[1] ਹੇ ਮੇਰੇ ਪੁੱਤਰ, ਜੇ ਤੂੰ ਮੇਰੇ ਬਚਨਾਂ ਨੂੰ ਮੰਨੇ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੇਂ,
[2] ਤਾਂ ਜੋ ਤੂੰ ਬੁੱਧ ਵੱਲ ਕੰਨ ਲਾਵੇਂ ਅਤੇ ਸਮਝ ਉੱਤੇ ਮਨ ਲਾਵੇਂ,
[3] ਹਾਂ ਜੇ ਤੂੰ ਵਿਵੇਕ ਅਤੇ ਸਮਝ ਲਈ ਜਤਨ ਨਾਲ ਪੁਕਾਰੇਂ,
[4] ਜੇ ਤੂੰ ਚਾਂਦੀ ਵਾਂਗੂੰ ਉਹ ਦੀ ਭਾਲ ਕਰੇਂ ਅਤੇ ਗੁਪਤ ਧਨ ਵਾਂਗੂੰ ਉਹ ਦੀ ਖੋਜ ਕਰੇਂ,
[5] ਤਾਂ ਤੂੰ ਯਹੋਵਾਹ ਦੇ ਭੈਅ ਨੂੰ ਸਮਝੇਂਗਾ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ,
[6] ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।
[7] ਸਚਿਆਰਾਂ ਲਈ ਉਹ ਸਿਆਣਪ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ, ਉਨ੍ਹਾਂ ਲਈ ਉਹ ਢਾਲ਼ ਹੈ,
[8] ਉਹ ਨਿਆਂ ਦੇ ਰਾਹਾਂ ਦੀ ਰਾਖੀ ਕਰਦਾ ਅਤੇ ਆਪਣੇ ਭਗਤਾਂ ਦੇ ਰਾਹ ਦੀ ਰੱਖਿਆ ਕਰਦਾ ਹੈ।
[9] ਤਦ ਤੂੰ ਧਰਮ ਅਤੇ ਨਿਆਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ,
[10] ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ।
[11] ਮੱਤ ਤੇਰੀ ਪਾਲਣਾ ਕਰੇਗੀ ਅਤੇ ਸਮਝ ਤੇਰੀ ਰਾਖੀ ਕਰੇਗੀ,
[12] ਤਾਂ ਜੋ ਤੈਨੂੰ ਬੁਰਿਆਂ ਰਾਹਾਂ ਤੋਂ ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ,
[13] ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਹਨੇਰੇ ਰਾਹਾਂ ਵਿੱਚ ਤੁਰਦੇ ਹਨ,
[14] ਜਿਹੜੇ ਬੁਰਿਆਈ ਕਰਨ ਨਾਲ ਅਨੰਦ ਹੁੰਦੇ ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ,
[15] ਜਿਨ੍ਹਾਂ ਦੇ ਰਾਹ ਟੇਡੇ ਅਤੇ ਚਾਲਾਂ ਵਿਗੜੀਆਂ ਹੋਈਆਂ ਹਨ,
[16] ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਉਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ,
[17] ਜਿਸ ਨੇ ਆਪਣੇ ਜੁਆਨੀ ਦੇ ਸਾਥੀ ਨੂੰ ਛੱਡ ਦਿੱਤਾ ਅਤੇ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ,
[18] ਕਿਉਂ ਜੋ ਉਹ ਦਾ ਘਰ ਮੌਤ ਦੀ ਢਲਾਣ ਉੱਤੇ ਹੈ ਅਤੇ ਉਹ ਦੇ ਰਾਹ ਮਰਿਆਂ ਹੋਇਆਂ ਦੇ ਵਿਚਕਾਰ ਲਹਿੰਦੇ ਹਨ।
[19] ਜਿਹੜੇ ਉਹ ਦੇ ਕੋਲ ਜਾਂਦੇ ਹਨ, ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ ਅਤੇ ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦਾ ਹੈ।
[20] ਇਸ ਤਰ੍ਹਾਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਂਗਾ।
[21] ਸਚਿਆਰ ਹੀ ਧਰਤੀ ਉੱਤੇ ਵੱਸਣਗੇ ਅਤੇ ਖਰੇ ਹੀ ਉਸ ਦੇ ਵਿੱਚ ਰਹਿਣਗੇ,
[22] ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ ਅਤੇ ਧੋਖੇਬਾਜ਼ ਉਸ ਵਿੱਚੋਂ ਪੁੱਟੇ ਜਾਣਗੇ।