[1] ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹ ਨੇ ਆਪਣੇ ਸੱਤ ਥੰਮ੍ਹ ਘੜ੍ਹ ਲਏ ਹਨ।
[2] ਉਹ ਨੇ ਰਾਤ ਦੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ, ਉਹ ਨੇ ਆਪਣੀ ਮੈ ਰਲਾ ਲਈ, ਉਹ ਨੇ ਆਪਣੀ ਮੇਜ਼ ਵੀ ਸਜਾ ਲਈ ਹੈ।
[3] ਉਹ ਨੇ ਆਪਣੀਆਂ ਦਾਸੀਆਂ ਕੋਲ ਸੱਦਾ ਭੇਜਿਆ ਹੈ, ਉਹ ਨਗਰ ਦੇ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ,
[4] ਜੋ ਕੋਈ ਭੋਲਾ ਹੈ ਉਹ ਉਰੇ ਜਾਵੇ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਇਹ ਆਖਦੀ ਹੈ,
[5] ਆਓ, ਮੇਰੀ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ!
[6] ਭੋਲਿਆਂ ਦੀ ਸੰਗਤ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਉੱਤੇ ਸਿੱਧੇ ਤੁਰੋ!
[7] ਮਖ਼ੌਲੀਏ ਨੂੰ ਤਾੜਨ ਵਾਲਾ ਆਪਣੀ ਹੀ ਬੇਇੱਜ਼ਤੀ ਕਰਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ।
[8] ਮਖ਼ੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ, ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ।
[9] ਬੁੱਧਵਾਨ ਨੂੰ ਸਿੱਖਿਆ ਦੇ, ਉਹ ਹੋਰ ਵੀ ਬੁੱਧਵਾਨ ਹੋਵੇਗਾ, ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ।
[10] ਯਹੋਵਾਹ ਦਾ ਭੈਅ ਮੰਨਣਾ ਬੁੱਧ ਦਾ ਮੁੱਢ ਹੈ, ਅਤੇ ਅੱਤ ਪਵਿੱਤਰ ਦਾ ਗਿਆਨ ਹੀ ਸਮਝ ਹੈ।
[11] ਮੇਰੇ ਰਾਹੀਂ ਤੇਰੀ ਉਮਰ ਵਧੇਗੀ, ਅਤੇ ਤੇਰੇ ਜੀਵਨ ਦੇ ਸਾਲ ਢੇਰ ਸਾਰੇ ਹੋਣਗੇ।
[12] ਜੇ ਤੂੰ ਬੁੱਧਵਾਨ ਹੈ ਤਾਂ ਤੂੰ ਹੀ ਉਸਦਾ ਲਾਭ ਪਾਵੇਂਗਾ, ਪਰ ਜੇ ਤੂੰ ਠੱਠਾ ਕਰਨ ਵਾਲਾ ਹੈਂ ਤਾਂ ਤੂੰ ਇਕੱਲਾ ਹੀ ਉਸਦਾ ਦੰਡ ਭੋਗੇਂਗਾ।
[13] ਮੂਰਖ ਔਰਤ ਬੜਬੋਲੀ ਹੈ, ਉਹ ਭੋਲੀ ਹੈ ਅਤੇ ਕੁਝ ਜਾਣਦੀ ਹੀ ਨਹੀਂ।
[14] ਉਹ ਆਪਣੇ ਘਰ ਦੇ ਬੂਹੇ ਕੋਲ, ਅਤੇ ਨਗਰ ਦੇ ਉੱਚੇ ਸਥਾਨਾਂ ਉੱਤੇ ਬਹਿੰਦੀ ਹੈ,
[15] ਤਾਂ ਜੋ ਰਾਹੀਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ,
[16] ਜਿਹੜਾ ਭੋਲਾ ਹੈ, ਉਹ ਐਥੇ ਆਵੇ! ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ,
[17] ਚੋਰੀ ਦਾ ਪਾਣੀ ਮਿੱਠਾ, ਅਤੇ ਲੁਕਮੀ ਰੋਟੀ ਸੁਆਦਲੀ ਹੈ!
[18] ਪਰ ਉਸ ਰਾਹੀ ਨੂੰ ਪਤਾ ਨਹੀਂ ਕਿ ਮਰੇ ਹੋਏ ਉੱਥੇ ਪਏ ਹਨ, ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ!