[1] “ਕੀ ਤੂੰ ਲਿਵਯਾਥਾਨ ਨੂੰ ਕੁੰਡੀ ਨਾਲ ਬਾਹਰ ਖਿੱਚ ਸਕਦਾ ਹੈਂ, ਜਾਂ ਡੋਰੀ ਨਾਲ ਉਹ ਦੀ ਜੀਭ ਨੂੰ ਦਬਾ ਸਕਦਾ ਹੈਂ?
[2] ਕੀ ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸਕਦਾ ਹੈਂ, ਜਾਂ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸਕਦਾ ਹੈਂ?
[3] ਕੀ ਉਹ ਤੇਰੇ ਅੱਗੇ ਬਹੁਤੀਆਂ ਮਿੰਨਤਾਂ ਕਰੇਗਾ, ਜਾਂ ਉਹ ਤੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ?
[4] ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ, ਤਾਂ ਜੋ ਤੂੰ ਉਹ ਨੂੰ ਸਦਾ ਤੱਕ ਆਪਣਾ ਗੁਲਾਮ ਰੱਖੇਂ?
[5] ਕੀ ਤੂੰ ਉਹ ਦੇ ਨਾਲ ਉਸ ਤਰ੍ਹਾਂ ਖੇਡੇਂਗਾ ਜਿਵੇਂ ਪੰਛੀ ਨਾਲ, ਜਾਂ ਆਪਣੀਆਂ ਕੁੜੀਆਂ ਦਾ ਜੀ ਬਹਿਲਾਉਣ ਲਈ ਉਹ ਨੂੰ ਬੰਨ੍ਹ ਕੇ ਰੱਖੇਂਗਾ?
[6] ਕੀ ਮਾਛੀ ਉਹ ਦਾ ਸੌਦਾ ਕਰਨਗੇ, ਕੀ ਉਹ ਵਪਾਰੀਆਂ ਵਿੱਚ ਉਹ ਨੂੰ ਵੰਡਣਗੇ?
[7] ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈਂ, ਜਾਂ ਉਹ ਦੇ ਸਿਰ ਨੂੰ ਮਾਛੀਆਂ ਦੇ ਤ੍ਰਿਸੂਲਾਂ ਨਾਲ?
[8] ਜੇਕਰ ਤੂੰ ਆਪਣਾ ਹੱਥ ਉਸ ਦੇ ਉੱਤੇ ਧਰੇਂ ਤਾਂ ਤੂੰ ਉਸ ਲੜਾਈ ਨੂੰ ਹਮੇਸ਼ਾ ਯਾਦ ਰੱਖੇਂਗਾ, ਤੂੰ ਫੇਰ ਕਦੇ ਅਜਿਹਾ ਨਾ ਕਰੇਂਗਾ!
[9] ਵੇਖ, ਉਸ ਨੂੰ ਫੜ੍ਹਨ ਦੀ ਆਸ ਰੱਖਣੀ ਵਿਅਰਥ ਹੈ, ਉਸ ਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ?
[10] ਕੋਈ ਐਨੀ ਤੱਤੀ ਤਬੀਅਤ ਦਾ ਨਹੀਂ, ਜੋ ਉਹ ਦੇ ਛੇੜਨ ਦੀ ਹਿੰਮਤ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁਖ ਖੜ੍ਹਾ ਰਹਿ ਸਕੇ?
[11] ਕਿਸ ਨੇ ਪਹਿਲਾਂ ਮੈਨੂੰ ਕੁਝ ਦਿੱਤਾ ਕਿ ਮੈਨੂੰ ਕੁਝ ਮੋੜਨਾ ਪਵੇ? ਜੋ ਕੁਝ ਅਕਾਸ਼ ਦੇ ਹੇਠ ਹੈ, ਸੋ ਮੇਰਾ ਹੈ।
[12] “ਮੈਂ ਉਹ ਦੇ ਅੰਗਾਂ ਦੇ ਵਿਖੇ, ਅਤੇ ਉਹ ਦੇ ਮਹਾਂ-ਬਲ ਤੇ ਉਹ ਦੇ ਢਾਂਚੇ ਦੇ ਸੁਹੱਪਣ ਵਿਖੇ ਚੁੱਪ ਨਾ ਰਹਾਂਗਾ।
[13] ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸਕਦਾ ਹੈ? ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆਵੇਗਾ?
[14] ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸਕਦਾ ਹੈ? ਉਹ ਦੇ ਦੰਦਾਂ ਦਾ ਘੇਰਾ ਭਿਆਨਕ ਹੈ!
[15] ਉਹ ਦੇ ਛਿਲਕੇ ਦੀਆਂ ਧਾਰੀਆਂ ਉਹ ਦਾ ਘਮੰਡ ਹਨ, ਉਹ ਜਾਣੋ ਘੁੱਟ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ,
[16] ਉਹ ਇੱਕ ਦੂਜੇ ਦੇ ਐਨੇ ਨੇੜੇ ਹਨ ਕਿ ਹਵਾ ਵੀ ਉਹਨਾਂ ਦੇ ਵਿੱਚੋਂ ਦੀ ਨਹੀਂ ਲੰਘ ਸਕਦੀ।
[17] ਉਹ ਇੱਕ ਦੂਜੇ ਦੇ ਨਾਲ-ਨਾਲ ਹਨ, ਉਹ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਕਿ ਅਲੱਗ ਨਹੀਂ ਹੋ ਸਕਦੀਆਂ।
[18] ਉਹ ਦੀਆਂ ਛਿੱਕਾਂ ਤੋਂ ਚਾਨਣ ਚਮਕ ਉੱਠਦਾ ਹੈ, ਉਹ ਦੀਆਂ ਅੱਖਾਂ ਸਵੇਰ ਦੀਆਂ ਪਲਕਾਂ ਜਿਹੀਆਂ ਹਨ!
[19] ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲਦੀਆਂ ਹਨ, ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ।
[20] ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ, ਜਿਵੇਂ ਉੱਬਲਦੀ ਦੇਗ ਜਾਂ ਧੁਖਦਿਆਂ ਕਾਨਿਆਂ ਤੋਂ!
[21] ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਉਹ ਦੇ ਮੂੰਹੋਂ ਅੰਗਾਰੇ ਨਿੱਕਲਦੇ ਹਨ!
[22] ਉਹ ਦੀ ਧੌਣ ਵਿੱਚ ਬਲ ਬਣਿਆ ਰਹਿੰਦਾ ਹੈ, ਅਤੇ ਭੈਅ ਉਹ ਦੇ ਅੱਗੇ ਨੱਚਦਾ ਹੈ!
[23] ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ, ਉਹ ਉਸ ਦੇ ਉੱਤੇ ਜੰਮੀਆਂ ਹੋਈਆਂ ਹਨ, ਉਹ ਹਿੱਲ ਨਹੀਂ ਸਕਦੀਆਂ।
[24] ਉਹ ਦਾ ਦਿਲ ਪੱਥਰ ਵਾਂਗੂੰ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਗੂੰ ਪੱਕਾ ਹੈ।
[25] ਜਦ ਉਹ ਉੱਠਦਾ ਹੈ ਤਾਂ ਬਲਵਾਨ ਵੀ ਡਰ ਜਾਂਦੇ ਹਨ, ਉਹ ਘਬਰਾਹਟ ਨਾਲ ਸੁੱਧ-ਬੁੱਧ ਖੋਹ ਦਿੰਦੇ ਹਨ!
[26] ਭਾਵੇਂ ਤਲਵਾਰ ਉਹ ਦੇ ਕੋਲ ਪਹੁੰਚੇ, ਉਸ ਤੋਂ ਕੁਝ ਨਹੀਂ ਬਣਦਾ, ਅਤੇ ਨਾ ਬਰਛੀ ਨਾ ਭਾਲੇ ਨਾ ਤੀਰ ਤੋਂ।
[27] ਉਹ ਲੋਹੇ ਨੂੰ ਕੱਖ ਵਰਗਾ ਅਤੇ ਪਿੱਤਲ ਨੂੰ ਗਲੀ ਹੋਈ ਲੱਕੜ ਸਮਝਦਾ ਹੈ!
[28] ਤੀਰ ਉਹ ਨੂੰ ਭਜਾ ਨਹੀਂ ਸਕਦੇ, ਗੁਲੇਲ ਦੇ ਪੱਥਰ ਉਹ ਦੇ ਲਈ ਤਿਣਕੇ ਬਣ ਜਾਂਦੇ ਹਨ।
[29] ਲਾਠੀਆਂ ਵੀ ਤਿਣਕੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ, ਸਾਂਗ ਦੇ ਖੜਕਣ ਉੱਤੇ ਉਹ ਹੱਸਦਾ ਹੈ।
[30] ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਗੂੰ ਹਨ, ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ।
[31] ਉਹ ਡੂੰਘੇ ਪਾਣੀਆਂ ਨੂੰ ਦੇਗ ਵਾਂਗੂੰ ਉਛਾਲ ਦਿੰਦਾ ਹੈ, ਉਹ ਸਮੁੰਦਰ ਨੂੰ ਮੱਲ੍ਹਮ ਦੀ ਡੱਬੀ ਵਾਂਗੂੰ ਬਣਾ ਦਿੰਦਾ ਹੈ।
[32] ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ, ਭਈ ਜਾਣੋ ਡੂੰਘਿਆਈ ਉੱਤੇ ਧੌਲੇ ਆਏ ਹੋਏ ਹਨ।
[33] ਧਰਤੀ ਉੱਤੇ ਉਹ ਦੇ ਤੁੱਲ ਕੋਈ ਨਹੀਂ, ਉਹ ਬਿਨ੍ਹਾਂ ਖੌਫ਼ ਦੇ ਸਿਰਜਿਆ ਗਿਆ!
[34] ਉਹ ਹਰੇਕ ਉੱਚੇ ਨੂੰ ਵੇਖਦਾ ਰਹਿੰਦਾ ਹੈ, ਉਹ ਸਾਰੇ ਘਮੰਡੀਆਂ ਉੱਤੇ ਰਾਜਾ ਹੈ।”