[1] ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
[2] “ਤੁਸੀਂ ਕਦੋਂ ਤੱਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੂਰ-ਚੂਰ ਕਰੋਗੇ?
[3] ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ, ਤੁਸੀਂ ਸ਼ਰਮ ਨਹੀਂ ਕਰਦੇ ਜੋ ਤੁਸੀਂ ਮੇਰੇ ਨਾਲ ਸਖ਼ਤੀ ਕਰਦੇ ਹੋ?
[4] ਮੰਨ ਲਓ ਕਿ ਮੇਰੇ ਕੋਲੋਂ ਭੁੱਲ ਹੋਈ ਤਾਂ ਵੀ ਮੇਰੀ ਭੁੱਲ ਮੇਰੇ ਉੱਤੇ ਹੀ ਰਹੇਗੀ।
[5] ਜੇ ਤੁਸੀਂ ਸੱਚ-ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ, ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,
[6] ਤਾਂ ਹੁਣ ਜਾਣ ਲਓ ਕਿ ਪਰਮੇਸ਼ੁਰ ਹੀ ਨੇ ਮੈਨੂੰ ਝੁਕਾਇਆ ਹੈ, ਅਤੇ ਮੈਨੂੰ ਆਪਣੇ ਜਾਲ਼ ਵਿੱਚ ਫਸਾਇਆ ਹੈ।”
[7] ਵੇਖੋ ਮੈਂ “ਜ਼ੁਲਮ, ਜ਼ੁਲਮ!” ਪੁਕਾਰਦਾ ਹਾਂ, ਪਰ ਕੋਈ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਸਹਾਇਤਾ ਲਈ ਦੁਹਾਈ ਦਿੰਦਾ ਹਾਂ ਪਰ ਕੋਈ ਨਿਆਂ ਨਹੀਂ ਕਰਦਾ!
[8] ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਤਾਂ ਜੋ ਮੈਂ ਲੰਘ ਨਾ ਸਕਾਂ, ਅਤੇ ਮੇਰੇ ਰਸਤਿਆਂ ਵਿੱਚ ਹਨ੍ਹੇਰਾ ਕਰ ਦਿੱਤਾ ਹੈ।
[9] ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ, ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ।
[10] ਉਹ ਨੇ ਮੈਨੂੰ ਚੌਂਹਾਂ ਪਾਸਿਆਂ ਤੋਂ ਤੋੜ ਸੁੱਟਿਆ, ਜਦੋਂ ਤੱਕ ਮੈਂ ਮੁੱਕ ਨਾ ਗਿਆ, ਅਤੇ ਮੇਰੀ ਆਸ ਨੂੰ ਰੁੱਖ ਵਾਂਗੂੰ ਪੁੱਟ ਸੁੱਟਿਆ ਹੈ।
[11] ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ, ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ!
[12] ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ, ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ, ਅਤੇ ਮੇਰੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਂਦੇ ਹਨ।
[13] “ਉਸ ਨੇ ਮੇਰੇ ਘਰਾਣੇ ਨੂੰ ਮੈਥੋਂ ਦੂਰ ਕਰ ਦਿੱਤਾ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਥੋਂ ਬਿਲਕੁਲ ਬੇਗਾਨੇ ਹੋ ਗਏ।
[14] ਮੇਰੇ ਰਿਸ਼ਤੇਦਾਰ ਕੰਮ ਨਾ ਆਏ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਨੂੰ ਭੁੱਲ ਗਏ।
[15] ਮੇਰੇ ਘਰ ਵਿੱਚ ਰਹਿਣ ਵਾਲੇ ਸਗੋਂ ਮੇਰੀਆਂ ਦਾਸੀਆਂ ਵੀ ਮੈਨੂੰ ਓਪਰਾ ਗਿਣਦੀਆਂ ਹਨ, ਉਹਨਾਂ ਦੀ ਨਿਗਾਹ ਵਿੱਚ ਮੈਂ ਪਰਦੇਸੀ ਹਾਂ।
[16] ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ, ਮੈਨੂੰ ਉਹ ਦੀ ਮਿੰਨਤ ਕਰਨੀ ਪੈਂਦੀ ਹੈ।
[17] ਮੇਰਾ ਸਾਹ ਮੇਰੀ ਪਤਨੀ ਲਈ ਘਿਣਾਉਣਾ ਹੈ, ਅਤੇ ਮੇਰੇ ਆਪਣੇ ਭਰਾ ਮੈਥੋਂ ਘਿਣ ਕਰਦੇ ਹਨ।
[18] ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ, ਜੇ ਮੈਂ ਉੱਠਾਂ ਤਾਂ ਉਹ ਮੈਨੂੰ ਮਿਹਣੇ ਮਾਰਦੇ ਹਨ!
[19] ਮੇਰੇ ਸਾਰੇ ਗੂੜ੍ਹੇ ਮਿੱਤਰ ਮੈਥੋਂ ਨਫ਼ਰਤ ਕਰਦੇ ਹਨ, ਅਤੇ ਮੇਰੇ ਪਿਆਰੇ ਮੇਰੇ ਵਿਰੁੱਧ ਹੋ ਗਏ ਹਨ।
[20] ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਮੌਤ ਤੋਂ ਵਾਲ-ਵਾਲ ਬਚਿਆ ਹਾਂ!
[21] “ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ, ਕਿਉਂ ਜੋ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਮਾਰਿਆ ਹੈ!
[22] ਤੁਸੀਂ ਪਰਮੇਸ਼ੁਰ ਵਾਂਗੂੰ ਕਿਉਂ ਮੇਰੇ ਪਿੱਛੇ ਪਏ ਹੋ? ਅਤੇ ਮੇਰੇ ਮਾਸ ਨੂੰ ਕਿਉਂ ਨਹੀਂ ਛੱਡਦੇ?
[23] “ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ! ਕਾਸ਼ ਕਿ ਉਹ ਪੋਥੀ ਵਿੱਚ ਲਿਖੀਆਂ ਜਾਂਦੀਆਂ,
[24] ਉਹ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ ਸਦਾ ਲਈ ਚੱਟਾਨ ਵਿੱਚ ਉੱਕਰੀਆਂ ਜਾਂਦੀਆਂ!
[25] ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ,
[26] ਅਤੇ ਆਪਣੀ ਇਸ ਚਮੜੀ ਦੇ ਨਾਸ ਹੋਣ ਦੇ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ੁਰ ਦਾ ਦਰਸ਼ਣ ਪਾਵਾਂਗਾ।
[27] ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗਾ, ਮੈਂ ਆਪ - ਕੋਈ ਹੋਰ ਨਹੀਂ। ਮੇਰਾ ਦਿਲ ਮੇਰੇ ਅੰਦਰ ਕਿਵੇਂ ਇਸ ਗੱਲ ਨੂੰ ਲੋਚਦਾ ਹੈ!
[28] “ਜੇ ਤੁਸੀਂ ਆਖੋ ਕਿ ਕਿਵੇਂ ਅਸੀਂ ਉਹ ਦੇ ਪਿੱਛੇ ਪਈਏ! ਤਾਂ ਵੀ ਧਰਮ ਦੀ ਗੱਲ ਮੇਰੇ ਵਿੱਚ ਪਾਈ ਜਾਵੇਗੀ,
[29] ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਕ੍ਰੋਧ ਦਾ ਫਲ ਤਲਵਾਰ ਨਾਲ ਦੰਡ ਦੇ ਯੋਗ ਹੈ, ਤਾਂ ਜੋ ਤੁਸੀਂ ਜਾਣ ਲਓ ਕਿ ਨਿਆਂ ਹੁੰਦਾ ਹੈ।”