Skip to content
Opens in a new window
Listen to this chapter • 3:22

[1] “ਜ਼ਰਾ ਪੁਕਾਰ ਕੇ ਵੇਖ, ਕੀ ਕੋਈ ਹੈ ਜੋ ਤੈਨੂੰ ਉੱਤਰ ਦੇਵੇਗਾ! ਜਾਂ ਪਵਿੱਤਰਾਂ ਵਿੱਚੋਂ ਤੂੰ ਕਿਸ ਦੇ ਵੱਲ ਮੂੰਹ ਕਰੇਂਗਾ?

[2] ਕੁੜ੍ਹਨਾ ਤਾਂ ਮੂਰਖ ਨੂੰ ਵੱਢ ਸੁੱਟਦਾ ਹੈ ਅਤੇ ਜਲਣ ਭੋਲਿਆਂ-ਭਾਲਿਆਂ ਨੂੰ ਮਾਰ ਸੁੱਟਦੀ ਹੈ।

[3] ਮੈਂ ਮੂਰਖ ਨੂੰ ਜੜ੍ਹ ਫੜ੍ਹਦੇ ਵੇਖਿਆ ਹੈ, ਪਰ ਅਚਾਨਕ ਮੈਂ ਉਹ ਦੇ ਨਿਵਾਸ-ਸਥਾਨ ਨੂੰ ਫਿਟਕਾਰਿਆ।

[4] ਉਹ ਦੇ ਬੱਚੇ ਸੁਰੱਖਿਆ ਤੋਂ ਦੂਰ ਹਨ, ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ, ਅਤੇ ਉਹਨਾਂ ਦਾ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ,

[5] ਮੂਰਖਾਂ ਦੀ ਫ਼ਸਲ ਭੁੱਖੇ ਲੋਕ ਖਾ ਲੈਂਦੇ ਹਨ, ਸਗੋਂ ਕੰਡਿਆਂ ਵਿੱਚੋਂ ਵੀ ਕੱਢ ਲੈਂਦੇ ਹਨ, ਅਤੇ ਪਿਆਸਾ ਉਨ੍ਹਾਂ ਦੇ ਮਾਲ-ਧਨ ਨੂੰ ਫਾਹੀ ਲਾਉਂਦਾ ਹੈ,

[6] ਦੁੱਖ ਤਾਂ ਮਿੱਟੀ ਵਿੱਚੋਂ ਨਹੀਂ ਨਿੱਕਲਦਾ, ਨਾ ਕਸ਼ਟ ਭੂਮੀ ਵਿੱਚੋਂ ਉੱਗਦਾ ਹੈ,

[7] ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ, ਤਿਵੇਂ ਹੀ ਮਨੁੱਖ ਕਸ਼ਟ ਭੋਗਣ ਲਈ ਹੀ ਜੰਮਦਾ ਹੈ।

[8] “ਪਰ ਮੈਂ ਤਾਂ ਪਰਮੇਸ਼ੁਰ ਦਾ ਖੋਜੀ ਰਹਾਂਗਾ, ਅਤੇ ਆਪਣਾ ਮੁਕੱਦਮਾ ਪਰਮੇਸ਼ੁਰ ਨੂੰ ਸੌਂਪ ਦੇਵਾਂਗਾ,

[9] ਜਿਹੜਾ ਵੱਡੇ-ਵੱਡੇ ਅਥਾਹ ਕੰਮ ਅਤੇ ਅਣਗਿਣਤ ਅਚਰਜ਼ ਕਰਦਾ ਹੈ,

[10] ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ, ਅਤੇ ਖੇਤਾਂ ਉੱਤੇ ਪਾਣੀ ਵਰਸਾਉਂਦਾ ਹੈ,

[11] ਇਸ ਤਰ੍ਹਾਂ ਉਹ ਨੀਵਿਆਂ ਨੂੰ ਉੱਚਾ ਕਰਦਾ ਅਤੇ ਮਾਤਮ ਕਰਨ ਵਾਲੇ ਉਚਾਈ ਤੇ ਪਹੁੰਚਾ ਕੇ ਬਚਾਏ ਜਾਂਦੇ ਹਨ।

[12] ਉਹ ਚਲਾਕਾਂ ਦੀਆਂ ਯੋਜਨਾਵਾਂ ਨੂੰ ਵਿਅਰਥ ਕਰ ਦਿੰਦਾ ਹੈ, ਅਤੇ ਉਹਨਾਂ ਦੇ ਹੱਥ ਸਫ਼ਲ ਨਹੀਂ ਹੁੰਦੇ।

[13] ਉਹ ਬੁੱਧਵਾਨਾਂ ਨੂੰ ਉਹਨਾਂ ਦੀ ਚਤਰਾਈ ਵਿੱਚ ਫਸਾਉਂਦਾ ਹੈ ਅਤੇ ਛਲ ਕਰਨ ਵਾਲਿਆਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ।

[14] ਦਿਨ ਵੇਲੇ ਉਨ੍ਹਾਂ ਉੱਤੇ ਹਨ੍ਹੇਰਾ ਛਾ ਜਾਂਦਾ ਹੈ, ਅਤੇ ਦੁਪਹਿਰ ਨੂੰ ਉਹ ਰਾਤ ਦੀ ਤਰ੍ਹਾਂ ਟੋਹੰਦੇ ਫਿਰਦੇ ਹਨ।

[15] ਪਰ ਉਹ ਕੰਗਾਲਾਂ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥਾਂ ਤੋਂ ਬਚਾਉਂਦਾ ਹੈ।

[16] ਇਸ ਕਾਰਨ ਗਰੀਬ ਲਈ ਆਸ ਹੁੰਦੀ ਹੈ, ਅਤੇ ਬਦਕਾਰਾਂ ਦਾ ਮੂੰਹ ਬੰਦ ਹੋ ਜਾਂਦਾ ਹੈ।

[17] “ਵੇਖ, ਧੰਨ ਉਹ ਮਨੁੱਖ ਹੈ ਜਿਸ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਇਸ ਲਈ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ।

[18] ਕਿਉਂਕਿ ਉਹ ਹੀ ਘਾਇਲ ਕਰਦਾ, ਅਤੇ ਫੇਰ ਪੱਟੀ ਬੰਨ੍ਹਦਾ ਹੈ, ਉਹ ਹੀ ਸੱਟ ਮਾਰਦਾ ਹੈ ਅਤੇ ਫੇਰ ਉਹ ਦੇ ਹੱਥ ਚੰਗਾ ਵੀ ਕਰਦੇ ਹਨ।

[19] ਛੇਆਂ ਬਿਪਤਾਵਾਂ ਤੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤ ਵਿੱਚੋਂ ਵੀ ਕੋਈ ਬਦੀ ਤੈਨੂੰ ਨਾ ਛੂਹੇਗੀ।

[20] ਕਾਲ ਵਿੱਚ ਉਹ ਤੈਨੂੰ ਮੌਤ ਤੋਂ, ਅਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ ਤੈਨੂੰ ਛੁਟਕਾਰਾ ਦੇਵੇਗਾ।

[21] ਤੂੰ ਜੀਭ ਰੂਪੀ ਕੋਰੜੇ ਤੋਂ ਬਚਾਇਆ ਜਾਵੇਂਗਾ ਅਤੇ ਜਦ ਤਬਾਹੀ ਆਵੇਗੀ ਤਦ ਤੂੰ ਉਸ ਤੋਂ ਨਾ ਡਰੇਂਗਾ।

[22] ਤਬਾਹੀ ਅਤੇ ਕਾਲ ਦੇ ਦਿਨਾਂ ਉੱਤੇ ਤੂੰ ਹੱਸੇਂਗਾ, ਅਤੇ ਜੰਗਲੀ ਜਾਨਵਰਾਂ ਤੋਂ ਤੂੰ ਨਾ ਡਰੇਂਗਾ,

[23] ਸਗੋਂ ਮੈਦਾਨ ਦੇ ਪੱਥਰ ਵੀ ਤੇਰੇ ਨਾਲ ਨੇਮ ਬੰਨ੍ਹਣਗੇ, ਅਤੇ ਮੈਦਾਨ ਦੇ ਜਾਨਵਰ ਤੇਰੇ ਨਾਲ ਮੇਲ ਰੱਖਣਗੇ।

[24] ਤਦ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ, ਜਦ ਤੂੰ ਆਪਣਾ ਨਿਵਾਸ-ਸਥਾਨ ਵੇਖੇਂਗਾ, ਤਦ ਕੋਈ ਚੀਜ਼ ਗੁਆਚੀ ਹੋਈ ਨਾ ਹੋਵੇਗੀ।

[25] ਤੂੰ ਇਹ ਵੀ ਜਾਣੇਂਗਾ ਕਿ ਤੇਰੀ ਅੰਸ ਬਹੁਤ ਹੋਵੇਗੀ, ਸਗੋਂ ਤੇਰੀ ਸੰਤਾਨ ਧਰਤੀ ਦੀ ਘਾਹ ਦੇ ਸਮਾਨ ਹੋਵੇਗੀ।

[26] ਤੂੰ ਆਪਣੀ ਪੂਰੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ, ਜਿਵੇਂ ਅੰਨ ਦੀਆਂ ਭਰੀਆਂ ਸਮੇਂ ਸਿਰ ਭੰਡਾਰਾਂ ਵਿੱਚ ਰੱਖੀਆਂ ਜਾਂਦੀਆਂ ਹਨ।

[27] “ਵੇਖ, ਅਸੀਂ ਇਹ ਨੂੰ ਖ਼ੋਜਿਆ ਅਤੇ ਇਹ ਇਸੇ ਤਰ੍ਹਾਂ ਹੀ ਹੈ, ਤੂੰ ਇਹ ਨੂੰ ਸੁਣ ਅਤੇ ਆਪਣੇ ਲਾਭ ਦੇ ਲਈ ਧਿਆਨ ਵਿੱਚ ਰੱਖ।”

ਅੱਯੂਬ — Chapters