[1] ਬੁੱਧਵਾਨ ਇਸਤਰੀ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੇ ਹੱਥੀਂ ਹੀ ਉਹ ਨੂੰ ਢਾਹ ਦਿੰਦੀ ਹੈ।
[2] ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈਅ ਮੰਨਦਾ ਹੈ, ਪਰ ਜਿਹੜਾ ਟੇਢੀ ਚਾਲ ਚੱਲਦਾ ਹੈ, ਉਹ ਉਸ ਨੂੰ ਤੁੱਛ ਜਾਣਦਾ ਹੈ।
[3] ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੋਲ ਉਹਨਾਂ ਦੀ ਰੱਖਿਆ ਕਰਦੇ ਹਨ।
[4] ਜਿੱਥੇ ਬਲ਼ਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲ਼ਦ ਦੇ ਜ਼ੋਰ ਨਾਲ ਬਹੁਤਾ ਅਨਾਜ ਪੈਦਾ ਹੁੰਦਾ ਹੈ।
[5] ਵਫ਼ਾਦਾਰ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ।
[6] ਠੱਠਾ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ।
[7] ਮੂਰਖ ਤੋਂ ਦੂਰ ਹੋ ਜਾ, ਕਿਉਂ ਜੋ ਤੂੰ ਉਹ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਏਂਗਾ।
[8] ਸਿਆਣੇ ਦੀ ਬੁੱਧ ਆਪਣੇ ਰਾਹ ਨੂੰ ਸਮਝਣਾ ਹੈ, ਪਰ ਮੂਰਖ ਦੀ ਮੂਰਖਤਾਈ ਛਲ ਹੀ ਹੈ।
[9] ਮੂਰਖ ਪਾਪ ਕਰ ਕੇ ਹੱਸਦੇ ਹਨ, ਪਰ ਸਚਿਆਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ।
[10] ਮਨ ਆਪ ਹੀ ਆਪਣੀ ਕੁੜੱਤਣ ਜਾਣਦਾ ਹੈ, ਉਹ ਦੀ ਖੁਸ਼ੀ ਵਿੱਚ ਕੋਈ ਪਰਾਇਆ ਲੱਤ ਅੜਾ ਨਹੀਂ ਸਕਦਾ।
[11] ਦੁਸ਼ਟਾਂ ਦਾ ਘਰ ਉੱਜੜ ਜਾਵੇਗਾ, ਪਰ ਸਚਿਆਰਾਂ ਦਾ ਤੰਬੂ ਅਬਾਦ ਰਹੇਗਾ।
[12] ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਮਿਲਦੀ ਹੈ।
[13] ਹਾਸੇ ਵਿੱਚ ਵੀ ਦਿਲ ਉਦਾਸ ਰਹਿੰਦਾ ਹੈ, ਅਤੇ ਅਨੰਦ ਦੇ ਅੰਤ ਵਿੱਚ ਦੁੱਖ ਹੁੰਦਾ ਹੈ।
[14] ਜਿਸ ਦਾ ਮਨ ਪਰਮੇਸ਼ੁਰ ਵੱਲੋਂ ਮੁੜ ਜਾਂਦਾ ਹੈ, ਉਹ ਆਪਣੀ ਚਾਲ ਦਾ ਫਲ ਭੋਗਦਾ ਹੈ, ਪਰ ਭਲਾ ਮਨੁੱਖ ਆਪਣੇ ਆਪ ਵਿੱਚ ਤ੍ਰਿਪਤ ਰਹਿੰਦਾ ਹੈ।
[15] ਭੋਲਾ ਹਰੇਕ ਗੱਲ ਨੂੰ ਸੱਚ ਮੰਨਦਾ ਹੈ, ਪਰ ਸਿਆਣਾ ਸੋਚ ਸਮਝ ਕੇ ਚੱਲਦਾ ਹੈ।
[16] ਬੁੱਧਵਾਨ ਸੁਚੇਤ ਹੋ ਕੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ।
[17] ਜਿਹੜਾ ਛੇਤੀ ਗੁੱਸੇ ਹੋ ਜਾਂਦਾ ਹੈ ਉਹ ਮੂਰਖਤਾਈ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ।
[18] ਭੋਲਿਆਂ ਲੋਕਾਂ ਦੇ ਹਿੱਸੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ।
[19] ਬੁਰੇ ਲੋਕ ਭਲਿਆਂ ਦੇ ਅੱਗੇ ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ ਝੁਕਦੇ ਹਨ।
[20] ਕੰਗਾਲ ਦਾ ਗੁਆਂਢੀ ਵੀ ਉਸ ਤੋਂ ਘਿਰਣਾ ਕਰਦਾ ਹੈ, ਪਰ ਧਨਵਾਨ ਦੇ ਬਹੁਤ ਸਾਰੇ ਪ੍ਰੇਮੀ ਹੁੰਦੇ ਹਨ।
[21] ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਕੰਗਾਲਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ।
[22] ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਉਹ ਭੁੱਲ ਨਹੀਂ ਕਰਦੇ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਅਤੇ ਸਚਿਆਈ ਹੁੰਦੀ ਹੈ।
[23] ਮਿਹਨਤ ਨਾਲ ਸਦਾ ਲਾਭ ਹੁੰਦਾ ਹੈ, ਪਰ ਬੁੱਲ੍ਹਾਂ ਦੀ ਬਕਵਾਸ ਨਾਲ ਥੁੜ ਹੀ ਰਹਿੰਦੀ ਹੈ।
[24] ਬੁੱਧਵਾਨਾਂ ਦਾ ਧਨ ਉਨ੍ਹਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾ ਹੀ ਹੈ।
[25] ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਬਚਾ ਲੈਂਦਾ ਹੈ, ਪਰ ਧੋਖੇਬਾਜ਼ ਗਵਾਹ ਝੂਠ ਹੀ ਝੂਠ ਮਾਰਦਾ ਹੈ।
[26] ਯਹੋਵਾਹ ਦੇ ਭੈਅ ਮੰਨਣ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤਰਾਂ ਲਈ ਵੀ ਪਨਾਹ ਦਾ ਸਥਾਨ ਹੈ।
[27] ਯਹੋਵਾਹ ਦਾ ਭੈਅ ਜੀਵਨ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ।
[28] ਪਰਜਾ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਪਰਜਾ ਦੇ ਘੱਟਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ।
[29] ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਜਿਹੜਾ ਛੇਤੀ ਕ੍ਰੋਧ ਕਰਦਾ ਹੈ ਉਹ ਮੂਰਖਤਾਈ ਨੂੰ ਉੱਚਾ ਕਰਦਾ ਹੈ।
[30] ਸ਼ਾਂਤ ਮਨ ਸਰੀਰ ਦਾ ਜੀਵਨ ਹੈ, ਪਰ ਈਰਖਾ ਹੱਡੀਆਂ ਨੂੰ ਸਾੜ ਦਿੰਦੀ ਹੈ।
[31] ਜਿਹੜਾ ਗਰੀਬ ਉੱਤੇ ਹਨੇਰ ਕਰਦਾ ਹੈ, ਉਹ ਆਪਣੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ।
[32] ਦੁਸ਼ਟ ਤਾਂ ਬੁਰਿਆਈ ਕਰਦਾ-ਕਰਦਾ ਨਾਸ ਹੋ ਜਾਂਦਾ ਹੈ, ਪਰ ਧਰਮੀ ਆਪਣੀ ਮੌਤ ਵਿੱਚ ਵੀ ਪਰਮੇਸ਼ੁਰ ਦੀ ਪਨਾਹ ਪਾਉਂਦਾ ਹੈ।
[33] ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਹੈ, ਪਰ ਮੂਰਖ ਦੇ ਅੰਦਰ ਜੋ ਕੁਝ ਹੈ ਉਹ ਪ੍ਰਗਟ ਹੋ ਜਾਂਦਾ ਹੈ।
[34] ਧਾਰਮਿਕਤਾ ਕੌਮ ਦੀ ਤਰੱਕੀ ਕਰਦੀ ਹੈ, ਪਰ ਪਾਪ ਉੱਮਤਾਂ ਲਈ ਨਿਰਾਦਰ ਦਾ ਕਾਰਨ ਹੁੰਦਾ ਹੈ।
[35] ਬੁੱਧਵਾਨ ਨੌਕਰ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਕ੍ਰੋਧਵਾਨ ਹੁੰਦਾ ਹੈ।