Skip to content
Opens in a new window
Listen to this chapter • 3:06

[1] ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ।

[2] ਸਿਆਣਾ ਸੇਵਕ ਸ਼ਰਮਿੰਦਾ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ।

[3] ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।

[4] ਕੁਕਰਮੀ ਵਿਅਰਥ ਦੀਆਂ ਗੱਲਾਂ ਨੂੰ ਧਿਆਨ ਦੇ ਕੇ ਸੁਣਦਾ ਹੈ, ਅਤੇ ਝੂਠਾ ਦੁਸ਼ਟ ਜ਼ਬਾਨ ਵੱਲ ਕੰਨ ਲਾਉਂਦਾ ਹੈ।

[5] ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਉਸ ਦੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਅਤੇ ਜਿਹੜਾ ਕਿਸੇ ਦੀ ਬਿਪਤਾ ਉੱਤੇ ਹੱਸਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ।

[6] ਪੋਤੇ ਬਜ਼ੁਰਗਾਂ ਦੇ ਮੁਕਟ ਹਨ, ਅਤੇ ਪੁੱਤਰਾਂ ਦੀ ਸੋਭਾ ਉਹਨਾਂ ਦੇ ਮਾਪੇ ਹਨ।

[7] ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇ?

[8] ਰਿਸ਼ਵਤ ਉਹ ਦੇ ਦੇਣ ਵਾਲੇ ਦੀ ਨਿਗਾਹ ਵਿੱਚ ਬਹੁਮੁੱਲਾ ਰਤਨ ਹੈ, ਜਿੱਧਰ ਨੂੰ ਉਹ ਜਾਂਦਾ ਹੈ, ਉਹ ਸਫ਼ਲ ਹੁੰਦਾ ਹੈ।

[9] ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰ-ਬਾਰ ਛੇੜਦਾ ਹੈ ਉਹ ਪੱਕੇ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ।

[10] ਸਮਝ ਵਾਲੇ ਉੱਤੇ ਇੱਕ ਝਿੜਕ, ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ।

[11] ਭੈੜਾ ਮਨੁੱਖ ਕੇਵਲ ਝਗੜਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਸੰਦੇਸ਼ਵਾਹਕ ਉਹ ਦੇ ਵਿਰੁੱਧ ਭੇਜਿਆ ਜਾਵੇਗਾ।

[12] ਮੂਰਖਤਾ ਦੇ ਵਿੱਚ ਡੁੱਬੇ ਹੋਏ ਮਨੁੱਖ ਨੂੰ ਮਿਲਣ ਨਾਲੋਂ, ਰਿੱਛਣੀ ਜਿਹ ਦੇ ਬੱਚੇ ਖੋਹ ਲਏ ਗਏ ਹੋਣ, ਨੂੰ ਮਿਲਣਾ ਭਲਾ ਹੈ।

[13] ਜਿਹੜਾ ਭਲਿਆਈ ਦੇ ਬਦਲੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੇ ਨਾ ਹੱਟੇਗੀ।

[14] ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇ।

[15] ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਉਹਨਾਂ ਦੋਹਾਂ ਤੋਂ ਘਿਣ ਕਰਦਾ ਹੈ।

[16] ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਹੋਣ ਦਾ ਕੀ ਲਾਭ, ਜਦ ਉਹ ਚਾਹੁੰਦਾ ਹੀ ਨਹੀਂ?

[17] ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।

[18] ਬੇਸਮਝ ਆਦਮੀ ਹੱਥ ਮਿਲਾਉਂਦਾ ਹੈ ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਮਾਨਤੀ ਬਣ ਜਾਂਦਾ ਹੈ।

[19] ਜੋ ਝਗੜੇ ਨਾਲ ਪ੍ਰੇਮ ਕਰਦਾ ਹੈ ਉਹ ਅਪਰਾਧ ਦੇ ਨਾਲ ਵੀ ਪ੍ਰੇਮ ਕਰਦਾ ਹੈ, ਜਿਹੜਾ ਹੰਕਾਰ ਨਾਲ ਬੋਲਦਾ ਹੈ ਉਹ ਆਪਣਾ ਨਾਸ ਭਾਲਦਾ ਹੈ।

[20] ਟੇਢੇ ਮਨ ਵਾਲਾ ਭਲਿਆਈ ਨਾ ਪਾਵੇਗਾ, ਅਤੇ ਪੁੱਠੀਆਂ ਗੱਲਾਂ ਕਰਨ ਵਾਲਾ ਬਿਪਤਾ ਵਿੱਚ ਪਵੇਗਾ।

[21] ਮੂਰਖ ਨੂੰ ਜਨਮ ਦੇਣ ਵਾਲਾ ਦੁੱਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਤਾ ਨੂੰ ਕੁਝ ਅਨੰਦ ਨਹੀਂ ਮਿਲਦਾ।

[22] ਖੁਸ਼ ਦਿਲੀ ਚੰਗੀ ਦਵਾ ਹੈ, ਪਰ ਉਦਾਸ ਮਨ ਹੱਡੀਆਂ ਨੂੰ ਸੁਕਾਉਂਦਾ ਹੈ।

[23] ਦੁਸ਼ਟ ਬੁੱਕਲ ਵਿੱਚੋਂ ਰਿਸ਼ਵਤ ਲੈਂਦਾ ਹੈ, ਤਾਂ ਜੋ ਉਹ ਨਿਆਂ ਦੇ ਮਾਰਗਾਂ ਨੂੰ ਵਿਗਾੜ ਦੇਵੇ।

[24] ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਬੰਨਿਆ ਵੱਲ ਲੱਗੀਆਂ ਰਹਿੰਦੀਆਂ ਹਨ।

[25] ਮੂਰਖ ਪੁੱਤਰ ਆਪਣੇ ਪਿਉ ਲਈ ਦੁੱਖ, ਅਤੇ ਆਪਣੀ ਮਾਂ ਲਈ ਕੁੜੱਤਣ ਹੈ।

[26] ਧਰਮੀ ਨੂੰ ਸਜ਼ਾ ਦੇਣਾ ਚੰਗਾ ਨਹੀਂ, ਨਾ ਪ੍ਰਧਾਨਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ।

[27] ਜਿਹੜਾ ਘੱਟ ਬੋਲਦਾ ਹੈ ਉਹ ਗਿਆਨੀ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ।

[28] ਮੂਰਖ ਵੀ ਜਿੰਨਾਂ ਚਿਰ ਚੁੱਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਮੂੰਹ ਬੰਦ ਰੱਖੇ ਤਾਂ ਸਿਆਣਾ ਸਮਝਿਆ ਜਾਂਦਾ ਹੈ।

ਕਹਾਉਤਾਂ — Chapters