Skip to content
Opens in a new window
Listen to this chapter • 3:14

[1] ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।

[2] ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਜਾਪਦੀ ਹੈ, ਪਰ ਯਹੋਵਾਹ ਮਨ ਨੂੰ ਜਾਚਦਾ ਹੈ।

[3] ਬਲੀਦਾਨ ਨਾਲੋਂ ਧਰਮ ਅਤੇ ਨਿਆਂ ਕਰਨਾ ਯਹੋਵਾਹ ਨੂੰ ਚੰਗਾ ਲੱਗਦਾ ਹੈ।

[4] ਘਮੰਡੀ ਅੱਖਾਂ ਹੰਕਾਰੀ ਮਨ ਅਤੇ ਦੁਸ਼ਟਾਂ ਦਾ ਦੀਵਾ, ਪਾਪ ਹਨ।

[5] ਮਿਹਨਤੀ ਦੀਆਂ ਯੋਜਨਾਵਾਂ ਕੇਵਲ ਲਾਭ ਦੀਆਂ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ।

[6] ਝੂਠ ਦੁਆਰਾ ਪ੍ਰਾਪਤ ਕੀਤਾ ਧਨ ਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹ ਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ।

[7] ਦੁਸ਼ਟਾਂ ਦੀ ਹਿੰਸਾ ਉਹਨਾਂ ਨੂੰ ਹੂੰਝ ਲੈ ਜਾਵੇਗੀ, ਕਿਉਂ ਜੋ ਉਹ ਨਿਆਂ ਕਰਨ ਤੋਂ ਮੁੱਕਰਦੇ ਹਨ।

[8] ਦੋਸ਼ੀ ਮਨੁੱਖ ਦਾ ਰਾਹ ਟੇਢਾ ਹੈ, ਪਰ ਸਚਿਆਰ ਦਾ ਕੰਮ ਸਿੱਧਾ ਹੁੰਦਾ ਹੈ।

[9] ਝਗੜਾਲੂ ਪਤਨੀ ਨਾਲ ਖੁੱਲ੍ਹੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੈ।

[10] ਦੁਸ਼ਟ ਦਾ ਮਨ ਬੁਰਿਆਈ ਨੂੰ ਚਾਹੁੰਦਾ ਹੈ, ਉਹ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ।

[11] ਜਦੋਂ ਠੱਠਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ ਅਤੇ ਜਦ ਬੁੱਧਵਾਨ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਤਾਂ ਉਹ ਨੂੰ ਗਿਆਨ ਪ੍ਰਾਪਤ ਹੁੰਦਾ ਹੈ

[12] ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ।

[13] ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।

[14] ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ।

[15] ਨਿਆਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ ਹੈ।

[16] ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ, ਉਹ ਦਾ ਟਿਕਾਣਾ ਭੂਤਨਿਆਂ ਵਿੱਚ ਹੋਵੇਗਾ।

[17] ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ, ਜਿਹੜਾ ਮੈਅ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ।

[18] ਦੁਸ਼ਟ ਧਰਮੀ ਦੀ ਰਿਹਾਈ ਦੇ ਲਈ ਹੁੰਦਾ ਹੈ, ਅਤੇ ਧੋਖੇਬਾਜ਼ ਸਿੱਧੇ ਲੋਕਾਂ ਦੇ ਥਾਂ ਸਜ਼ਾ ਪਾਉਂਦੇ ਹਨ।

[19] ਝਗੜਾਲੂ ਅਤੇ ਚਿੜਨ ਪਤਨੀ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।

[20] ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ।

[21] ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।

[22] ਬੁੱਧਵਾਨ ਮਨੁੱਖ ਬਲਵਾਨਾਂ ਦੇ ਨਗਰ ਉੱਤੇ ਚੜਾਈ ਕਰਦਾ ਹੈ, ਅਤੇ ਉਹ ਦੇ ਭਰੋਸੇ ਦੇ ਬਲ ਨੂੰ ਨਸ਼ਟ ਕਰ ਦਿੰਦਾ ਹੈ।

[23] ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ।

[24] ਜੋ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ, ਉਸ ਦਾ ਨਾਮ ਹੰਕਾਰੀ, ਅਭਮਾਨੀ ਅਤੇ ਠੱਠਾ ਕਰਨ ਵਾਲਾ ਰੱਖਿਆ ਜਾਂਦਾ ਹੈ।

[25] ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ।

[26] ਕੋਈ ਹੈ ਜੋ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁੱਕਦਾ ਨਹੀਂ।

[27] ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ, ਕਿੰਨ੍ਹਾਂ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ।

[28] ਝੂਠੇ ਗਵਾਹ ਦਾ ਨਾਸ ਹੁੰਦਾ ਹੈ, ਜਿਸ ਨੇ ਜੋ ਸੁਣਿਆ ਓਹੀ ਕਹਿਣ ਨਾਲ ਸਥਿਰ ਰਹੇਗਾ।

[29] ਦੁਸ਼ਟ ਮਨੁੱਖ ਆਪਣਾ ਮੁੱਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਚਾਲ-ਚੱਲਣ ਬਾਰੇ ਸੋਚ ਵਿਚਾਰ ਕਰਦਾ ਹੈ।

[30] ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ।

[31] ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।

ਕਹਾਉਤਾਂ — Chapters