Skip to content
Opens in a new window
Listen to this chapter • 2:37

[1] ਤਦ ਬਿਲਦਦ ਸ਼ੂਹੀ ਨੇ ਆਖਿਆ,

[2] “ਤੂੰ ਕਦੋਂ ਤੱਕ ਇਨ੍ਹਾਂ ਗੱਲਾਂ ਨੂੰ ਕਰਦਾ ਰਹੇਂਗਾ ਅਤੇ ਤੇਰੇ ਮੂੰਹ ਦੀਆਂ ਗੱਲਾਂ ਇੱਕ ਤੂਫ਼ਾਨੀ ਹਵਾ ਵਰਗੀਆਂ ਹੋਣਗੀਆਂ?

[3] ਕੀ ਪਰਮੇਸ਼ੁਰ ਨਿਆਂ ਨੂੰ ਵਿਗਾੜਦਾ ਹੈ, ਜਾਂ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ?

[4] ਜੇ ਤੇਰੇ ਪੁੱਤਰਾਂ ਨੇ ਉਹ ਦਾ ਪਾਪ ਕੀਤਾ, ਤਦ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ।

[5] ਜੇ ਤੂੰ ਪਰਮੇਸ਼ੁਰ ਨੂੰ ਵੱਡੇ ਯਤਨ ਨਾਲ ਭਾਲਦਾ, ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ,

[6] ਜੇ ਤੂੰ ਪਵਿੱਤਰ ਅਤੇ ਨੇਕ ਹੁੰਦਾ, ਤਦ ਹੁਣ ਉਹ ਤੇਰੇ ਲਈ ਜਾਗ ਉੱਠਦਾ, ਤੇਰੇ ਧਰਮ ਦੇ ਡੇਰੇ ਨੂੰ ਬਚਾਈ ਰੱਖਦਾ।

[7] ਭਾਵੇਂ ਤੇਰਾ ਹਿੱਸਾ ਥੋੜ੍ਹਾ ਹੀ ਰਿਹਾ ਹੋਵੇ, ਪਰ ਅੰਤ ਵਿੱਚ ਉਹ ਤੈਨੂੰ ਬਹੁਤ ਵਧਾਉਂਦਾ।”

[8] “ਤੂੰ ਪਹਿਲੀ ਪੀੜ੍ਹੀ ਦੇ ਲੋਕਾਂ ਨੂੰ ਪੁੱਛ, ਅਤੇ ਉਨ੍ਹਾਂ ਦੇ ਪੁਰਖਿਆਂ ਦੀਆਂ ਖੋਜ਼ਾਂ ਉੱਤੇ ਧਿਆਨ ਦੇ,

[9] ਆਪਾਂ ਤਾਂ ਕੱਲ ਦੇ ਹਾਂ, ਅਤੇ ਕੁਝ ਨਹੀਂ ਜਾਣਦੇ ਕਿਉਂ ਜੋ ਸਾਡੇ ਦਿਨ ਧਰਤੀ ਉੱਤੇ ਪਰਛਾਵੇਂ ਵਰਗੇ ਹੀ ਹਨ।

[10] ਕੀ ਉਹ ਤੈਨੂੰ ਨਾ ਸਿਖਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ?

[11] ਕੀ, ਬਿਨ੍ਹਾਂ ਚਿੱਕੜ ਤੋਂ ਕਾਨਾ ਉੱਗੇਗਾ? ਕੀ, ਬਿਨ੍ਹਾਂ ਪਾਣੀ ਤੋਂ ਸਰਕੰਡਾ ਵਧੇਗਾ?

[12] ਭਾਵੇਂ ਉਹ ਹਰਾ ਹੋਵੇ, ਅਤੇ ਵੱਢਿਆ ਵੀ ਨਾ ਗਿਆ ਹੋਵੇ, ਤਾਂ ਵੀ ਉਹ ਦੂਜੇ ਘਾਹ ਨਾਲੋਂ ਛੇਤੀ ਸੁੱਕ ਜਾਂਦਾ ਹੈ।

[13] ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ ਟੁੱਟ ਜਾਂਦੀ ਹੈ।

[14] ਉਸ ਦੀ ਆਸ ਦਾ ਮੁੱਢ ਟੁੱਟ ਜਾਂਦਾ ਹੈ, ਅਤੇ ਜਿਸ ਉੱਤੇ ਉਹ ਭਰੋਸਾ ਕਰਦਾ ਹੈ ਉਹ ਮੱਕੜੀ ਦਾ ਜਾਲਾ ਠਹਿਰਦਾ ਹੈ।

[15] ਭਾਵੇਂ ਉਹ ਆਪਣੇ ਘਰ ਉੱਤੇ ਭਰੋਸਾ ਰੱਖੇ, ਪਰ ਉਹ ਖੜ੍ਹਾ ਨਹੀਂ ਰਹੇਗਾ, ਉਹ ਉਸ ਨੂੰ ਤਕੜਾਈ ਨਾਲ ਫੜ੍ਹ ਲਵੇਗਾ, ਪਰ ਉਹ ਕਾਇਮ ਨਹੀਂ ਰਹੇਗਾ।

[16] ਉਹ ਧੁੱਪ ਵਿੱਚ ਹਰਾ-ਭਰਾ ਹੋ ਜਾਂਦਾ ਹੈ, ਅਤੇ ਉਸ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਫੈਲ ਜਾਂਦੀਆਂ ਹਨ।

[17] ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆਂ ਹਨ, ਉਹ ਪੱਥਰ ਦੇ ਘਰ ਨੂੰ ਲੱਭ ਲੈਂਦਾ ਹੈ।

[18] ਜੇ ਉਹ ਆਪਣੇ ਸਥਾਨ ਤੋਂ ਨਾਸ ਕੀਤਾ ਜਾਵੇ, ਤਾਂ ਉਹ ਇਹ ਆਖ ਕੇ ਉਸ ਦਾ ਇਨਕਾਰ ਕਰੇਗਾ ਕਿ ਮੈਂ ਇਸ ਨੂੰ ਵੇਖਿਆ ਹੀ ਨਹੀਂ।

[19] ਵੇਖ, ਉਸ ਦੀ ਖੁਸ਼ੀ ਰਾਤ ਭਰ ਲਈ ਹੁੰਦੀ ਹੈ! ਫਿਰ ਦੂਜੇ ਉਸੇ ਮਿੱਟੀ ਵਿੱਚੋਂ ਨਿੱਕਲਣਗੇ।”

[20] “ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੇਗਾ, ਅਤੇ ਨਾ ਬੁਰਿਆਰਾਂ ਦੇ ਹੱਥ ਨੂੰ ਥੰਮੇਗਾ।

[21] ਉਹ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰਿਆਂ ਨਾਲ ਭਰੇਗਾ।

[22] ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ!”

ਅੱਯੂਬ — Chapters