[1] ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।
[2] ਹੰਕਾਰ ਦੇ ਨਾਲ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਦੇ ਨਾਲ ਬੁੱਧ ਆਉਂਦੀ ਹੈ।
[3] ਸਿੱਧਿਆਂ ਦੀ ਖ਼ਰਾਈ ਉਹਨਾਂ ਦੀ ਅਗਵਾਈ ਕਰੇਗੀ, ਪਰ ਕਪਟੀਆਂ ਦੀ ਟੇਢੀ ਚਾਲ ਉਨ੍ਹਾਂ ਦਾ ਨਾਸ ਕਰੇਗੀ।
[4] ਕਹਿਰ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ।
[5] ਖਰੇ ਮਨੁੱਖ ਦਾ ਰਾਹ ਧਾਰਮਿਕਤਾ ਦੇ ਕਾਰਨ ਸਿੱਧਾ ਰਹਿੰਦਾ ਹੈ, ਪਰ ਦੁਸ਼ਟ ਮਨੁੱਖ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪੈਂਦਾ ਹੈ।
[6] ਸਿੱਧਿਆਂ ਦੀ ਸਿਧਿਆਈ ਉਹਨਾਂ ਨੂੰ ਛੁਡਾਉਂਦੀ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫਸ ਜਾਂਦੇ ਹਨ।
[7] ਜਦ ਦੁਸ਼ਟ ਮਰਦਾ ਹੈ, ਤਦ ਉਹ ਦੀ ਆਸ ਵੀ ਮਿਟ ਜਾਂਦੀ ਹੈ, ਅਤੇ ਬੁਰਿਆਰਾਂ ਦੀ ਆਸ ਦਾ ਨਾਸ ਹੋ ਜਾਂਦਾ ਹੈ।
[8] ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ।
[9] ਕੁਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।
[10] ਜਦ ਧਰਮੀਆਂ ਨੂੰ ਸੁੱਖ ਹੁੰਦਾ ਹੈ, ਤਦ ਨਗਰ ਦੇ ਲੋਕ ਪ੍ਰਸੰਨ ਹੁੰਦੇ ਹਨ, ਪਰ ਜਦ ਦੁਸ਼ਟਾਂ ਦਾ ਨਾਸ ਹੁੰਦਾ, ਤਾਂ ਜੈਕਾਰੇ ਹੁੰਦੇ ਹਨ!
[11] ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹਿ ਜਾਂਦਾ ਹੈ।
[12] ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਸਮਝਦਾਰ ਪੁਰਸ਼ ਚੁੱਪ ਰਹਿੰਦਾ ਹੈ।
[13] ਲੁਤਰਾ ਮਨੁੱਖ ਦੂਜਿਆਂ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰਦਾ ਹੈ, ਪਰ ਭਰੋਸੇਮੰਦ ਮਨੁੱਖ ਗੱਲ ਨੂੰ ਲੁਕੋ ਰੱਖਦਾ ਹੈ।
[14] ਜਿੱਥੇ ਅਗਵਾਈ ਨਹੀਂ ਹੁੰਦੀ ਉੱਥੇ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹਕਾਰਾਂ ਨਾਲ ਬਚਾਓ ਹੁੰਦਾ ਹੈ।
[15] ਜਿਹੜਾ ਪਰਾਏ ਮਨੁੱਖ ਦਾ ਜ਼ਮਾਨਤੀ ਬਣੇ, ਉਹ ਵੱਡਾ ਦੁੱਖੀ ਹੁੰਦਾ ਹੈ, ਪਰ ਜਿਹੜਾ ਜ਼ਮਾਨਤ ਲੈਣ ਤੋਂ ਘਿਰਣਾ ਕਰਦਾ ਹੈ, ਉਹ ਸੁਖੀ ਰਹਿੰਦਾ ਹੈ।
[16] ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ, ਪਰ ਨਿਰਦਈ ਪੁਰਸ਼ ਧਨ ਦੇ ਪਿੱਛੇ ਲੱਗਿਆ ਰਹਿੰਦਾ ਹੈ।
[17] ਦਿਆਲੂ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ।
[18] ਦੁਸ਼ਟ ਝੂਠ ਦੀ ਮਜ਼ਦੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ, ਉਹ ਨੂੰ ਸੱਚ ਦਾ ਫਲ ਮਿਲਦਾ ਹੈ।
[19] ਸਚਿਆਰ ਮਨੁੱਖ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ, ਉਹ ਆਪਣੀ ਮੌਤ ਦਾ ਪਿੱਛਾ ਕਰਦਾ ਹੈ।
[20] ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ।
[21] ਇਹ ਗੱਲ ਪੱਕੀ ਹੈ ਕਿ ਦੁਸ਼ਟ ਦੰਡ ਬਿਨ੍ਹਾਂ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ।
[22] ਜਿਵੇਂ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ, ਤਿਵੇਂ ਹੀ ਰੂਪਵੰਤ ਇਸਤਰੀ ਹੈ ਜੋ ਵਿਵੇਕਹੀਣ ਹੈ।
[23] ਧਰਮੀ ਦੀ ਲਾਲਸਾ ਹਮੇਸ਼ਾ ਭਲਿਆਈ ਦੀ ਹੁੰਦੀ ਹੈ, ਪਰ ਦੁਸ਼ਟਾਂ ਦੀ ਆਸ ਦਾ ਫਲ ਕਹਿਰ ਹੁੰਦਾ ਹੈ।
[24] ਕੋਈ ਤਾਂ ਵੰਡਦਾ ਹੈ ਫਿਰ ਵੀ ਉਹ ਦਾ ਮਾਲ ਵੱਧਦਾ ਹੈ, ਅਤੇ ਕੋਈ ਜੋਗ ਖ਼ਰਚ ਤੋਂ ਸਰਫ਼ਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ।
[25] ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ, ਅਤੇ ਜੋ ਦੂਜਿਆਂ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ।
[26] ਜਿਹੜਾ ਅਨਾਜ ਨੂੰ ਦੱਬ ਕੇ ਰੱਖਦਾ ਹੈ, ਉਹ ਨੂੰ ਤਾਂ ਲੋਕ ਫਿਟਕਾਰਦੇ ਹਨ, ਪਰ ਜਿਹੜਾ ਉਸ ਨੂੰ ਵੇਚਦਾ ਹੈ, ਉਹ ਨੂੰ ਅਸੀਸਾਂ ਦਿੰਦੇ ਹਨ।
[27] ਜਿਹੜਾ ਜਤਨ ਨਾਲ ਭਲਿਆਈ ਨੂੰ ਭਾਲਦਾ, ਉਹ ਕਿਰਪਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ ਹੈ, ਉਹ ਉਸੇ ਦੇ ਉੱਤੇ ਆ ਪਵੇਗੀ।
[28] ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਗੂੰ ਲਹਿਲਹਾਉਣਗੇ।
[29] ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ, ਅਤੇ ਮੂਰਖ ਬੁੱਧਵਾਨ ਦਾ ਦਾਸ ਹੋਵੇਗਾ।
[30] ਧਰਮੀ ਦਾ ਫਲ ਜੀਵਨ ਦਾ ਰੁੱਖ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ।
[31] ਵੇਖੋ, ਧਰਮੀ ਵੀ ਇਸ ਧਰਤੀ ਉੱਤੇ ਆਪਣਾ ਫਲ ਭੋਗਦੇ ਹਨ, ਤਾਂ ਦੁਸ਼ਟ ਅਤੇ ਪਾਪੀ ਕਿੰਨ੍ਹਾਂ ਵਧੀਕ ਭੋਗਣਗੇ!