[1] ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ,
[2] “ਮੇਰੀਆਂ ਬੇਚੈਨ ਸੋਚਾਂ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੀਆਂ ਹਨ।
[3] ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ, ਅਤੇ ਮੇਰਾ ਆਤਮਾ ਆਪਣੀ ਸਮਝ ਅਨੁਸਾਰ ਮੈਨੂੰ ਉੱਤਰ ਦਿੰਦਾ ਹੈ।
[4] “ਕੀ ਤੂੰ ਇਹ ਮੁੱਢ ਤੋਂ ਨਹੀਂ ਜਾਣਦਾ, ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ,
[5] ਕਿ ਦੁਸ਼ਟਾਂ ਦਾ ਜੈਕਾਰਾ ਥੋੜ੍ਹੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲ ਦਾ ਹੈ?
[6] ਜੇ ਉਹ ਦੀ ਉਚਿਆਈ ਅਕਾਸ਼ ਤੱਕ ਵੀ ਪਹੁੰਚੇ, ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ,
[7] ਤਾਂ ਵੀ ਉਹ ਧੂੜ੍ਹ ਵਾਂਗੂੰ ਸਦਾ ਲਈ ਨਾਸ ਹੋ ਜਾਵੇਗਾ, ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ?
[8] ਉਹ ਸੁਫ਼ਨੇ ਵਾਂਗੂੰ ਉੱਡ ਜਾਵੇਗਾ, ਅਤੇ ਨਾ ਲੱਭੇਗਾ ਅਤੇ ਰਾਤ ਨੂੰ ਵੇਖੇ ਦਰਸ਼ਣ ਵਾਂਗੂੰ ਨਾ ਰਹੇਗਾ।
[9] ਜਿਹੜੀ ਅੱਖ ਨੇ ਉਸ ਨੂੰ ਵੇਖਿਆ ਉਹ ਫੇਰ ਨਹੀਂ ਵੇਖੇਗੀ, ਅਤੇ ਉਸ ਦੇ ਥਾਂ ਤੇ ਉਸ ਦਾ ਕੁਝ ਪਤਾ ਨਾ ਰਹੇਗਾ,
[10] ਉਹ ਦੇ ਬੱਚੇ ਕੰਗਾਲਾਂ ਤੋਂ ਮਦਦ ਮੰਗਣਗੇ, ਅਤੇ ਉਹ ਦੇ ਬੱਚੇ ਉਹ ਦਾ ਮਾਲ-ਧਨ ਮੋੜਨਗੇ।
[11] ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ।
[12] “ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲੱਗੇ, ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ,
[13] ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਘ ਵਿੱਚ ਦਬਾ ਕੇ ਰੱਖੇ,
[14] ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ ਪਲਟ ਜਾਂਦੀ ਹੈ, ਉਹ ਉਸ ਦੇ ਅੰਦਰ ਸੱਪਾਂ ਦਾ ਜ਼ਹਿਰ ਹੋ ਜਾਂਦੀ ਹੈ।
[15] ਉਹ ਦੌਲਤ ਨੂੰ ਨਿਗਲ ਤਾਂ ਗਿਆ ਹੈ ਪਰ ਉਹ ਨੂੰ ਫਿਰ ਉਗਲੇਗਾ, ਪਰਮੇਸ਼ੁਰ ਉਹ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ।
[16] ਉਹ ਨਾਗਾਂ ਦਾ ਵਿਸ ਚੂਸੇਗਾ, ਸੱਪ ਦਾ ਡੰਗ ਉਹ ਨੂੰ ਮਾਰ ਸੁੱਟੇਗਾ!
[17] ਉਹ ਨਦੀਆਂ ਨੂੰ ਨਾ ਵੇਖੇਗਾ ਅਰਥਾਤ ਸ਼ਹਿਦ ਅਤੇ ਦਹੀਂ ਦੀਆਂ ਵਗਦੀਆਂ ਨਦੀਆਂ ਨੂੰ।
[18] ਉਹ ਆਪਣੀ ਕਸ਼ਟ ਨਾਲ ਕੀਤੀ ਹੋਈ ਕਮਾਈ ਨੂੰ ਮੋੜ ਦੇਵੇਗਾ ਪਰ ਆਪ ਉਸ ਨੂੰ ਨਹੀਂ ਨਿਗਲੇਗਾ, ਉਹ ਆਪਣੇ ਲੈਣ-ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ,
[19] ਕਿਉਂ ਜੋ ਉਸ ਨੇ ਗਰੀਬਾਂ ਨੂੰ ਦਬਾਇਆ ਅਤੇ ਤਿਆਗ ਦਿੱਤਾ, ਉਸ ਨੇ ਘਰਾਂ ਨੂੰ ਖੋਹ ਲਿਆ ਜਿਹੜੇ ਉਸ ਨੇ ਨਹੀਂ ਉਸਾਰੇ।
[20] “ਕਿਉਂ ਜੋ ਲਾਲਸਾ ਦੇ ਕਾਰਨ ਉਸ ਨੇ ਆਪਣੇ ਅੰਦਰ ਸ਼ਾਂਤੀ ਨਾ ਜਾਣੀ, ਇਸ ਲਈ ਉਹ ਆਪਣੀਆਂ ਮਨ ਭਾਉਣੀਆਂ ਚੀਜ਼ਾਂ ਨਾ ਬਚਾ ਸਕੇਗਾ।
[21] ਕੋਈ ਵੀ ਚੀਜ਼ ਉਸ ਦੇ ਨਿਗਲਣ ਤੋਂ ਬਾਕੀ ਨਾ ਬਚੀ, ਇਸ ਕਾਰਨ ਉਹ ਦੀ ਖੁਸ਼ਹਾਲੀ ਬਣੀ ਨਾ ਰਹੇਗੀ।
[22] ਉਹ ਆਪਣੀ ਭਰਪੂਰੀ ਦੀ ਬਹੁਤਾਇਤ ਵਿੱਚ ਵੀ ਲੋੜਵੰਦ ਰਹੇਗਾ, ਤਦ ਹਰੇਕ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਵੇਗਾ।
[23] ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ ਤਦ ਪਰਮੇਸ਼ੁਰ ਆਪਣਾ ਕਹਿਰ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਉਸ ਉੱਤੇ ਆ ਪਵੇਗਾ।
[24] ਉਹ ਲੋਹੇ ਦੇ ਹਥਿਆਰ ਤੋਂ ਭੱਜੇਗਾ ਅਤੇ ਪਿੱਤਲ ਦਾ ਧਣੁੱਖ ਉਹ ਨੂੰ ਵਿੰਨ੍ਹ ਸੁੱਟੇਗਾ,
[25] ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ, ਤਦ ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਵਿੱਚੋਂ ਨਿੱਕਲੇਗੀ, ਅਤੇ ਭੈਅ ਉਸ ਦੇ ਉੱਤੇ ਆ ਪਵੇਗਾ।
[26] ਉਸ ਦੇ ਖ਼ਜ਼ਾਨਿਆਂ ਉੱਤੇ ਘੁੱਪ ਹਨ੍ਹੇਰਾ ਛਾ ਜਾਵੇਗਾ, ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ, ਜੋ ਕੁਝ ਉਹ ਦੇ ਤੰਬੂ ਵਿੱਚ ਬਾਕੀ ਹੈ, ਉਸ ਨੂੰ ਵੀ ਭਸਮ ਕਰ ਦੇਵੇਗੀ!
[27] ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ, ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ।
[28] ਉਹ ਦੇ ਘਰ ਦਾ ਮਾਲ ਰੁੜ੍ਹ ਜਾਵੇਗਾ, ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਵਿੱਚ ਉਹ ਵਗ ਜਾਵੇਗਾ,
[29] ਪਰਮੇਸ਼ੁਰ ਵੱਲੋਂ ਦੁਸ਼ਟ ਮਨੁੱਖ ਦਾ ਇਹੋ ਹੀ ਹਿੱਸਾ ਹੈ, ਇਹ ਪਰਮੇਸ਼ੁਰ ਵੱਲੋਂ ਉਹ ਦੇ ਲਈ ਨਿਯੁਕਤ ਕੀਤੀ ਹੋਈ ਮਿਰਾਸ ਹੈ!”