Skip to content
Opens in a new window
Listen to this chapter • 1:35

[1] ਫੇਰ ਅੱਯੂਬ ਨੇ ਉੱਤਰ ਦੇ ਕੇ ਆਖਿਆ,

[2] “ਤੂੰ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ, ਅਤੇ ਬਲਹੀਣ ਬਾਂਹ ਨੂੰ ਕਿਵੇਂ ਬਚਾਇਆ!

[3] ਤੂੰ ਬੁੱਧਹੀਣ ਨੂੰ ਕਿਹੋ ਜਿਹੀ ਸਲਾਹ ਦਿੱਤੀ, ਅਤੇ ਖਰਾ ਗਿਆਨ ਬਹੁਤ ਪਰਗਟ ਕੀਤਾ!

[4] ਤੂੰ ਕਿਸਨੂੰ ਇਹ ਗੱਲਾਂ ਦੱਸੀਆਂ, ਅਤੇ ਕਿਸ ਦੇ ਆਤਮਾ ਨੇ ਤੇਰੇ ਮੂੰਹੋਂ ਗੱਲ ਕੀਤੀ?

[5] “ਬਹੁਤ ਦਿਨਾਂ ਦੇ ਮਰੇ ਹੋਏ ਲੋਕ ਪਾਣੀਆਂ ਵਿੱਚ ਅਤੇ ਉਸ ਵਿੱਚ ਰਹਿਣ ਵਾਲਿਆਂ ਦੇ ਹੇਠ ਕੰਬਦੇ ਹਨ!

[6] ਅਧੋਲੋਕ ਉਹ ਦੇ ਅੱਗੇ ਨੰਗਾ ਹੈ, ਅਤੇ ਨਰਕ ਬੇਪਰਦਾ ਹੈ।

[7] ਉਹ ਉੱਤਰ ਦੇਸ ਨੂੰ ਖਾਲੀ ਸਥਾਨ ਉੱਤੇ ਫੈਲਾਉਂਦਾ ਹੈ, ਉਹ ਧਰਤੀ ਨੂੰ ਬਿਨ੍ਹਾਂ ਸਹਾਰੇ ਦੇ ਲਟਕਾਉਂਦਾ ਹੈ!

[8] ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫਟਦੇ।

[9] ਉਹ ਚੰਦਰਮਾ ਦੇ ਸਾਹਮਣੇ ਬੱਦਲ ਫੈਲਾ ਕੇ ਉਸ ਨੂੰ ਢੱਕ ਕੇ ਰੱਖਦਾ ਹੈ।

[10] ਉਹ ਨੇ ਪਾਣੀਆਂ ਦੀ ਹੱਦ, ਚਾਨਣ ਅਤੇ ਹਨੇਰੇ ਦੀ ਹੱਦ ਤੱਕ ਠਹਿਰਾ ਰੱਖੀ ਹੈ।

[11] ਅਕਾਸ਼ ਦੇ ਥੰਮ੍ਹ ਹਿੱਲਦੇ ਹਨ, ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ!

[12] ਉਹ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੰਦਾ ਹੈ, ਅਤੇ ਆਪਣੀ ਬੁੱਧ ਨਾਲ ਰਾਹਬ ਨੂੰ ਮਾਰ ਸੁੱਟਦਾ ਹੈ।

[13] ਉਹ ਦੇ ਸਾਹ ਨਾਲ ਅਕਾਸ਼-ਮੰਡਲ ਸ਼ੁੱਧ ਹੋ ਜਾਂਦਾ ਹੈ, ਉਹ ਦੇ ਹੱਥ ਨੇ ਉੱਡਣੇ ਸੱਪ ਨੂੰ ਵਿੰਨ੍ਹ ਸੁੱਟਿਆ ਹੈ।

[14] ਵੇਖੋ, ਇਹ ਸਭ ਉਸ ਦੇ ਕੰਮਾਂ ਦੀ ਝਲਕ ਹੀ ਹੈ, ਅਤੇ ਅਸੀਂ ਉਸ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ! ਫੇਰ ਕੌਣ ਉਸ ਦੀ ਸਮਰੱਥਾ ਦੀ ਗਰਜ ਨੂੰ ਸਮਝ ਸਕਦਾ ਹੈ?”

ਅੱਯੂਬ — Chapters