Skip to content
Opens in a new window
Listen to this chapter • 3:18

[1] ਇਹ ਦੇ ਬਾਅਦ, ਅੱਯੂਬ ਨੇ ਆਪਣਾ ਮੂੰਹ ਖੋਲ੍ਹ ਕੇ ਆਪਣੇ ਜੰਮਣ ਦੇ ਦਿਨ ਨੂੰ ਸਰਾਪ ਦਿੱਤਾ।

[2] ਅਤੇ ਅੱਯੂਬ ਆਖਣ ਲੱਗਾ,

[3] “ਨਾਸ ਹੋਵੇ ਉਹ ਦਿਨ ਜਿਸ ਦੇ ਵਿੱਚ ਮੈਂ ਜੰਮਿਆ ਸੀ, ਅਤੇ ਉਹ ਰਾਤ ਜਦੋਂ ਕਿਹਾ ਗਿਆ ਕਿ ਬੱਚਾ ਗਰਭ ਵਿੱਚ ਪਿਆ!

[4] ਉਹ ਦਿਨ ਹਨ੍ਹੇਰਾ ਹੋ ਜਾਵੇ, ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ!

[5] ਹਨੇਰ ਅਤੇ ਮੌਤ ਦਾ ਸਾਯਾ ਉਹ ਨੂੰ ਆਪਣਾ ਲੈਣ, ਉਹ ਦੇ ਉੱਤੇ ਬੱਦਲ ਛਾਇਆ ਰਹੇ, ਦਿਨ ਦਾ ਹਨ੍ਹੇਰਾ ਉਸ ਨੂੰ ਡਰਾਵੇ!

[6] ਘੁੱਪ ਹਨ੍ਹੇਰਾ ਉਹ ਨੂੰ ਆ ਫੜ੍ਹੇ, ਉਹ ਸਾਲ ਦੇ ਦਿਨਾਂ ਵਿੱਚ ਅਨੰਦ ਨਾ ਮਨਾਵੇ, ਅਤੇ ਨਾ ਉਹ ਮਹੀਨਿਆਂ ਦੀ ਗਿਣਤੀ ਵਿੱਚ ਆਵੇ!

[7] ਵੇਖੋ, ਉਹ ਰਾਤ ਬਾਂਝ ਰਹਿ ਜਾਵੇ, ਉਸ ਵਿੱਚ ਕੋਈ ਜੈਕਾਰੇ ਦੀ ਗੂੰਜ ਸੁਣਾਈ ਨਾ ਦੇਵੇ!

[8] ਦਿਨ ਨੂੰ ਫਿਟਕਾਰਣ ਵਾਲੇ ਅਤੇ ਜਿਹੜੇ ਲਿਵਯਾਥਾਨ ਨੂੰ ਛੇੜਨ ਵਿੱਚ ਨਿਪੁੰਨ ਹਨ, ਉਸ ਦਿਨ ਨੂੰ ਫਿਟਕਾਰਣ!

[9] ਉਹ ਦੇ ਸ਼ਾਮ ਦੇ ਤਾਰੇ ਕਾਲੇ ਹੋ ਜਾਣ, ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ, ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਵੇਖੇ,

[10] ਕਿਉਂ ਜੋ ਉਹ ਨੇ ਮੇਰੀ ਮਾਂ ਦੀ ਕੁੱਖ ਨੂੰ ਬੰਦ ਨਾ ਕੀਤਾ, ਅਤੇ ਨਾ ਕਸ਼ਟ ਨੂੰ ਮੇਰੀਆਂ ਅੱਖਾਂ ਤੋਂ ਛੁਪਾਇਆ!

[11] “ਮੈਂ ਕੁੱਖ ਵਿੱਚ ਹੀ ਕਿਉਂ ਨਾ ਮਰ ਗਿਆ, ਪੇਟ ਵਿੱਚੋਂ ਨਿੱਕਲਦਿਆਂ ਹੀ ਮੈਂ ਪ੍ਰਾਣ ਕਿਉਂ ਨਾ ਛੱਡ ਦਿੱਤੇ?

[12] ਗੋਡਿਆਂ ਨੇ ਮੈਨੂੰ ਕਿਉਂ ਕਬੂਲ ਕੀਤਾ, ਅਤੇ ਦੁੱਧੀਆਂ ਨੂੰ ਮੈਂ ਕਿਉਂ ਚੁੰਘ ਸਕਿਆ?

[13] ਨਹੀਂ ਤਾਂ ਹੁਣ ਮੈਂ ਚੈਨ ਨਾਲ ਪਿਆ ਹੁੰਦਾ, ਮੈਂ ਸੁੱਤਾ ਹੁੰਦਾ ਅਤੇ ਮੈਨੂੰ ਅਰਾਮ ਮਿਲਦਾ,

[14] ਮੈਂ ਧਰਤੀ ਦੇ ਉਨ੍ਹਾਂ ਰਾਜਿਆਂ ਅਤੇ ਹਾਕਮਾਂ ਨਾਲ ਹੁੰਦਾ, ਜਿਹੜੇ ਆਪਣੇ ਲਈ ਕਬਰਾਂ ਨੂੰ ਉਸਾਰਦੇ ਹਨ,

[15] ਜਾਂ ਉਨ੍ਹਾਂ ਰਾਜਕੁਮਾਰਾਂ ਨਾਲ ਹੁੰਦਾ, ਜਿਨ੍ਹਾਂ ਦੇ ਕੋਲ ਸੋਨਾ ਸੀ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰਿਆ ਸੀ।

[16] ਜਾਂ ਮੈਂ ਸਮੇਂ ਤੋਂ ਪਹਿਲਾਂ ਜੰਮੇ ਹੋਏ ਬੱਚੇ ਵਾਂਗੂੰ ਹੁੰਦਾ, ਜਾਂ ਅਜਿਹੇ ਬੱਚਿਆਂ ਵਾਂਗੂੰ ਜਿਨ੍ਹਾਂ ਨੇ ਚਾਨਣਾ ਕਦੀ ਵੇਖਿਆ ਹੀ ਨਹੀਂ।

[17] ਉੱਥੇ ਦੁਸ਼ਟ ਦੁੱਖ ਦੇਣ ਤੋਂ ਰੁੱਕ ਜਾਂਦੇ ਹਨ, ਉੱਥੇ ਥੱਕੇ-ਮਾਂਦੇ ਅਰਾਮ ਪਾਉਂਦੇ ਹਨ।

[18] ਬੰਦੀ ਇਕੱਠੇ ਹੋ ਕੇ ਸ਼ਾਂਤੀ ਨਾਲ ਰਹਿੰਦੇ ਹਨ, ਉਹ ਦਰੋਗੇ ਦੀ ਅਵਾਜ਼ ਫੇਰ ਨਹੀਂ ਸੁਣਦੇ।

[19] ਛੋਟੇ ਅਤੇ ਵੱਡੇ ਸਾਰੇ ਉੱਥੇ ਰਹਿੰਦੇ ਹਨ, ਅਤੇ ਦਾਸ ਆਪਣੇ ਮਾਲਕ ਤੋਂ ਅਜ਼ਾਦ ਹੈ।

[20] “ਦੁਖਿਆਰਾਂ ਨੂੰ ਚਾਨਣ ਅਤੇ ਉਦਾਸ ਮਨ ਵਾਲਿਆਂ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ?

[21] ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ ਨਹੀਂ, ਜਿਹੜੇ ਦੱਬੇ ਹੋਏ ਖ਼ਜ਼ਾਨਿਆਂ ਤੋਂ ਵੱਧ ਉਹ ਦੀ ਖੋਜ ਕਰਦੇ ਹਨ,

[22] ਜਿਹੜੇ ਵਧੇਰੇ ਅਨੰਦ ਹੁੰਦੇ, ਅਤੇ ਖੁਸ਼ੀ ਮਨਾਉਂਦੇ ਹਨ, ਜਦ ਉਹ ਕਬਰ ਨੂੰ ਪਾ ਲੈਂਦੇ ਹਨ,

[23] ਉਸ ਪੁਰਖ ਨੂੰ ਵੀ ਚਾਨਣ ਕਿਉਂ ਮਿਲਦਾ ਹੈ ਜਿਸ ਦਾ ਰਾਹ ਲੁਕਿਆ ਹੋਇਆ ਹੈ, ਅਤੇ ਜਿਸ ਦੇ ਚੁਫ਼ੇਰੇ ਪਰਮੇਸ਼ੁਰ ਨੇ ਵਾੜ ਲਾਈ ਹੋਈ ਹੈ?

[24] ਕਿਉਂਕਿ ਮੇਰੇ ਰੋਟੀ ਖਾਣ ਤੋਂ ਪਹਿਲਾਂ ਮੇਰੇ ਹਾਉਂਕੇ ਨਿੱਕਲਦੇ ਹਨ, ਅਤੇ ਮੇਰਾ ਵਿਰਲਾਪ ਪਾਣੀ ਵਾਂਗੂੰ ਵਗਦਾ ਹੈ।

[25] ਜਿਸ ਗੱਲ ਤੋਂ ਮੈਂ ਡਰਦਾ ਹਾਂ, ਉਹ ਮੇਰੇ ਉੱਤੇ ਆ ਪੈਂਦੀ ਹੈ, ਅਤੇ ਜਿਸ ਤੋਂ ਮੈਂ ਭੈਅ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦੀ ਹੈ।

[26] ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਅਰਾਮ ਹੈ, ਸਗੋਂ ਬੇਚੈਨੀ ਹੀ ਬੇਚੈਨੀ ਹੈ।”

ਅੱਯੂਬ — Chapters