀਆਂ ਦੀ ਪੀੜ ਨੂੰ ਵੇਖਦਾ ਹੈਂ?

[2] ਕੀ ਤੂੰ ਉਹ ਮਹੀਨੇ ਜਿਹੜੇ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈਂ, ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈਂ?

[3] ਉਹ ਝੁੱਕ ਜਾਂਦੀਆਂ, ਉਹ ਆਪਣੇ ਬੱਚੇ ਜਣਦੀਆਂ ਹਨ, ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ।

[4] ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ, ਉਹ ਮੈਦਾਨ ਵਿੱਚ ਪਲਦੇ ਹਨ, ਉਹ ਨਿੱਕਲ ਜਾਂਦੇ ਹਨ ਅਤੇ ਮੁੜ ਉਹਨਾਂ ਕੋਲ ਨਹੀਂ ਆਉਂਦੇ।

[5] “ਕਿਸ ਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ, ਜਾਂ ਕਿਸ ਨੇ ਉਸ ਦੇ ਬੰਧਨ ਖੋਲ੍ਹੇ,

[6] ਉਸ ਦਾ ਨਿਵਾਸ ਮੈਂ ਖੁੱਲ੍ਹੇ ਮੈਦਾਨ ਨੂੰ ਠਹਿਰਾਇਆ, ਅਤੇ ਉਹ ਦਾ ਵਸੇਬਾ ਖ਼ਾਰੀ ਭੂਮੀ ਨੂੰ?

[7] ਉਹ ਨਗਰ ਦੇ ਰੌਲ਼ੇ ਉੱਤੇ ਹੱਸਦਾ ਹੈ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ।

[8] ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ, ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ।

[9] “ਕੀ ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ, ਜਾਂ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ?

[10] ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹੁਣ ਵਿੱਚ ਚਲਾ ਸਕਦਾ ਹੈਂ? ਜਾਂ ਉਹ ਘਾਟੀਆਂ ਵਿੱਚ ਤੇਰੇ ਪਿੱਛੇ-ਪਿੱਛੇ ਸੁਹਾਗਾ ਫੇਰੇਗਾ?

[11] ਕੀ ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ, ਅਤੇ ਆਪਣਾ ਕੰਮ-ਧੰਦਾ ਉਹ ਦੇ ਉੱਤੇ ਛੱਡੇਂਗਾ?

[12] ਕੀ ਤੂੰ ਉਸ ਦਾ ਭਰੋਸਾ ਕਰੇਂਗਾ ਕਿ ਉਹ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?

[13] “ਸ਼ੁਤਰਮੁਰਗੀ ਖੁਸ਼ੀ ਨਾਲ ਆਪਣੇ ਪਰ ਮਾਰਦੀ ਹੈ, ਪਰ ਕੀ ਉਹ ਦੇ ਖੰਭ ਅਤੇ ਪਰ ਦਯਾ ਪਰਗਟ ਕਰਦੇ ਹਨ?

[14] ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ, ਅਤੇ ਮਿੱਟੀ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ,

[15] ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ, ਅਤੇ ਖੇਤ ਦਾ ਕੋਈ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।

[16] ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਜਿਵੇਂ ਉਹ ਉਸ ਦੇ ਨਹੀਂ, ਭਾਵੇਂ ਉਸ ਦੀ ਪੀੜਾ ਅਕਾਰਥ ਜਾਵੇ, ਉਹ ਬੇਚਿੰਤ ਹੈ,

[17] ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਬੁੱਧਹੀਣ ਬਣਾਇਆ, ਅਤੇ ਉਸ ਨੂੰ ਸਮਝ ਨਹੀਂ ਬਖ਼ਸ਼ੀ।

[18] ਜਦ ਉਹ ਨੱਠਣ ਲਈ ਉੱਠਦੀ ਹੈ, ਤਾਂ ਘੋੜੇ ਅਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ!

[19] “ਭਲਾ, ਤੂੰ ਘੋੜੇ ਨੂੰ ਸ਼ਕਤੀ ਦਿੱਤੀ? ਕੀ ਤੂੰ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ?

[20] ਕੀ ਟਿੱਡੀ ਵਾਂਗੂੰ ਟੱਪਣ ਦਾ ਬਲ ਤੂੰ ਉਸ ਨੂੰ ਦਿੰਦਾ ਹੈਂ? ਉਹ ਦੇ ਫੁਰਾਟੇ ਦੀ ਸ਼ਾਨ ਭਿਆਨਕ ਹੈ!

[21] ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ, ਉਹ ਹਥਿਆਰਬੰਦਾਂ ਦੇ ਟਾਕਰੇ ਲਈ ਨਿੱਕਲਦਾ ਹੈ।

[22] ਉਹ ਡਰ ਉੱਤੇ ਹੱਸਦਾ ਹੈ ਅਤੇ ਘਬਰਾਉਂਦਾ ਨਹੀਂ, ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ!

[23] ਉਹ ਦੇ ਉੱਤੇ ਤਰਕਸ਼ ਖੜਕਦਾ ਹੈ, ਅਤੇ ਚਮਕਦਾ ਹੋਇਆ ਬਰਛਾ ਤੇ ਸਾਂਗ ਵੀ।

[24] ਉਹ ਜੋਸ਼ ਅਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ, ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਤਾਂ ਉਹ ਖੜ੍ਹਾ ਨਹੀਂ ਰਹਿੰਦਾ।

[25] ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ, ਅਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ, ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ!

[26] “ਕੀ ਬਾਜ਼ ਤੇਰੀ ਸਮਝ ਨਾਲ ਉੱਡਦਾ ਹੈ, ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ?

[27] ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈ ਕਿ ਉਹ ਉਚਿਆਈ ਤੇ ਆਪਣਾ ਆਲ੍ਹਣਾ ਬਣਾਵੇ?

[28] ਉਹ ਟਿੱਲੇ ਉੱਤੇ ਵੱਸਦਾ ਹੈ, ਟਿੱਲੇ ਦੀ ਟੀਸੀ ਉੱਤੇ ਅਤੇ ਪੱਕੇ ਸਥਾਨ ਵਿੱਚ ਰਹਿੰਦਾ ਹੈ।

[29] ਉੱਥੋਂ ਉਹ ਆਪਣਾ ਭੋਜਣ ਲੱਭ ਲੈਂਦਾ ਹੈ, ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।

[30] ਉਹ ਦੇ ਬੱਚੇ ਲਹੂ ਚੂਸਦੇ ਹਨ, ਅਤੇ ਜਿੱਥੇ ਵੱਢੇ ਲੋਕ ਹੁੰਦੇ ਹਨ, ਉੱਥੇ ਉਹ ਵੀ ਹੁੰਦਾ ਹੈ।”

ਅੱਯੂਬ — Chapters