Skip to content
Opens in a new window
Listen to this chapter • 2:42

[1] ਤਦ ਅਲੀਫਾਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,

[2] “ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਲੇਰੀ ਕਰੇ, ਤਾਂ ਕੀ ਤੂੰ ਬੁਰਾ ਮੰਨੇਗਾ? ਪਰ ਬੋਲਣ ਤੋਂ ਕੌਣ ਆਪਣੇ ਆਪ ਨੂੰ ਰੋਕ ਸਕਦਾ ਹੈ?

[3] ਵੇਖ, ਤੂੰ ਬਹੁਤਿਆਂ ਨੂੰ ਸਿਖਾਇਆ, ਅਤੇ ਢਿੱਲੇ ਹੱਥਾਂ ਨੂੰ ਤੂੰ ਤਕੜਾ ਕੀਤਾ।

[4] ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮਿਆ, ਅਤੇ ਤੂੰ ਕੰਬਦੇ ਗੋਡਿਆਂ ਨੂੰ ਮਜ਼ਬੂਤ ਕੀਤਾ,

[5] ਪਰ ਹੁਣ ਬਿਪਤਾ ਤੇਰੇ ਉੱਤੇ ਆ ਪਈ ਅਤੇ ਤੂੰ ਨਿਰਾਸ਼ ਹੋ ਗਿਆ ਹੈਂ, ਉਹ ਨੇ ਤੈਨੂੰ ਛੂਹਿਆ ਅਤੇ ਤੂੰ ਘਬਰਾ ਉੱਠਿਆ।

[6] ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ? ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸ ਨਹੀਂ?

[7] “ਇਸ ਉੱਤੇ ਵਿਚਾਰ ਕਰ, ਕੀ ਕੋਈ ਨਿਰਦੋਸ਼ ਕਦੇ ਨਾਸ ਹੋਇਆ ਹੈ, ਜਾਂ ਨੇਕ ਜਨ ਕਦੇ ਮਿਟਾਏ ਗਏ?

[8] ਮੇਰੇ ਵੇਖਣ ਵਿੱਚ ਤਾਂ ਜੋ ਪਾਪ ਅਤੇ ਦੁੱਖ ਦਾ ਬੀਜ ਬੀਜਦੇ ਹਨ, ਉਹੋ ਉਸ ਨੂੰ ਵੱਢਦੇ ਹਨ।

[9] ਪਰਮੇਸ਼ੁਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ, ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ।

[10] ਬੱਬਰ ਸ਼ੇਰ ਦਾ ਗੱਜਣਾ ਅਤੇ ਘਾਤਕ ਸ਼ੇਰ ਦਾ ਦਹਾੜਨਾ ਬੰਦ ਹੋ ਜਾਂਦਾ ਹੈ, ਅਤੇ ਜੁਆਨ ਸ਼ੇਰਾਂ ਦੇ ਦੰਦ ਭੰਨੇ ਜਾਂਦੇ ਹਨ।

[11] ਬੁੱਢਾ ਸ਼ੇਰ ਸ਼ਿਕਾਰ ਦੀ ਥੁੜ ਕਾਰਨ ਨਾਸ ਹੋ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੰਡ-ਪੁੰਡ ਜਾਂਦੇ ਹਨ।

[12] “ਇੱਕ ਗੱਲ ਚੋਰੀ-ਛੁੱਪੇ ਮੇਰੇ ਕੋਲ ਪਹੁੰਚਾਈ ਗਈ, ਅਤੇ ਉਹ ਦੀ ਭਣਕ ਮੇਰੇ ਕੰਨਾਂ ਵਿੱਚ ਆਈ,

[13] ਰਾਤ ਦੇ ਸੁਫਨਿਆਂ ਦੀਆਂ ਚਿੰਤਾਵਾਂ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਪੈਂਦੀ ਹੈ,

[14] ਡਰ ਅਤੇ ਕਾਂਬਾ ਮੇਰੇ ਉੱਤੇ ਆ ਪਏ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ!

[15] ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਸਰੀਰ ਦੀ ਲੂਈਂ ਖੜ੍ਹੀ ਹੋ ਗਈ!

[16] ਉਹ ਖੜ੍ਹੀ ਹੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਪਹਿਲਾਂ ਖ਼ਾਮੋਸ਼ੀ ਰਹੀ, ਫੇਰ ਮੈਂ ਇੱਕ ਅਵਾਜ਼ ਸੁਣੀ।

[17] ਕੀ ਨਾਸਵਾਨ ਮਨੁੱਖ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੈ, ਜਾਂ ਕੀ ਇੱਕ ਮਨੁੱਖ ਆਪਣੇ ਸਿਰਜਣਹਾਰ ਨਾਲੋਂ ਜ਼ਿਆਦਾ ਪਵਿੱਤਰ ਹੈ?

[18] ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,

[19] ਤਾਂ ਫਿਰ ਉਹ ਕੀ ਹਨ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਂਹਾਂ ਮਿੱਟੀ ਵਿੱਚ ਹਨ, ਜਿਹੜੇ ਪਤੰਗੇ ਦੀ ਤਰ੍ਹਾਂ ਪੀਹੇ ਜਾਂਦੇ ਹਨ।

[20] ਸਵੇਰ ਤੋਂ ਸ਼ਾਮ ਤੱਕ ਉਹ ਟੁੱਕੜੇ-ਟੁੱਕੜੇ ਹੋ ਜਾਂਦੇ ਹਨ, ਕੋਈ ਉਨ੍ਹਾਂ ਦਾ ਵਿਚਾਰ ਵੀ ਨਹੀਂ ਕਰਦਾ ਅਤੇ ਉਹ ਸਦਾ ਲਈ ਨਾਸ ਹੋ ਜਾਂਦੇ ਹਨ।

[21] ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ? ਉਹ ਬੁੱਧ ਤੋਂ ਬਿਨ੍ਹਾਂ ਹੀ ਮਰ ਜਾਂਦੇ ਹਨ।”

ਅੱਯੂਬ — Chapters