Skip to content
Opens in a new window
Listen to this chapter • 3:10

[1] ਵੇਖੋ, ਮੇਰੀ ਅੱਖ ਨੇ ਇਹ ਸਭ ਕੁਝ ਵੇਖਿਆ ਹੈ, ਮੇਰੇ ਕੰਨਾਂ ਨੇ ਇਹ ਸੁਣਿਆ ਅਤੇ ਸਮਝਿਆ ਹੈ।

[2] ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ।

[3] ਪਰ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰਨਾ ਚਾਹੁੰਦਾ ਹਾਂ,

[4] ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ!

[5] ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ!

[6] ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੀ ਬੇਨਤੀ ਉੱਤੇ ਕੰਨ ਲਾਓ।

[7] ਕੀ ਤੁਸੀਂ ਪਰਮੇਸ਼ੁਰ ਦੇ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ?

[8] ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਜਾਂ ਪਰਮੇਸ਼ੁਰ ਲਈ ਮੁਕੱਦਮਾ ਲੜੋਗੇ?

[9] ਭਲਾ ਇਹ ਚੰਗਾ ਹੋਵੇਗਾ ਕਿ ਉਹ ਤੁਹਾਨੂੰ ਜਾਂਚੇ, ਜਾਂ ਤੁਸੀਂ ਉਹ ਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ?

[10] ਜੇ ਤੁਸੀਂ ਲੁੱਕ ਕੇ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖ਼ਤੀ ਨਾਲ ਝਿੜਕੇਗਾ।

[11] ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈਅ ਤੁਹਾਡੇ ਉੱਤੇ ਨਹੀਂ ਪੈਂਦਾ?

[12] ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਗੜ੍ਹ ਮਿੱਟੀ ਦੇ ਗੜ੍ਹ ਹਨ!

[13] ਮੇਰੇ ਅੱਗੇ ਚੁੱਪ ਰਹੋ ਤਾਂ ਜੋ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ!

[14] ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਨਾਲ ਚੱਬਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ?

[15] ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਕੋਈ ਆਸ ਨਹੀਂ, ਤਾਂ ਵੀ ਮੈਂ ਆਪਣੇ ਚਾਲ-ਚਲਣ ਲਈ ਉਹ ਦੇ ਨਾਲ ਵਾਦ-ਵਿਵਾਦ ਕਰਾਂਗਾ।

[16] ਇਹ ਵੀ ਮੇਰੀ ਮੁਕਤੀ ਦਾ ਕਾਰਨ ਹੋਵੇਗਾ ਕਿ ਕੋਈ ਕੁਧਰਮੀ ਉਹ ਦੇ ਹਜ਼ੂਰ ਜਾ ਨਹੀਂ ਸਕਦਾ।

[17] ਧਿਆਨ ਲਗਾ ਕੇ ਮੇਰੇ ਬਚਨਾਂ ਨੂੰ ਸੁਣੋ, ਅਤੇ ਮੇਰੀ ਬੇਨਤੀ ਤੁਹਾਡੇ ਕੰਨਾਂ ਵਿੱਚ ਪਵੇ।

[18] ਹੁਣ ਵੇਖੋ, ਮੈਂ ਆਪਣੇ ਮੁਕੱਦਮੇ ਦੀ ਤਿਆਰੀ ਪੂਰੀ ਕਰ ਲਈ ਹੈ, ਮੈਂ ਜਾਣਦਾ ਹਾਂ ਕਿ ਮੈਂ ਨਿਰਦੋਸ਼ ਠਹਿਰਾਂਗਾ।

[19] ਕੌਣ ਮੇਰੇ ਨਾਲ ਬਹਿਸ ਕਰੇਗਾ? ਜੇਕਰ ਕੋਈ ਅਜਿਹਾ ਹੋਵੇ ਤਾਂ ਮੈਂ ਚੁੱਪ ਰਹਾਂਗਾ ਅਤੇ ਪ੍ਰਾਣ ਤਿਆਗ ਦਿਆਂਗਾ।

[20] ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹਜ਼ੂਰੋਂ ਨਾ ਲੁਕਾਂਗਾ।

[21] ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈਅ ਮੈਨੂੰ ਨਾ ਡਰਾਵੇ।

[22] ਤਦ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ!

[23] ਮੇਰੀਆਂ ਬੁਰਾਈਆਂ ਅਤੇ ਪਾਪ ਕਿੰਨੇ ਹਨ? ਮੇਰਾ ਅਪਰਾਧ ਅਤੇ ਪਾਪ ਮੈਨੂੰ ਦੱਸ!

[24] ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ?

[25] ਕੀ ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ? ਕੀ ਤੂੰ ਸੁੱਕੇ ਘਾਹ ਦਾ ਪਿੱਛਾ ਕਰੇਂਗਾ?

[26] ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈਂ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈਂ।

[27] ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈਂ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ!

[28] ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਕੱਪੜੇ ਵਰਗਾ ਜਿਸ ਨੂੰ ਕੀੜੇ ਨੇ ਖਾ ਲਿਆ ਹੋਵੇ!

ਅੱਯੂਬ — Chapters